ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਜੇ ਜੋੜ ਸਪੀਕਰ ਲਾਈਏ

07:37 PM Jun 23, 2023 IST

ਜਗਜੀਤ ਸਿੰਘ ਲੋਹਟਬੱਦੀ

Advertisement

ਸੰਗੀਤ ਰੂਹਾਂ ਨੂੰ ਝੰਜੋੜਦਾ ਹੈ। ਕੰਬਣੀ ਛੇੜਦਾ ਹੈ। ਇਹ ਮਨੁੱਖ ਦੇ ਜਨਮ ਤੋਂ ਮਰਨ ਤੱਕ ਦਾ ਅਟੁੱਟ ਜੋੜ ਹੈ। ਨਵਜੰਮੇ ਬੱਚੇ ਦੇ ਰੋਣ ਦੀ ਪਹਿਲੀ ਹੂੰਗਰ ਨੂੰ ਹੀ ‘ਖ਼ੁਸ਼-ਆਮਦੀਦ’ ਕਿਹਾ ਜਾਂਦੈ, ਧੜਕਦੀ ਜ਼ਿੰਦਗੀ ਦੀ ਨਿਸ਼ਾਨੀ। ਸ਼ਾਇਦ ਹੀ ਕੋਈ ਖ਼ੁਸ਼ੀ ਜਾਂ ਗ਼ਮੀ ਦਾ ਪਲ ਹੋਵੇ, ਜਦੋਂ ਸੰਗੀਤ ਨੇ ਸਾਨੂੰ ਆਪਣੀ ਬੁੱਕਲ ਵਿੱਚ ਨਾ ਲਪੇਟਿਆ ਹੋਵੇ। ਇਸ ਦਾ ਵਿਸ਼ਾਲ ਘੇਰਾ ਸੁਖਦ ਪਲਾਂ ਮੌਕੇ ਅਸਮਾਨੀ ਗੁੱਡੀ ਚਾੜ੍ਹਦੈ ਤੇ ਗ਼ਮਗੀਨ ਛਿਣਾਂ ਵੇਲੇ ਮੱਲ੍ਹਮ ਲਗਾਉਂਦੈ। ਢਾਰਸ ਬੱਝਦੀ ਐ। ਜ਼ਿੰਦਾ-ਦਿਲੀ ਫਿਰ ਸੁਪਨਾ ਦਿਖਾਉਂਦੀ ਐ। ਕਲਪਨਾ ਕਰ ਕੇ ਦੇਖੀਏ ਕਿ ਧੁਨਾਂ ਤੋਂ ਬਿਨਾਂ ਨਿਤਾਪ੍ਰਤੀ ਕਿਵੇਂ ਦੀ ਹੋਵੇਗੀ। ਸੋਚ ਪਤਾਲਾਂ ਵਿੱਚ ਚੁੱਭੀ ਮਾਰਦੀ ਹੈ। ਖਿਆਲੀਂ ਖਲਾਅ ਨਜ਼ਰ ਆਵੇਗਾ। ਇੰਨੀ ਵੱਡੀ ਚੁੱਪ ਵਸਦੇ ਘਰਾਂ ਦਾ ਸ਼ਿੰਗਾਰ ਨਹੀਂ ਹੁੰਦੀ।

ਸੁਰ ਆਪੇ ਦਾ ਪ੍ਰਗਟਾਅ ਹੈ। ਆਦਿ ਕਾਲ ਵਿੱਚ ਮਾਨਵ, ਜੰਗਲੀ ਜੀਵਾਂ ਵਰਗੀ ਹੂਕ ਨਾਲ ਹੀ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਸੀ। ਸਮਾਜਿਕ ਪ੍ਰਾਣੀ ਹੋਣ ਨਾਲ ਉਸ ਦੀ ਆਵਾਜ਼ ਵਿੱਚ ਨਿਖਾਰ ਆਉਂਦਾ ਗਿਆ ਤੇ ਉਸ ਦਾ ਗੁਣਗੁਣਾਉਣਾ ਇਨਸਾਨ ਅਤੇ ਹੈਵਾਨ ਵਿਚਲੀ ਸੂਖਮ ਲਕੀਰ ਦਾ ਪਾੜਾ ਵਧਾਉਣ ਲੱਗਿਆ। ਮੁੱਢਲੀਆਂ ਲੋੜਾਂ ਦੀ ਪੂਰਤੀ ਹੋਣਾ ਖ਼ੁਸ਼ੀ ਦਾ ਸਬੱਬ ਬਣਦਾ ਹੈ। ਨੱਚ, ਟੱਪ, ਗਾ ਕੇ ਉਸ ਦੇ ਵਲਵਲੇ ਰੰਗੀਨ ਜ਼ਿੰਦਗੀ ਦਾ ਸੁਨੇਹਾ ਦਿੰਦੇ ਹਨ। ਸਮਾਂ ਅੱਗੇ ਵਧਿਆ ਤਾਂ ਸੱਭਿਅਕ ਸਮਾਜ ਵਿੱਚ ਸਾਂਝ ਦਾ ਖਿਆਲ ਅੰਗੜਾਈ ਲੈਣ ਲੱਗਾ। ਕਬੀਲਿਆਂ ਵਿੱਚ ਰਾਤਾਂ ਨੂੰ ਅੱਗ ਬਾਲ ਕੇ ਉਸ ਦੇ ਦੁਆਲੇ ਝੁਰਮਟ ਵਿੱਚ ਬੈਠਿਆਂ ਢੋਲ ਢਮੱਕੇ ਨਾਲ ਅੰਦਰਲੇ ਹਾਵ ਭਾਵਾਂ ਦੀ ਪੇਸ਼ਕਾਰੀ ਸੰਗੀਤ ਦਾ ਹੀ ਆਗਾਜ਼ ਸੀ। ਧੁਰ ਅੰਦਰੋਂ ਉੱਠਦੀ ਹੂਕ। ਹੌਲੀ ਹੌਲੀ ਮੇਲਿਆਂ ਮੁਸਾਹਬਿਆਂ ਵਿੱਚ ਗਮੰਤਰੀਆਂ ਦੀ ਧਾਂਕ ਜੰਮਣ ਲੱਗੀ। ਚੰਨ ਚਾਨਣੀਆਂ ਰਾਤਾਂ ਨੂੰ ਸੱਭਿਆਚਾਰ ਦੇ ਕਈ ਰੰਗ ਵਰਤਦੇ। ਮਨੁੱਖ ਨੂੰ ਅਹਿਸਾਸ ਹੋਇਆ ਕਿ ਗੀਤ ਸੰਗੀਤ ਰੂਹ ਦੀ ਖ਼ੁਰਾਕ ਐ…ਇਸ ਤੋਂ ਵਿਹੂਣਾ ਜੀਵਨ ਫਿੱਕਾ। ਇਸੇ ਸੰਵੇਦਨਾ ਨੇ ਉਸ ਦੀ ਜ਼ਿੰਦਗੀ ਵਿੱਚ ਖਲਬਲੀ ਜਿਹੀ ਮਚਾ ਦਿੱਤੀ ਤੇ ਸੰਗੀਤਕ ਧੁਨਾਂ ਦੀ ਮ੍ਰਿਗ ਤ੍ਰਿਸ਼ਨਾ ਨੇ ਅਗਲੇਰੀਆਂ ਵਾਟਾਂ ਦਾ ਮੁੱਢ ਬੰਨ੍ਹ ਦਿੱਤਾ।

Advertisement

ਥੋੜ੍ਹੀ ਜਿਹੀ ਪਿਛਲ ਝਾਤੀ ਮਾਰੀਏ ਤਾਂ ਮਨ ਵਿੱਚ ਝਰਨਾਹਟ ਛਿੜਦੀ ਹੈ। ਗ੍ਰਾਮੋਫੋਨ ਜਾਦੂਈ ਕ੍ਰਿਸ਼ਮਾ ਸੀ। ਸਮਝ ਤੋਂ ਪਰ੍ਹੇ। ਇੱਕ ਛੋਟੇ ਜਿਹੇ ਚੌਖਟੇ ਵਿੱਚੋਂ ਮਨੁੱਖੀ ਆਵਾਜ਼ਾਂ ਦਾ ਆਗਮਨ। ਸੱਚਮੁੱਚ ਅਚੰਭਾ, ਬੇ-ਯਕੀਨੀ, ਪਰ ਹਕੀਕਤ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦੈ। ਮੂੰਹੋਂ-ਮੂੰਹ ਗੱਲਾਂ। ਤਰ੍ਹਾਂ ਤਰ੍ਹਾਂ ਦੇ ਵਿਸ਼ਲੇਸ਼ਣ:

