ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਰਹਿਤਲ ਨਾਲ ਜੁੜੀ ਅਦਾਕਾਰਾ

06:59 AM Jul 06, 2024 IST

ਰਜਨੀ ਭਗਾਣੀਆ

Advertisement

ਪੰਜਾਬੀ ਅਦਾਕਾਰੀ ਦੇ ਖੇਤਰ ਵਿੱਚ ਗੁਰਪ੍ਰੀਤ ਕੌਰ ਭੰਗੂ ਅਜਿਹਾ ਨਾਂ ਹੈ ਜਿਸ ਦੇ ਬਿਨਾਂ ਅੱਜ ਪੰਜਾਬ ਦੀ ਕੋਈ ਵੀ ਪਰਿਵਾਰਕ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ। ਉਸ ਨੂੰ ਅਦਾਕਾਰੀ ਵਿਰਾਸਤ ਵਿੱਚ ਨਹੀਂ ਮਿਲੀ ਬਲਕਿ ਉਸ ਨੇ ਆਪਣੇ ਜਨੂੰਨ ਨਾਲ ਇਸ ਦਾ ਸਿਖਰ ਹਾਸਲ ਕੀਤਾ ਹੈ। ਆਪਣੀ ਅਦਾਕਾਰੀ ਦੀ ਬਦੌਲਤ ਅੱਜ ਉਹ ਪੰਜਾਬੀ ਦਰਸ਼ਕਾਂ ਦੀ ਅਜਿਹੀ ਚਹੇਤੀ ਕਲਾਕਾਰ ਬਣ ਗਈ ਹੈ ਜਿਸ ਨੂੰ ਮਾਂ, ਬੂਆ ਤੇ ਤਾਈ-ਚਾਚੀ ਦੇ ਕਿਰਦਾਰ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ।
ਇਸ ਮੁਕਾਮ ’ਤੇ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਦਾ ਪੱਲਾ ਫੜਿਆ ਹੈ। ਘਰੇਲੂ ਜ਼ਿੰਮੇਵਾਰੀਆਂ ਦੇ ਨਾਲ ਨਾਲ ਜਿੱਥੇ ਉਸ ਨੇ ਆਪਣੀ ਅਧਿਆਪਕ ਵਜੋਂ ਡਿਊਟੀ ਨੂੰ ਬਾਖ਼ੂਬੀ ਨਿਭਾਇਆ ਹੈ, ਉੱਥੇ ਪੰਜਾਬੀ ਰੰਗਮੰਚ ਤੇ ਪੰਜਾਬੀ ਸਿਨੇਮਾ ਵਿੱਚ ਅਮਿੱਟ ਛਾਪ ਛੱਡੀ ਹੈ।
ਗੁਰਪ੍ਰੀਤ ਕੌਰ ਭੰਗੂ ਨੇ ਆਰਟ ਸੈਂਟਰ ਸਮਰਾਲਾ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਸੁਚੇਤਕ ਰੰਗ ਮੰਚ ਮੁਹਾਲੀ ਆਦਿ ਨਾਟਕ ਟੀਮਾਂ ਨਾਲ ਭਾਅ ਜੀ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ, ਦਵਿੰਦਰ ਦਮਨ ਅਤੇ ਪਾਲੀ ਭੁਪਿੰਦਰ ਦੇ ਲਿਖੇ ਨਾਟਕਾਂ ਵਿੱਚ ਕੰਮ ਕੀਤਾ। ‘ਛਿਪਣ ਤੋਂ ਪਹਿਲਾਂ’, ‘ਮਿੱਟੀ ਨਾ ਹੋਵੇ ਮਤਰੇਈ’, ‘ਇਨ੍ਹਾਂ ਦੀ ਆਵਾਜ਼’, ‘ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ’, ‘ਸੁੱਕੀ ਕੁੱਖ’, ‘ਜਦੋਂ ਬੋਹਲ ਰੋਂਦੇ ਹਨ’, ‘ਮਿੱਟੀ ਰੁਦਨ ਕਰੇ’ ਆਦਿ ਨਾਟਕਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ’ਤੇ ਗਹਿਰੀ ਛਾਪ ਛੱਡੀ। ਇਸ ਤੋਂ ਇਲਾਵਾ ਉਸ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿਖਤਾਂ ’ਤੇ ਬਣੀਆਂ ਫਿਲਮਾਂ ਜਿਵੇਂ ‘ਅੰਨੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ’ਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਇਸੇ ਤਰ੍ਹਾਂ ਉਸ ਨੇ ‘ਤਰਕ ਦੀ ਸਾਣ ’ਤੇ’ ਅਤੇ ‘ਕੱਚ ਦੀਆਂ ਵੰਗਾਂ’ ਸੀਰੀਅਲਾਂ ਵਿੱਚ ਅਤੇ ਅਨੇਕਾਂ ਟੈਲੀ-ਫਿਲਮਾਂ ਵਿੱਚ ਯਾਦਗਾਰੀ ਭੂਮਿਕਾ ਨਿਭਾਈਆਂ।
ਉਸ ਦਾ ਜਨਮ 13 ਮਈ 1959 ਨੂੰ ਪਿਤਾ ਸੁਖਦੇਵ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਬੁਰਜ ਕਾਹਨ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਨੇ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ ਬੀ.ਪੀ.ਐੱਡ ਦੀ ਡਿਗਰੀ ਫਿਜ਼ੀਕਲ ਕਾਲਜ, ਪਟਿਆਲਾ ਤੋਂ ਤੇ ਪੋਸਟ ਗ੍ਰੈਜੂਏਸ਼ਨ ਰਾਜਿੰਦਰਾ ਕਾਲਜ, ਬਠਿੰਡਾ ਤੋਂ ਪੂਰੀ ਕੀਤੀ। ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰਿਹਾ ਹੈ ਜਿਸ ਕਾਰਨ ਉਹ ਆਪਣੇ ਸਕੂਲ ਦੀ ਬਾਲ ਸਭਾ ਵਿੱਚ ਆਪਣੇ ਸਾਥੀ ਵਿਦਿਆਰਥੀਆਂ ਦਾ ਗੀਤ ਗਾ ਕੇ ਜਾਂ ਚੁਟਕੁਲੇ ਆਦਿ ਸੁਣਾ ਕੇ ਮਨੋਰੰਜਨ ਕਰਦੀ ਰਹਿੰਦੀ ਸੀ। ਆਪਣੇ ਇਸ ਸ਼ੌਕ ਕਾਰਨ ਉਸ ਨੂੰ ਸਕੂਲ ਤੇ ਕਾਲਜ ਦੇ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚੰਗਾ ਲੱਗਦਾ ਸੀ। ਇਹੀ ਕਾਰਨ ਸੀ ਕਿ ਉਸ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਅਦਾਕਾਰੀ ਦੇ ਜਨੂੰਨ ਨੂੰ ਵੀ ਜਾਰੀ ਰੱਖਿਆ।
