ਏਡੀਬੀ ਵੱਲੋਂ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7 ਫੀਸਦ ਬਰਕਰਾਰ
ਨਵੀਂ ਦਿੱਲੀ, 25 ਸਤੰਬਰ
ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਮੌਜੂਦਾ ਵਿੱਤੀ ਵਰ੍ਹੇ 2024-25 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ 7 ਫੀਸਦ ’ਤੇ ਬਰਕਰਾਰ ਰੱਖਿਆ ਹੈ। ਏਡੀਬੀ ਨੇ ਅੱਜ ਕਿਹਾ ਕਿ ਬਿਹਤਰ ਖੇਤੀ ਉਤਪਾਦਨ ਅਤੇ ਉੱਚ ਸਰਕਾਰੀ ਖਰਚੇ ਨਾਲ ਅਗਲੀਆਂ ਤਿਮਾਹੀਆਂ ਵਿੱਚ ਤੇਜ਼ੀ ਆਉਣ ਦੀ ਆਸ ਹੈ। ਸਤੰਬਰ ਦੇ ਆਪਣੇ ਏਸ਼ਿਆਈ ਵਿਕਾਸ ਨਜ਼ਰੀਏ (ਏਡੀਓ) ਵਿੱਚ ਏਡੀਬੀ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ 2024-25 ਵਿੱਚ ਬਰਾਮਦ ਪਹਿਲਾਂ ਦੇ ਅਨੁਮਾਨ ਨਾਲੋਂ ਵੱਧ ਰਹੇਗਾ, ਜਿਸ ਦਾ ਸਿਹਰਾ ਸੇਵਾਵਾਂ ਦੀ ਬਰਾਮਦ ਵਿੱਚ ਵਾਧੇ ਨੂੰ ਜਾਂਦਾ ਹੈ। ਹਾਲਾਂਕਿ, ਅਗਲੇ ਵਿੱਤੀ ਵਰ੍ਹੇ ਵਿੱਚ ਵਸਤੂ ਬਰਾਮਦ ਵਾਧਾ ਮੁਕਾਬਲਤਨ ਧੀਮਾ ਰਹੇਗਾ। ਏਡੀਬੀ ਨੇ ਕਿਹਾ, ‘ਵਿੱਤੀ ਵਰ੍ਹੇ 2024-25 (31 ਮਾਰਚ 2025 ਨੂੰ ਸਮਾਪਤੀ ਵਾਲਾ ਸਾਲ) ਵਿੱਚ ਜੀਡੀਪੀ ਵਿਕਾਸ ਦਰ 7 ਫੀਸਦ ਅਤੇ ਵਿੱਤੀ ਵਰ੍ਹੇ 2025-26 ਵਿੱਚ 7.2 ਫੀਸਦ ਰਹਿਣ ਦੀ ਆਸ ਹੈ। ਦੋਵੇਂ ਹੀ ਅਨੁਮਾਨ ਅਪਰੈਲ 2024 ਦੇ ਬਰਾਬਰ ਹਨ। ਨਾਲ ਹੀ ਭਾਰਤ ਦੀਆਂ ਵਾਧਾ ਸੰਭਾਵਨਾਵਾਂ ਮਜ਼ਬੂਤ ਬਣੀਆਂ ਹੋਈਆਂ ਹਨ।’ ਭਾਰਤੀ ਅਰਥਚਾਰਾ ਪਿਛਲੇ ਵਿੱਤੀ ਵਰ੍ਹੇ 2023-24 ਵਿੱਚ 8.2 ਫੀਸਦ ਦੀ ਦਰ ਨਾਲ ਵਧਿਆ ਸੀ। -ਪੀਟੀਆਈ