ਛੜਾ ਦਿੱਲੀਉਂ ਮਸ਼ੀਨ ਲਿਆਇਆ, ਚੰਦ ਕੁਰ ਵਿੱਚ ਬੋਲਦੀ

‘ਹਿਜ਼ ਮਾਸਟਰ’ਜ਼ ਵੌਇਸ'(ਐੱਚਐੱਮਵੀ) ਦੇ ਕੁੱਤੇ ਵਾਲੇ ਕਾਲੇ ਤਵੇ ਨੇ ਗਾਣਿਆਂ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਣ ਲਾ ਦਿੱਤਾ। ਸੋਹਣਾ ਸਪੀਕਰ ਵਾਲਾ ਕਿਸੇ ਨਾਇਕ ਤੋਂ ਘੱਟ ਨਹੀਂ ਸੀ। ਮਸ਼ੀਨ ਨੂੰ ਚਾਬੀ ਦੇ ਕੇ ਚਲਾਉਂਦਾ। ਆਲੇ ਦੁਆਲੇ ਜਵਾਕਾਂ ਦੀ ਭੀੜ ਜੁੜਦੀ। ਜਿਉਂ ਹੀ ਦੋ ਤਿੰਨ ਗੀਤਾਂ ਬਾਅਦ ਤਵੇ ਦੀ ਹਿੱਕ ‘ਤੇ ਚਲਦੀ ਸੂਈ ਖੁੰਢੀ ਹੋ ਜਾਂਦੀ ਤੇ ਘੈੜ ਘੈੜ ਦੀ ਆਵਾਜ਼ ਆਉਣ ਲੱਗਦੀ, ਮੁੰਡੀਰ ਦੇ ਮੂੰਹ ‘ਤੇ ਲਾਲੀ ਆ ਜਾਂਦੀ। ਸੁੱਟੀ ਹੋਈ ਪੁਰਾਣੀ ਸੂਈ ਨੂੰ ਚੁੱਕ ਕੇ ਜਿਵੇਂ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ।

ਕੱਚੇ ਕੋਠਿਆਂ ‘ਤੇ ਵਾਣ ਦੇ ਮੰਜੇ ਜੋੜ ਕੇ ਉੱਪਰ ਲੱਗਿਆ ਧੂਤੂ ਪਿੰਡ ਵਿੱਚ ਖ਼ੁਸ਼ੀ ਦੇ ਆਗਮਨ ਦਾ ਪ੍ਰਤੀਕ ਬਣਦਾ। ਕਿਸੇ ਮੁੱਛ ਫੁੱਟ ਗੱਭਰੂ ਦਾ ਵਿਆਹ ਜਾਂ ਲੋਹੜੀ ਦਾ ਸ਼ਗਨ ਨਵੇਂ ਮਹਿਮਾਨ ਨੂੰ ‘ਜੀ ਆਇਆਂ’ ਆਖਣ ਲਈ ਪੱਬਾਂ ਭਾਰ ਹੁੰਦੇ। ਯਮਲੇ ਜੱਟ ਦੀ ਹੇਕ ਅਤੇ ਲੋਗੜੀ ਦੇ ਫੁੱਲਾਂ ਨਾਲ ਸ਼ਿੰਗਾਰੇ ਤੂੰਬੇ ਦੀ ਟੁਣਕਾਰ ਜਦੋਂ ਆਗਾਜ਼ ਵਿੱਚ “ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਰੀਝਾਂ ਲਾ ਲਾ ਵੇਂਹਦੀ ਦੁਨੀਆ ਸਾਰੀ ਐ” ਦਾ ਰਾਗ ਅਲਾਪਦੀ ਤਾਂ ਪੌਣਾਂ ਵਿੱਚ ਸੁਗੰਧੀ ਜਿਹੀ ਘੁਲ ਜਾਂਦੀ। ਖ਼ੁਸ਼ੀ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਜਾਂਦੀ। ਐੱਲ ਪੀ ਰਿਕਾਰਡ ‘ਤੇ ਝਰੀਟੇ ਅਤੇ ਸੁਰਿੰਦਰ ਛਿੰਦੇ ਦੇ ਗਾਏ ‘ਜਿਓਣਾ ਮੌੜ’ ਨੇ ਪੰਜਾਬੀਆਂ ਦੇ ਅਣਖੀਲੇ ਸੁਭਾਅ ਨੂੰ ਹਰ ਘਰ ਦੀਆਂ ਸਵਾਤਾਂ ਦਾ ਸ਼ਿੰਗਾਰ ਬਣਾ ਧਰਿਆ। ਉੱਧਰ ਮਾਣਕ ਦੀ ਗਾਈ ਹੀਰ ਦੀ ਕਲੀ ਵਾਕਿਆ ਈ ਦੂਰੋਂ ਨਾਥ ਦੇ ਟਿੱਲੇ ਤੋਂ ‘ਸਲੇਟੀ’ ਦੀ ਸੂਰਤ ਦੇ ਪ੍ਰਤੱਖ ਦੀਦਾਰ ਕਰਾ ਦਿੰਦੀ ਸੀ। ਕਿੱਸੇ ਸਰਵਣ ਭਗਤ, ਇੰਦਰ ਬੇਗੋ, ਮਿਰਜ਼ਾ ਸਾਹਿਬਾਂ ਵਿਰਸੇ ਦੀ ਗਵਾਹੀ ਭਰਦੇ ਲੱਗਦੇ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਡਿਊਟ ਸੁਣ ਕੇ ਗੱਭਰੂ, ਮੁਟਿਆਰਾਂ ਆਪਣੇ ਆਪ ਨੂੰ ਹੀਰਾਂ ਰਾਂਝਿਆਂ ਨਾਲ ਤਸ਼ਬੀਹਾਂ ਦਿੰਦੇ। ਨਰਿੰਦਰ ਬੀਬਾ ਦੀ ਲੰਮੀ ਹੇਕ ਸਾਹਮਣੇ ਲੋਕ ਸਾਹ ਲੈਣਾ ਭੁੱਲ ਜਾਂਦੇ। ਜਿੱਥੇ ਜਗਮੋਹਨ ਕੌਰ ‘ਪੂਦਨੇ’ ਨਾਲ ਕਰਾਰ ਭਰ ਦਿੰਦੀ ਸੀ, ਉੱਥੇ ਚਾਂਦੀ ਰਾਮ, ਸਵਰਨ ਲਤਾ, ਹਰਚਰਨ ਗਰੇਵਾਲ ਅਤੇ ਸੀਮਾ ਦੀ ਪੇਸ਼ਕਾਰੀ ਪੇਂਡੂ ਪੰਜਾਬ ਦਾ ਮੂੰਹੋਂ ਬੋਲਦਾ ਪ੍ਰਤੀਬਿੰਬ ਸਾਹਮਣੇ ਲਿਆ ਖਲਾਰਦੀ। ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਵਿਰਸੇ ਦੇ ਦੂਤ ਵਜੋਂ ਵਿਚਰੇ। ਗੱਲ ਕੀ, ‘ਗੜਵਾ ਚਾਂਦੀ ਦਾ’ ਅਤੇ ‘ਮੈਂ ਵੀ ਜੱਟ ਲੁਧਿਆਣੇ ਦਾ’ ਹਰ ਨਿਆਣੇ ਸਿਆਣੇ ਦੀ ‘ਕਾਲਰ ਟੋਨ’ ਬਣ ਚੁੱਕੀ ਸੀ।

