Adani Bribery Case: ਰਿਸ਼ਵਤ ਮਾਮਲਾ: ਅਡਾਨੀ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਹੈ: ਰਾਹੁਲ
ਨਵੀਂ ਦਿੱਲੀ, 27 ਨਵੰਬਰ
Adani Bribery Case: ਲੋਕ ਸਭਾ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੰਸਦ ਦੇ ਬਾਹਰ ਕਿਹਾ ਕਿ ਅਡਾਨੀ ’ਤੇ ਅਮਰੀਕਾ ਵਿਚ ਦੋ ਹਜ਼ਾਰ ਕਰੋੜ ਰੁਪਏ ਰਿਸ਼ਵਤ ਦੇਣ ਦਾ ਦੋਸ਼ ਹੈ, ਇਸ ਕਰ ਕੇ ਉਨ੍ਹਾਂ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਹੈ ਪਰ ਮੋਦੀ ਸਰਕਾਰ ਉਨ੍ਹਾਂ ਨੂੰ ਬਚਾਅ ਰਹੀ ਹੈ। ਦੱਸਣਾ ਬਣਦਾ ਹੈ ਕਿ ਭਾਰਤੀ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ’ਤੇ ਅਮਰੀਕਾ ਦੀ ਅਦਾਲਤ ’ਚ ਉਸ ’ਤੇ ਸੂਰਜੀ ਊਰਜਾ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ (ਕਰੀਬ 2100 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਸਨ।
ਭਾਰਤ ਦੇ ਦੂਜੇ ਸਭ ਤੋਂ ਅਮੀਰ ਅਡਾਨੀ ’ਤੇ ਅਮਰੀਕੀ ਅਧਿਕਾਰੀਆਂ ਨੇ ਦੋ ਵੱਖੋ-ਵੱਖਰੇ ਮਾਮਲਿਆਂ ’ਚ ਰਿਸ਼ਵਤਖੋਰੀ ਅਤੇ ਸਕਿਉਰਿਟੀਜ਼ ਧੋਖਾਧੜੀ ਦੇ ਦੋਸ਼ ਲਾਏ ਹਨ। ਨਿਊਯਾਰਕ ਦੀ ਅਦਾਲਤ ’ਚ ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਤੇ ਉਸ ਦੇ ਭਤੀਜੇ ਸਾਗਰ ਸਮੇਤ ਸੱਤ ਹੋਰਾਂ ’ਤੇ ਮਹਿੰਗੀ ਸੂਰਜੀ ਊਰਜਾ ਖ਼ਰੀਦਣ ਲਈ ਆਂਧਰਾ ਪ੍ਰਦੇਸ਼ ਜਿਹੀਆਂ ਸੂਬਾ ਸਰਕਾਰਾਂ ਦੇ ਅਣਪਛਾਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ ਤਾਂ ਜੋ 20 ਸਾਲਾਂ ’ਚ ਦੋ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਮੁਨਾਫ਼ਾ ਕਮਾਇਆ ਜਾ ਸਕੇ।
ਮੁਕੱਦਮੇ ਮੁਤਾਬਕ ਨਵੀਂ ਦਿੱਲੀ ਸਥਿਤ ਐਜ਼ਿਊਰ ਪਾਵਰ ਵੀ ਕਥਿਤ ਰਿਸ਼ਵਤਖੋਰੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਤੋਂ ਇਲਾਵਾ ਅਮਰੀਕੀ ਸਕਿਉਰਿਟੀਜ਼ ਅਤੇ ਐਕਸਚੇਂਜ ਕਮਿਸ਼ਨ ਨੇ ਵੀ ਗੌਤਮ ਅਤੇ ਸਾਗਰ ਅਡਾਨੀ ਤੇ ਐਜ਼ਿਊਰ ਪਾਵਰ ਦੇ ਅਧਿਕਾਰੀ ’ਤੇ ਸੰਘੀ ਸਕਿਊਰਿਟੀਜ਼ ਕਾਨੂੰਨਾਂ ਦੀਆਂ ਧੋਖਾਧੜੀ ਵਿਰੋਧੀ ਧਾਰਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।