ਡਿਜ਼ਾਈਨਰ ਸੰਦੀਪ ਖੋਸਲਾ ਦੀ ਮਾਂ ਦੀਆਂ ਅੰਤਿਮ ਰਸਮਾਂ ’ਚ ਪੁੱਜੇ ਅਦਾਕਾਰ
ਹਤਿੰਦਰ ਮਹਿਤਾ
ਜਲੰਧਰ, 26 ਫਰਵਰੀ
ਬੌਲੀਵੁੱਡ ਦੀਆਂ ਕਈ ਸ਼ਖਸੀਅਤਾਂ ਨੇ ਅੱਜ ਇੱਥੇ ਇਕ ਹੋਟਲ ਵਿੱਚ ਸਮਾਜ ਸੇਵੀ ਅਤੇ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਦੀ ਮਾਂ ਪੰਮੀ ਖੋਸਲਾ ਦੀਆਂ ਹੋਈਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਕੀਤੀ। ਪਿਛਲੇ ਹਫ਼ਤੇ ਪੰਮੀ ਖੋਸਲਾ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਨ ਆਈਆਂ ਬੌਲੀਵੁੱਡ ਦੀਆਂ ਸ਼ਖ਼ਸੀਅਤਾਂ ਵਿੱਚ ਅਦਾਕਾਰਾ ਜਯਾ ਬੱਚਨ ਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ, ਅਦਾਕਾਰਾ ਅੰਮ੍ਰਿਤਾ ਸਿੰਘ, ਡਿੰਪਲ ਕਪਾਡੀਆ ਅਤੇ ਉਨ੍ਹਾਂ ਦੀ ਛੋਟੀ ਧੀ ਰਿੰਕੀ ਖੰਨਾ ਵੀ ਸ਼ਾਮਲ ਸਨ। ਡਿੰਪਲ ਕਪਾਡੀਆ ਅਤੇ ਜਯਾ ਬੱਚਨ ਨੂੰ ਅਬੂ ਜਾਨੀ-ਸੰਦੀਪ ਖੋਸਲਾ ਲੇਬਲ ਦੇ ਪਹਿਲੇ ਵੱਡੇ ਗਾਹਕਾਂ ’ਚੋਂ ਮੰਨਿਆ ਜਾਂਦਾ ਹੈ।
ਇਸ ਦੌਰਾਨ ਕਪੂਰਥਲਾ ਦੇ ਇੱਕ ਸੀਨੀਅਰ ਆਰਕੀਟੈਕਟ ਬੀਐੱਮ ਗੁਪਤਾ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਪੰਮੀ ਖੋਸਲਾ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਲਈ ਉਨ੍ਹਾਂ ਨੂੰ ਯਾਦ ਰੱਖਣਗੇ। ਪੰਮੀ ਖੋਸਲਾ ਦੇ ਪਤੀ ਡੀਪੀ ਖੋਸਲਾ ਦਾ ਚਮੜੇ ਅਤੇ ਕੱਪੜਿਆਂ ਦਾ ਕਾਰੋਬਾਰ ਸੀ। ਇਹ ਪਰਿਵਾਰ ਕਪੂਰਥਲਾ ਦੇ ਸ਼ਾਹੀ ਪਰਿਵਾਰ ਨਾਲ ਵੀ ਜੁੜਿਆ ਹੋਇਆ ਹੈ।