Adani Group: ਅਡਾਨੀ ਸਮੂਹ ਵੱਲੋਂ ਕੀਨੀਆ ’ਚ ਹਵਾਈ ਅੱਡੇ ਬਾਰੇ ਸਪਸ਼ਟੀਕਰਨ
ਨਵੀਂ ਦਿੱਲੀ, 23 ਨਵੰਬਰ
ਉੱਘੇ ਵਪਾਰੀ ਗੌਤਮ ਅਡਾਨੀ ਦੇ ਸਮੂਹ ਨੇ ਕੀਨੀਆ ਵੱਲੋਂ 2.5 ਅਰਬ ਡਾਲਰ ਤੋਂ ਵੱਧ ਦੇ ਸੌਦੇ ਰੱਦ ਕਰਨ ਦੀਆਂ ਖ਼ਬਰਾਂ ਬਾਰੇ ਅੱਜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਕੀਨੀਆ ਦੇ ਮੁੱਖ ਹਵਾਈ ਅੱਡੇ ਦੇ ਸੰਚਾਲਨ ਲਈ ਕਿਸੇ ਸਮਝੌਤੇ ’ਤੇ ਦਸਤਖ਼ਤ ਨਹੀਂ ਕੀਤੇ ਸਨ। ਬਿਜਲੀ ਟਰਾਂਸਮਿਸ਼ਨ ਲਾਈਨਾਂ ਦੇ ਨਿਰਮਾਣ ਤੇ ਸੰਚਾਲਨ ਲਈ ਪਿਛਲੇ ਮਹੀਨੇ ਸਹੀਬੰਦ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੇਬੀ ਦੇ ਨਿਯਮਾਂ ਦੇ ਦਾਇਰੇ ’ਚ ਨਹੀਂ ਆਉਂਦਾ, ਇਸ ਲਈ ਇਸ ਦੇ ਰੱਦ ਹੋਣ ’ਤੇ ਕਿਸੇ ਖੁਲਾਸੇ ਦੀ ਲੋੜ ਨਹੀਂ ਹੈ।
ਇਸ ਤੋਂ ਪਹਿਲਾਂ ਕੀਨੀਆ ਨੇ ਅਡਾਨੀ ਗਰੁੱਪ ਨਾਲ ਕਰੋੜਾਂ ਡਾਲਰ ਦੇ ਹਵਾਈ ਅੱਡੇ ਦੇ ਵਿਸਥਾਰ ਅਤੇ ਊਰਜਾ ਸੌਦੇ ਰੱਦ ਕਰ ਦਿੱਤੇ ਸਨ। ਇਸ ਸਬੰਧੀ ਐਲਾਨ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਰਦਿਆਂ ਕਿਹਾ ਸੀ ਕਿ ਗੌਤਮ ਅਡਾਨੀ ਖ਼ਿਲਾਫ਼ ਅਮਰੀਕਾ ਵੱਲੋਂ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਮਗਰੋਂ ਅਡਾਨੀ ਗਰੁੱਪ ਨਾਲ ਇਨ੍ਹਾਂ ਸੌਦਿਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਾਸ਼ਟਰਪਤੀ ਨੇ ਕੌਮ ਦੇ ਨਾਮ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਫ਼ੈਸਲਾ ਜਾਂਚ ਏਜੰਸੀਆਂ ਅਤੇ ਭਾਈਵਾਲ ਮੁਲਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਨੈਰੋਬੀ ਦੇ ਮੁੱਖ ਹਵਾਈ ਅੱਡੇ ਦਾ ਨਵੀਨੀਕਰਨ ਕੀਤਾ ਜਾਣਾ ਹੈ ਅਤੇ ਹਵਾਈ ਪੱਟੀ ਤੇ ਟਰਮੀਨਲ ਦੀ ਉਸਾਰੀ ਹੋਣੀ ਹੈ।-ਪੀਟੀਆਈ