ਉਸ ਦਾ ਵਿਆਹ ਲੇਖਕ ਤੇ ਪੱਤਰਕਾਰ ਸਵਰਨ ਸਿੰਘ ਭੰਗੂ ਨਾਲ ਹੋਇਆ ਜਿਸ ਨੇ ਉਸ ਦੇ ਅਦਾਕਾਰੀ ਦੇ ਸਫ਼ਰ ਵਿੱਚ ਭਰਪੂਰ ਸਹਿਯੋਗ ਦਿੱਤਾ। ਪਤੀ ਨੇ ਹੀ ਉਸ ਨੂੰ ਇਸ ਰਾਹ ਵੱਲ ਤੋਰਿਆ ਤੇ ਉਸ ਨੇ ਪਹਿਲੀ ਵਾਰ ਉਸ ਨਾਲ ਮਿਲ ਕੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਉਸਤਾਦ ਗੁਰਸ਼ਰਨ ਸਿੰਘ ਤੋਂ ਬਹੁਤ ਪ੍ਰਭਾਵਿਤ ਰਹੀ ਤੇ ਉਨ੍ਹਾਂ ਕੋਲੋਂ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਉਸ ਨੇ ਪਿੰਡਾਂ ਵਿੱਚ ਵੀ ਨਾਟਕ ਕੀਤੇ। ਉਸ ਦਾ ਸੁਫ਼ਨਾ ਸੀ ਕਿ ਬਹੁਤ ਨਾਟਕ ਕਰਾਂ ਤੇ ਰੰਗਮੰਚ ਵਿੱਚ ਨਾਮ ਕਮਾਵਾਂ। ਫਿਰ ਬਿਲਕੁਲ ਇਵੇਂ ਹੀ ਹੋਇਆ ਅਤੇ ਉਹ ਵੱਡੇ-ਵੱਡੇ ਨਾਟਕਾਂ ਦਾ ਹਿੱਸਾ ਬਣੀ। ਜੇਕਰ ਗੁਰਪ੍ਰੀਤ ਭੰਗੂ ਵੱਲੋਂ ਨਿਭਾਏ ਕਿਰਦਾਰਾਂ ਦੀ ਗੱਲ ਕਰੀਏ ਤਾਂ ਉਹ ਕਿਰਦਾਰ ਜਿਸ ਨੇ ਉਸ ਨੂੰ ਬਹੁਤ ਮਾਣ ਮਹਿਸੂਸ ਕਰਾਇਆ, ਉਹ ਸੀ ਸ਼ਹੀਦ ਭਗਤ ਸਿੰਘ ਦੀ ਮਾਂ ਦਾ ਕਿਰਦਾਰ। ਪੰਜਾਬ ਦੇ ਨਾਲ ਨਾਲ ਉਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਆਦਿ ਥਾਵਾਂ ’ਤੇ ਬਹੁਤ ਸਾਰੇ ਨਾਟਕ ਖੇਡੇ।
ਉਸ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਸ ਨੇ ਹਿੰਦੀ ਫ਼ਿਲਮ ‘ਮਿੱਟੀ’ ਤੋਂ ਸ਼ੁਰੂਆਤ ਕੀਤੀ। ਇਸ ਤਰ੍ਹਾਂ ਫਿਲਮ ‘ਮਿੱਟੀ’, ‘ਮੌਸਮ’ ਅਤੇ ‘ਸ਼ਰੀਕ’ ਵਿੱਚ ਉਸ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ‘ਸਿੰਘ ਵਰਸਿਜ ਕੌਰ’, ‘ਅਰਦਾਸ’, ‘ਵਿਸਾਖੀ ਲਿਸਟ’, ‘ਸਾਡਾ ਹੱਕ’, ‘ਯਾਰ ਅਣਮੁੱਲੇ’, ‘ਨਿੱਕਾ ਜ਼ੈਲਦਾਰ’, ‘ਸਰਗੀ’, ‘ਅੰਬਰਸਰੀਆ’, ‘ਸਤਿ ਸ੍ਰੀ ਅਕਾਲ ਇੰਗਲੈਂਡ’, ‘ਸੱਗੀ ਫੁੱਲ’, ‘ਲੌਂਗ ਲਾਚੀ’, ‘ਆਸੀਸ’, ‘ਕੰਡੇ’, ‘ਹਰਜੀਤਾ’, ‘ਭਗਤ ਸਿੰਘ ਦੀ ਉਡੀਕ’, ‘ਸੰਨ ਆਫ ਮਨਜੀਤ ਸਿੰਘ’, ‘ਆਟੇ ਦੀ ਚਿੜੀ’, ‘ਅਫ਼ਸਰ’, ‘ਕਿਸਮਤ’, ‘ਰੱਬ ਦਾ ਰੇਡੀਓ 2’, ‘ਗੁੱਡੀਆਂ ਪਟੋਲੇ’, ‘ਸਰਦਾਰ ਮੁਹੰਮਦ’, ‘25 ਕਿੱਲੇ’, ‘ਛੜਾ’, ‘’ਅਰਦਾਸ ਕਰਾਂ’, ‘ਮੁਕਲਾਵਾ’, ‘ਨਿੱਕਾ ਜ਼ੈਲਦਾਰ 2’, ‘ਮੰਜੇ ਬਿਸਤਰੇ 2’, ‘ਦਾਸਤਾਨ -ਏ- ਸਰਹੰਦ’, ‘ਕਲੀ ਜੋਟਾ’, ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’, ‘ਗੋਡੇ ਗੋਡੇ ਚਾਅ’, ‘ਮਾਂ’, ‘ਬੂਹੇ ਬਾਰੀਆ’ ਆਦਿ ਕਿੰਨੀਆਂ ਹੀ ਫਿਲਮਾਂ ਵਿੱਚ ਮਾਂ, ਤਾਈ, ਚਾਚੀ ਦੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਉਸ ਨੂੰ ਆਪਣੇ ਕੰਮ ਪ੍ਰਤੀ ਬਹੁਤ ਸਾਰੇ ਮਾਣ-ਸਨਮਾਨ ਵੀ ਪ੍ਰਾਪਤ ਹੋਏ ਜਿਸ ਵਿੱਚ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ਫਿਲਮ ‘ਹਰਜੀਤਾ’ ਦੇ ਨਾਲ ਹੋਰ ਵੀ ਪੁਰਸਕਾਰ ਸ਼ਾਮਲ ਹਨ। ਗੁਰਪ੍ਰੀਤ ਦਾ ਕਹਿਣਾ ਹੈ ਕੀ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਅਦਾਕਾਰੀ ਦੇ ਨਾਲ ਉਹ ਸਰਕਾਰੀ ਅਧਿਆਪਕ ਵਜੋਂ ਵੀ ਸਮੇਂ ਸਮੇਂ ’ਤੇ ਆਪਣੀਆਂ ਸੇਵਾਵਾਂ ਨਿਭਾਉਂਦੀ ਰਹਿੰਦੀ ਹੈ। ਜੇਕਰ ਜ਼ਿਕਰ ਕਰੀਏ ਸਮਾਜ ਭਲਾਈ ਦੇ ਕੰਮਾਂ ਦਾ ਤਾਂ ਗੁਰਪ੍ਰੀਤ ਭੰਗੂ ਇਨ੍ਹਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਉਸ ਨੇ ਆਪਣੇ ਪਤੀ ਨਾਲ ਮਿਲ ਕੇ ਇੱਕ ਆਦਰਸ਼ ਚੈਰੀਟੇਬਲ ਟਰੱਸਟ ਵੀ ਬਣਾਇਆ ਹੈ ਜਿਸ ਵਿੱਚ ਜ਼ਰੂਰਤਮੰਦ ਬੱਚੀਆਂ ਦੀ ਪੜ੍ਹਾਈ ਦੇ ਨਾਲ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਇਸ ਤਰ੍ਹਾਂ ਉਹ ਪਤਾ ਨਹੀਂ ਕਿੰਨੀਆਂ ਕੁ ਬੱਚੀਆਂ ਦੀ ਮਾਂ ਬਣ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਹਿਰਾ ਬਣਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਹਰ ਕਿਰਦਾਰ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਨਿਭਾਇਆ ਹੈ ਚਾਹੇ ਉਹ ਪਰਦੇ ਦਾ ਕਿਰਦਾਰ ਹੋਵੇ, ਜਾਂ ਫਿਰ ਜ਼ਰੂਰਤਮੰਦ ਬੱਚੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਦਾ। ਸ਼ਾਲਾ! ਉਹ ਇਸ ਤਰ੍ਹਾਂ ਹੀ ਰੌਸ਼ਨੀਆਂ ਵੰਡਦੀ ਰਹੇ।
ਸੰਪਰਕ: 79736-67793

Advertisement
Advertisement
Advertisement