ਵਪਾਰ ਮੰਡਲ ਵੱਲੋਂ ਚਲਾਈ ਜਾਏਗੀ ਵਪਾਰੀ ਜੋੜੋ ਮੁਹਿੰਮ: ਗਰਗ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਨਵੰਬਰ
ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੀ ਯੁਵਾ ਇਕਾਈ ਦੀ ਬੈਠਕ ਯੁਵਾ ਵਪਾਰ ਮੰਡਲ ਦੇ ਸੂਬਾ ਇੰਚਾਰਜ ਰਾਹੁਲ ਗਰਗ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਬੈਠਕ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਰੇਵਾੜੀ ਦੇ ਬਾਜ਼ਾਰ ਵਿੱਚ ਦਿਨ ਦਿਹਾੜੇ ਇਕ ਸ਼ਰਾਫ਼ ਦੀ ਦੁਕਾਨ ’ਤੇ ਲੁੱਟ, ਯਮੁਨਾਨਗਰ ਵਿੱਚ ਪੁਲੀਸ ਅਧਿਕਾਰੀ ਦੀ ਮਾਤਾ ਦੇ ਕਤਲ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੈ। ਗਰਗ ਨੇ ਕਿਹਾ ਕਿ ਵਪਾਰ ਮੰਡਲ ਦੀ ਟੀਮ ਤੇ ਵਪਾਰ ਮੰਡਲ ਦੀ ਯੂਥ ਇਕਾਈ ਨੂੰ ਹੋਰ ਮਜ਼ਬੂਤ ਕਰਨ ਲਈ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਬਜਰੰਗ ਦਾਸ ਗਰਗ ਦੀ ਅਗਵਾਈ ਹੇਠ ਪੂਰੇ ਸੂਬੇ ਵਿੱਚ ਮੁਹਿੰਮ ਚਲਾਈ ਜਾਏਗੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਰਾਹੁਲ ਗਰਗ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰਿਆਣਾ ਦੇ ਨਾਲ ਨਾਲ ਦਿੱਲੀ, ਪੰਜਾਬ, ਹਿਮਾਚਲ ,ਰਾਜਸਥਾਨ, ਗੁਜਰਾਤ, ਉਤਰ ਪ੍ਰਦੇਸ਼, ਮਹਾਂਰਾਸ਼ਟਰ ਆਦਿ ਸੂਬਿਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਵਿਚ ਰਾਸ਼ਟਰੀ ਪੱਧਰ ’ਤੇ ਵਿਸਥਾਰ ਕੀਤਾ ਜਾ ਸਕੇ। ਇਸ ਮੌਕੇ ਵਪਾਰ ਮੰਡਲ ਸ਼ਾਹਬਾਦ ਦੇ ਯੂਥ ਵਿੰਗ ਦੇ ਪ੍ਰਧਾਨ ਉਮੇਸ਼ ਗਰਗ, ਸੂਬਾ ਸਕੱਤਰ ਕ੍ਰਿਸ਼ਨ ਕੁਮਾਰ, ਰਮੇਸ਼ ਗੋਇਲ, ਮੋਹਿਤ ਬਾਂਸਲ, ਮੁਕੇਸ਼ ਅਗਰਵਾਲ ਨੇ ਵਿਚਾਰ ਰੱਖੇ।