ਕਹਿੰਦੇ ਨੇ ਸੰਗੀਤ ਹੱਦਾਂ ਦਾ ਮੁਹਤਾਜ ਨਹੀਂ ਹੁੰਦਾ। ਜ਼ਮੀਨੀ ਵਲਗਣਾਂ ਇਸ ਨੂੰ ਕੈਦ ਨਹੀਂ ਕਰ ਸਕੀਆਂ। ਭਾਸ਼ਾ ਕੋਈ ਵੀ ਹੋਵੇ, ਧੁਨਾਂ ਵਿੱਚ ਵੰਨਗੀਆਂ ਹੋਣ ਤਾਂ ਪੈਰ ਥਿਰਕਣ ਲੱਗ ਹੀ ਜਾਂਦੇ ਨੇ। ਪੱਛਮੀ ਸੱਭਿਆਚਾਰ ਵਿੱਚ ਮਾਈਕਲ ਜੈਕਸਨ, ਸ਼ਕੀਰਾ, ਬੀਟਲਜ, ਰੇਹਾਨਾ ਅਤੇ ਐਮੀਨਾਮ ਵਿਸ਼ਵ ਭਰ ਵਿੱਚ ਨਵੇਲੀਆਂ ਤੇ ਵਿਲੱਖਣ ਪੈੜਾਂ ਦੇ ਗਵਾਹ ਹਨ। ਸਾਡੇ ਆਪਣੇ ਮੁਹੰਮਦ ਰਫ਼ੀ, ਲਤਾ, ਕਿਸ਼ੋਰ ਦਾ, ਆਸ਼ਾ ਭੌਂਸਲੇ ਅਤੇ ਮਹਿੰਦਰ ਕਪੂਰ ਇਸੇ ਸੰਗੀਤ ਦੀ ਮਾਲਾ ਦੇ ਸੁੱਚੇ ਮੋਤੀ ਹੀ ਤਾਂ ਹਨ, ਜਿਨ੍ਹਾਂ ਨੇ ਦੁਨੀਆ ਨੂੰ ਇੱਕ ਪਰਿਵਾਰ ਵਿੱਚ ਪਿਰੋਅ ਦਿੱਤਾ। ਵਾਹਗਿਉਂ ਪਾਰਲਾ ਤਾਂ ਹੈ ਈ ਸਾਡਾ ਆਪਣਾ। ਜਿੰਨੀ ਸ਼ਿੱਦਤ ਨਾਲ ਮਾਣਕ ਦੀ ਤੂੰਬੀ ਲਹਿੰਦੇ ਪੰਜਾਬ ਵਿੱਚ ਰੂਹਾਂ ਨੂੰ ਵਿੰਨ੍ਹਦੀ ਆ, ਓਨੇ ਹੀ ਵੇਗ ਨਾਲ ਇੱਧਰਲੇ ਪੰਜਾਬ ਵਿੱਚ ਆਲਮ ਲੁਹਾਰ ਦਾ ਚਿਮਟਾ ਦਿਲਾਂ ਨੂੰ ਧੂਹ ਪਾਉਂਦੈ। ਗੁਲਾਮ ਅਲੀ, ਮਹਿਦੀ ਹਸਨ, ਨੁਸਰਤ ਸਾਹਿਬ, ਸ਼ੌਕਤ ਅਲੀ, ਰੇਸ਼ਮਾ ਅਤੇ ਨੂਰਜਹਾਂ ਸਾਡੀ ਆਪਣੀ ਤਹਿਜ਼ੀਬ ਦੇ ਹੀ ਤਾਂ ਨਾਇਕ ਹਨ। ਮਲਿਕਾ ਪੁਖਰਾਜ਼ ਦਾ ‘ਅਭੀ ਤੋ ਮੈਂ ਜਵਾਂ ਹੂੰ’ ਸੁਣ ਕੇ ਕੋਈ ਦਿਲ ਅਣਭਿੱਜਿਆ ਰਹਿ ਸਕਦਾ ਹੈ?

