ਅਦਾਕਾਰ ਗੋਵਿੰਦਾ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ
ਮੁੰਬਈ, 4 ਅਕਤੂਬਰ
ਅਦਾਕਾਰ ਗੋਵਿੰਦਾ ਨੂੰ ਅੱਜ ਹਸਪਤਾਲ ’ਚੋਂ ਛੁੱਟੀ ਮਿਲ ਗਈ। ਅਦਾਕਾਰ ਨੂੰ ਗ਼ਲਤੀ ਨਾਲ ਚੱਲੀ ਪਿਸਤੌਲ ਕਰਕੇ ਲੱਤ ’ਚ ਗੋਲੀ ਲੱਗਣ ਕਰਕੇ ਤਿੰਨ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਨੇ ਸਿਰਫ਼ ਇੰਨਾ ਕਿਹਾ ਕਿ ‘ਵੋਹ (ਪਿਸਤੌਲ) ਗਿਰੀ ਔਰ ਚਲ ਪੜੀ।’ ਇਹ ਘਟਨਾ ਮੰਗਲਵਾਰ ਵੱਡੇ ਤੜਕੇ ਦੀ ਸੀ ਤੇ ਉਦੋਂ ਅਦਾਕਾਰ ਹਵਾਈ ਅੱਡੇ ਲਈ ਨਿਕਲ ਰਿਹਾ ਸੀ। ਉਸੇ ਦਿਨ ਗੋਵਿੰਦਾ ਦੀ ਸਰਜਰੀ ਕੀਤੀ ਗਈ ਸੀ। ਅਦਾਕਾਰ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ’ਚੋਂ ਵੀਲ੍ਹਚੇਅਰ ’ਤੇ ਬੈਠ ਕੇ ਬਾਹਰ ਆਇਆ। ਇਸ ਮੌਕੇ ਪਤਨੀ ਸੁਨੀਤਾ ਅਹੂਜਾ ਤੇ ਧੀ ