ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸਤ ਦੇ ਅਦਾਕਾਰ ਸੰਸਦ ਵਿਚ ਗੇੜਾ ਮਾਰਨ ਤੋਂ ਖੁੰਝੇ

07:50 AM Mar 19, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 18 ਮਾਰਚ
ਪਾਰਲੀਮੈਂਟ ਵਿਚ ਸਿਆਸਤ ਦੇ ਵੱਡੇ ਅਦਾਕਾਰ ਪੰਜ ਵਰ੍ਹਿਆਂ ਦੌਰਾਨ ਸਿਰਫ ਵਰ੍ਹੇ-ਛਿਮਾਹੀ ਹੀ ਨਜ਼ਰੀ ਪਏ ਹਨ। ਸੰਸਦ ਦੇ ਇਜਲਾਸ ਮੌਕੇ ਇਨ੍ਹਾਂ ਸੰਸਦ ਮੈਂਬਰਾਂ ਨੇ ਹਾਜ਼ਰੀ ਯਕੀਨੀ ਨਹੀਂ ਬਣਾਈ। ਹੁਣ ਜਦੋਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤਾਂ ਵੋਟਰਾਂ ਨੂੰ ਆਪਣੇ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਘੋਖਣ ਦਾ ਹੱਕ ਹੈ। ਭਾਜਪਾ ਨੇ ਐਤਕੀਂ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਹੈ ਅਤੇ ਹੰਸ ਦੀ ਸੰਸਦ ਵਿਚ ਹਾਜ਼ਰੀ ਸਿਰਫ 39 ਫੀਸਦੀ ਹੀ ਰਹੀ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਉਲ ਦੀ ਹਾਜ਼ਰੀ ਕੇਵਲ 17 ਫੀਸਦੀ ਹੈ। ਸਨੀ ਦਿਉਲ ਨਾ ਸੰਸਦ ਵਿਚ ਨਜ਼ਰ ਆਏ ਅਤੇ ਨਾ ਹੀ ਹਲਕੇ ਵਿਚ।
ਨਹਿਰੂ ਯੁਵਾ ਕੇਂਦਰ ਦੇ ਸਾਬਕਾ ਉਪ ਚੇਅਰਮੈਨ ਅਤੇ ਗੁਰਦਾਸਪੁਰ ਹਲਕੇ ਦੇ ਆਗੂ ਅਮਰਦੀਪ ਸਿੰਘ ਚੀਮਾ ਆਖਦੇ ਹਨ ਕਿ ਪੰਜਾਬੀਆਂ ਨੇ ਜਿੰਨੀਆਂ ਆਸਾਂ ਨਾਲ ਸਨੀ ਦਿਉਲ ਨੂੰ ਪੰਜਾਬੀ ਹੋਣ ਦੇ ਨਾਤੇ ਜਿਤਾਇਆ ਸੀ, ਓਨੀ ਹੀ ਨਮੋਸ਼ੀ ਸਨੀ ਦਿਉਲ ਨੇ ਪੰਜਾਬੀਆਂ ਦੀ ਝੋਲੀ ਪਾਈ ਹੈ। ਇਨ੍ਹਾਂ ਚੋਣਾਂ ਵਿਚ ਜੇ ਕੋਈ ਅਦਾਕਾਰ ਭਾਜਪਾ ਨੇ ਗੁਰਦਾਸਪੁਰ ਤੋਂ ਉਤਾਰਿਆ ਤਾਂ ਲੋਕ ਪੁਰਾਣਾ ਹਿਸਾਬ ਕਿਤਾਬ ਕਰਨ ਲਈ ਤਿਆਰ ਬੈਠੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਹਲਕੇ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਸੰਸਦ ਵਿਚ ਹਾਜ਼ਰੀ 20 ਫੀਸਦੀ ਹੀ ਰਹੀ ਹੈ।
