ਆਦਮਪੁਰ ਸਿਵਲ ਹਵਾਈ ਅੱਡਾ 2 ਮਾਰਚ ਨੂੰ ਮੁੜ ਹੋਵੇਗਾ ਸ਼ੁਰੂ
ਹਤਿੰਦਰ ਮਹਿਤਾ
ਜਲੰਧਰ, 24 ਫਰਵਰੀ
ਇੱਥੋਂ ਨੇੜਲੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਸਟਾਰ ਏਅਰਲਾਈਨਜ਼ 2 ਮਾਰਚ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਇਸ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਕੀਤਾ ਜਾਵੇਗਾ। ਉਸ ਮਗਰੋਂ ਪਹਿਲੀ ਉਡਾਣ ਹਿੰਡਨ ਲਈ ਰਵਾਨਾ ਹੋਵੇਗੀ। ਦੋਆਬਾ ਇਲਾਕੇ ਦੇ ਪਰਵਾਸੀ ਭਾਰਤੀਆਂ ਅਤੇ ਕਾਰੋਬਾਰੀ ਭਾਈਚਾਰੇ ਵੱਲੋਂ ਇੱਥੋਂ ਮੁੜ ਉਡਾਣਾਂ ਸ਼ੁਰੂ ਹੋਣ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਸਾਲ ਜੁਲਾਈ ਵਿੱਚ ਸਟਾਰ ਏਅਰ ਅਤੇ ਸਪਾਈਸਜੈੱਟ ਨੂੰ ਹਿੰਡਨ, ਬੰਗਲੂਰੂ, ਗੋਆ, ਕੋਲਕਾਤਾ ਅਤੇ ਨਾਂਦੇੜ ਸਮੇਤ ਪੰਜ ਥਾਵਾਂ ਦੀ ਉਡਾਣ ਲਈ ਟੈਂਡਰਿੰਗ ਪ੍ਰਣਾਲੀ ਰਾਹੀਂ ਠੇਕੇ ਦਿੱਤੇ ਸਨ। ਕਿਸਾਨਾਂ ਜਾਂ ਹੋਰ ਅੰਦੋਲਨਕਾਰੀਆਂ ਵੱਲੋਂ ਪੰਜਾਬ ਵਿੱਚ ਜਾਮ ਅਤੇ ਹਾਈਵੇਅ ਜਾਮ ਦੇ ਮੁੱਦੇ ਕਾਰਨ ਆਦਮਪੁਰ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਦੀ ਮੰਗ ਵਧਦੀ ਜਾ ਰਹੀ ਸੀ, ਕਿਉਂਕਿ ਆਦਮਪੁਰ ਨੂੰ ਸਰਕਾਰ ਦੀ ਇੱਕ ਖੇਤਰੀ ਕੁਨੈਕਟੀਵਿਟੀ ਸਕੀਮ ਤਹਿਤ ਕਵਰ ਕੀਤਾ ਗਿਆ ਸੀ। ਸਿਵਲ ਹਵਾਈ ਅੱਡੇ ਵਿੱਚ ਸਾਲ 2018 ਵਿੱਚ ਸਪਾਈਸਜੈੱਟ ਵੱਲੋਂ ਉਡਾਣ ਸ਼ੁਰੂ ਕੀਤੀ ਗਈ ਸੀ ਅਤੇ 78 ਸੀਟਾਂ ਵਾਲੇ ਜਹਾਜ਼ ਨਾਲ ਦਿੱਲੀ ਨਾਲ ਜੋੜਿਆ ਗਿਆ ਸੀ। ਇਸ ਸਕੀਮ ਨੂੰ ਫਿਰ ਮੁੰਬਈ ਅਤੇ ਜੈਪੁਰ ਤੱਕ ਵਧਾਇਆ ਗਿਆ ਸੀ ਪਰ ਇਹ ਸੇਵਾ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ। ਆਦਮਪੁਰ ਵਿੱਚ ਸਾਲ 2019 ਵਿੱਚ 115 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਰਮੀਨਲ ਸ਼ੁਰੂ ਕਰਨ ਦਾ ਕੰਮ ਸ਼ੁਰੂ ਹੋਇਆ। ਇੱਥੇ ਹੁਣ 300 ਤੋਂ ਵੱਧ ਯਾਤਰੀਆਂ ਦੇ ਬੈਠਣ ਅਤੇ 150 ਕਾਰਾਂ ਲਈ ਪਾਰਕਿੰਗ ਦੀ ਸਹੂਲਤ ਹੈ।