ਡੀਪਫੇਕ ਵੀਡੀਓ ਦਾ ਸ਼ਿਕਾਰ ਹੋਈ ਅਦਾਕਾਰਾ ਨੋਰਾ ਫਤੇਹੀ
ਮੁੰਬਈ: ਰਸ਼ਮਿਕਾ ਮੰਦਾਨਾ ਤੋਂ ਬਾਅਦ ਬੌਲੀਵੁੱਡ ਅਦਾਕਾਰਾ ਨੋਰਾ ਫਤੇਹੀ ਡੀਪਫੇਕ ਵੀਡੀਓਜ਼ ਦਾ ਸ਼ਿਕਾਰ ਹੋ ਗਈ ਹੈ। ਇਸ ਸਬੰਧੀ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਪਸ਼ਟੀਕਰਨ ਦੇ ਕੇ ਕਿਹਾ ਹੈ ਕਿ ਇਹ ਵੀਡੀਓ ਉਸ ਦੀ ਨਹੀਂ ਹੈ। ਦੱਸਣਾ ਬਣਦਾ ਹੈ ਕਿ ਇਕ ਵੀਡੀਓ ਵਿੱਚ ਨੋਰਾ ਇੱਕ ਫੈਸ਼ਨ ਬ੍ਰਾਂਡ ਦਾ ਪ੍ਰਚਾਰ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਨੋਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਂਦਿਆਂ ਲਿਖਿਆ, ‘ਹੱਦ ਹੋ ਗਈ..! ਇਹ ਮੈਂ ਨਹੀਂ ਹਾਂ!’ ਉਸ ਨੇ ਵੀਡੀਓ ਨੂੰ ਸਪਸ਼ਟ ਕਰਨ ਲਈ ਮੋਟੇ ਅੱਖਰਾਂ ਵਿੱਚ ‘ਫੇਕ’ ਦਾ ਨਾਮ ਵੀ ਦਿੱਤਾ ਹੈ ਜਿਸ ਬਰਾਂਡ ਦੀ ਨੋਰਾ ਪ੍ਰਮੋਸ਼ਨ ਕਰਦੀ ਦਿਖਾਈ ਗਈ ਹੈ, ਉਸ ਬਰਾਂਡ ਨੇ ਹਾਲੇ ਉਸ ਦੇ ਦਾਅਵਿਆਂ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਪਹਿਲਾਂ ‘ਪੁਸ਼ਪਾ: ਦਿ ਰਾਈਜ਼’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਇਕ ਜਾਅਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਸ ਵੀਡੀਓ ’ਚ ਕਾਲੇ ਕੱਪੜੇ ਪਾਈ ਇਕ ਔਰਤ ਲਿਫਟ ਵਿੱਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ ਪਰ ਉਸ ਦੇ ਚਿਹਰੇ ਨਾਲ ਛੇੜਛਾੜ ਕੀਤੀ ਗਈ ਸੀ ਪਰ ਇਸ ਦਾ ਚਿਹਰਾ ਹੂਬਹੂ ਰਸ਼ਮਿਕਾ ਦਾ ਲਗਦਾ ਹੈ। ਰਸ਼ਮਿਕਾ ਦੇ ਡੀਪਫੇਕ ਵੀਡੀਓ ਨਾਲ ਸਬੰਧਤ ਮੁਲਜ਼ਮ ਨੂੰ ਆਂਧਰਾ ਪ੍ਰਦੇਸ਼ ’ਚ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਗਿਆ ਹੈ। -ਆਈਏਐੱਨਐੱਸ