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਸੰਸਦ ਵਿਚ ਹਾਜ਼ਰੀ 61 ਫੀਸਦੀ ਰਹੀ ਹੈ। ਦੂਜੇ ਪਾਸੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਹਾਜ਼ਰੀ 64 ਫੀਸਦੀ ਰਹੀ ਹੈ। ਅਦਾਕਾਰਾਂ ’ਤੇ ਨਜ਼ਰ ਮਾਰੀਏ ਤਾਂ ਸ਼ਤਰੂਘਨ ਸਿਨਹਾ ਦੀ ਸੰਸਦ ਵਿਚ ਮੌਜੂਦਗੀ 63 ਫੀਸਦੀ ਰਹੀ ਹੈ ਜਦੋਂ ਕਿ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੀ ਹਾਜ਼ਰੀ 47 ਫੀਸਦੀ ਰਹੀ ਹੈ। ਵੱਡੇ ਚਿਹਰਿਆਂ ਵੱਲ ਦੇਖੀਏ ਤਾਂ ਰਾਹੁਲ ਗਾਂਧੀ ਸੰਸਦ ਵਿਚ 51 ਫੀਸਦੀ ਹਾਜ਼ਰੀ ਦੇ ਸਕੇ ਹਨ ਜਦੋਂ ਕਿ ਮੇਨਕਾ ਗਾਂਧੀ ਦੀ ਹਾਜ਼ਰੀ 78 ਫੀਸਦੀ ਰਹੀ ਹੈ।
ਹੇਮਾ ਮਾਲਿਨੀ ਦੀ ਸੰਸਦ ਵਿਚ ਹਾਜ਼ਰੀ 50 ਫੀਸਦੀ ਰਹੀ ਹੈ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਸਿਰਫ 32 ਫੀਸਦੀ ਹੀ ਸੰਸਦ ਵਿਚ ਹਾਜ਼ਰੀ ਭਰ ਸਕੇ ਹਨ। ਯੂਪੀ ਤੋਂ ਬਸਪਾ ਦੇ ਐੱਮਪੀ ਅਤੁਲ ਕੁਮਾਰ ਸ਼ਰਮਾ ਦੀ ਹਾਜ਼ਰੀ ਸਿਰਫ ਇੱਕ ਫੀਸਦੀ ਰਹੀ ਹੈ। ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿਰਫ 23 ਫੀਸਦੀ ਹਾਜ਼ਰੀ ਦਿੱਤੀ ਹੈ। ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਹਾਜ਼ਰੀ ਦੇ ਮਾਮਲੇ ਵਿਚ ਖ਼ਰੇ ਉੱਤਰੇ ਹਨ। ਐੱਮਪੀ ਮੁਨੀਸ਼ ਤਿਵਾੜੀ ਦੀ 95 ਫੀਸਦੀ ਅਤੇ ਜਸਬੀਰ ਸਿੰਘ ਡਿੰਪਾ ਦੀ ਹਾਜ਼ਰੀ 93 ਫੀਸਦੀ ਰਹੀ ਹੈ। ਸਿਆਸੀ ਵਿਸ਼ਲੇਸਕ ਪ੍ਰੋ.ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਵਿਧਾਨਕਾਰ ਦੀ ਅਸਲ ਪਰਖ ਤਾਂ ਸੰਸਦ ਤੇ ਵਿਧਾਨ ਸਭਾ ਵਿਚ ਹੀ ਹੁੰਦੀ ਹੈ ਤੇ ਇਸ ਆਧਾਰ ’ਤੇ ਹੀ ਸੰਸਦ ਮੈਂਬਰ ਜਾਂ ਵਿਧਾਇਕ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਵਾਲੇ ਚਿਹਰੇ ਹੋਣ ਕਰਕੇ ਅਦਾਕਾਰਾਂ ਨੂੰ ਦੇਸ਼ ਦੇ ਚੋਣ ਮੈਦਾਨ ਵਿਚ ਉਤਾਰ ਦਿੱਤਾ ਜਾਂਦਾ ਹੈ ਜਿਹੜੇ ਲੋਕਾਂ ਦੀਆਂ ਉਮੀਦਾਂ ਦੀ ਤਰਜਮਾਨੀ ਨਹੀਂ ਕਰਦੇ।

Advertisement

Advertisement