ਸੰਗੀਤ ਨੂੰ ਪਵਿੱਤਰ ਲੈਅ ਦਾ ਦਰਜਾ ਪ੍ਰਾਪਤ ਹੈ। ਇਸ ਵਿੱਚ ਥੋੜ੍ਹਾ ਜਿਹਾ ਵੀ ਗੰਧਲਾਪਣ ਡੂੰਘੀ ਚੀਸ ਦਿੰਦੈ। ਲੱਚਰਤਾ ਅਤੇ ਵੈਲੀਪੁਣਾ ਵੱਡੀ ਸੱਟ ਮਾਰਦੇ ਨੇ। ਜ਼ਮਾਨਾ ‘ਤਵੇ’ ਤੋਂ ‘ਚਿੱਪ’ ‘ਤੇ ਪਹੁੰਚ ਗਿਐ। ‘ਪੌਪ’ ਦੇ ਨਾਂ ‘ਤੇ ‘ਪਾਪ’ ਪਰੋਸਿਆ ਜਾ ਰਿਹੈ। ‘ਰੈਪ’ ਦਾ ਸਮਝ ਤੇ ਸੂਝ ਨਾਲ ਕੋਈ ਰਿਸ਼ਤਾ ਨਹੀਂ। ਲੱਗਦੈ ਅਸੀਂ ਆਪਣੀਆਂ ਜੜ੍ਹਾਂ ‘ਤੇ ਹਥਿਆਰ ਚਲਾ ਰਹੇ ਹਾਂ। ਗਲੇ ਦੀਆਂ ਸਰੋਦੀ ਧੁਨਾਂ ਦੀ ਥਾਂ ਚੀਕਾਂ ਮਾਰਦੇ ਯੰਤਰ ਲੈ ਰਹੇ ਨੇ। ਦਿਲੋਂ ਨਿੱਕਲੀ ‘ਵਾਹ ਵਾਹ’ ਨੂੰ ‘ਵਿਊਜ਼’ ਨਾਲ ਨਾਪਿਆ ਜਾ ਰਿਹੈ। ਸਦਾ-ਬਹਾਰ ਰਮਜ਼ਾਂ ਦੀ ਜਗ੍ਹਾ ਮਾਅਰਕਿਆਂ ਦੀ ਜਾਅਲਸਾਜ਼ੀ ਹੈ। ਸੱਚਮੁੱਚ ਸੰਗੀਤਕ ਮੰਜ਼ਿਲ ਹਰ ਕਿਸੇ ਦੇ ਵੱਸ ਵਿੱਚ ਨਹੀਂ।

ਸੰਤਾਲੀ ਦੀ ਵੰਡ ਨੇ ਪੰਜਾਬੀਆਂ ਨੂੰ ਡੂੰਘੇ ਸੱਲ ਦਿੱਤੇ ਨੇ, ਪਰ ਅਜੇ ਵੀ ਕੋਈ ਆਸ ਦੀ ਚਿਣਗ ਜਗਦੀ ਰਹਿੰਦੀ ਆ। ‘ਕਰੀਂ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ।’ ਥੋੜ੍ਹਾ ਸਮਾਂ ਪਹਿਲਾਂ ਜਾਗਦੀ ਜ਼ਮੀਰ ਵਾਲੇ ਕੁਝ ਜਗਿਆਸੂਆਂ ਨੇ ਚਿਤਵਿਆ ਸੀ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੰਗੀਤਕ ਅਦਾਨ ਪ੍ਰਦਾਨ ਬਿਨਾਂ ਕਿਸੇ ਰੋਕ ਟੋਕ ਦੇ ਹੋਵੇ। ਜਿੱਥੇ ਉੱਧਰਲੇ ਪਾਸੇ ਅਖਾੜਿਆਂ ਵਿੱਚ ਮਾਣਕ ਦੀ ਤੂੰਬੀ ਖੜਕੇ ਤੇ ਇੱਧਰ ਸਾਡੀਆਂ ਮਹਿਫ਼ਲਾਂ ਵਿੱਚ ਆਲਮ ਲੁਹਾਰ ਦਾ ਚਿਮਟਾ। ਆਓ ਜੋਦੜੀ ਕਰੀਏ! ਦੋਹਾਂ ਪਾਸੇ ਸੁਮੱਤ ਦੀ ਬਖ਼ਸ਼ਿਸ਼ ਹੋਵੇ। ਦਿਲਾਂ ਅਤੇ ਦਿਮਾਗ਼ਾਂ ਦੀ ਸਾਂਝ ਦੇ ਗਵਾਹ ਬਣੀਏ।
ਸੰਪਰਕ: 89684-33500

Advertisement