ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰਾ ਕਵਿਤਾ ਚੌਧਰੀ ਦਾ ਦੇਹਾਂਤ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 16 ਫਰਵਰੀ
ਦੂਰਦਰਸ਼ਨ ਦੇ ਲੜੀਵਾਰ ਉਡਾਨ ’ਚ ਆਈਪੀਐੱਸ ਅਫਸਰ ਕਲਿਆਣੀ ਸਿੰਘ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਵਿਤਾ ਚੌਧਰੀ ਦਾ ਅੱਜ 67 ਸਾਲ ਦੀ ਉਮਰ ’ਚ ਅੰਮ੍ਰਿਤਸਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ। ਇਸ ਮੌਕੇ ਉਨ੍ਹਾਂ ਦਾ ਭਰਾ ਕਪਿਲ ਚੌਧਰੀ, ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਹਾਜ਼ਰ ਸਨ। ਉਡਾਨ ਵਿੱਚ ਉਤਸ਼ਾਹੀ ਮਹਿਲਾ ਆਈਪੀਐਸ ਅਧਿਕਾਰੀ ਦਾ ਕਿਰਦਾਰ ਨਿਭਾਉਣ ਵਾਲੀ ਕਵਿਤਾ ਚੌਧਰੀ ਦੀ ਇਹ ਭੂਮਿਕਾ ਉਸ ਦੀ ਆਪਣੀ ਵੱਡੀ ਭੈਣ ਕੰਚਨ ਚੌਧਰੀ ਭੱਟਾਚਾਰੀਆ ਤੋਂ ਪ੍ਰੇਰਿਤ ਸੀ। ਉਹ ਕਿਰਨ ਬੇਦੀ ਤੋਂ ਬਾਅਦ ਅਜਿਹੀ ਦੂਜੀ ਔਰਤ ਸੀ ਜੋ ਅੰਮ੍ਰਿਤਸਰ ਵਿੱਚ ਜੰਮੀ ਪਲੀ ਤੇ ਆਈਪੀਐੱਸ ਬਣੀ। ਇਸ ਤੋਂ ਇਲਾਵਾ ਉਹ ਸਰਫ਼ ਦੇ ਇਸ਼ਤਿਹਾਰ ਨਾਲ ਵੀ ਮਕਬੂਲ ਹੋਈ। ਕਵਿਤਾ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਰਾਮ ਆਸ਼ਰਮ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਿੰਦੂ ਕਾਲਜ ਤੋਂ ਉੱਚ ਸਿੱਖਿਆ ਹਾਸਲ ਕੀਤੀ। ਅਮੀਰ ਕਾਰੋਬਾਰੀ ਪਰਿਵਾਰ ਤੋਂ ਹੋਣ ਦੇ ਬਾਵਜੂਦ ਦੋਵਾਂ ਨੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਸਖਤ ਮਿਹਨਤ ਕੀਤੀ।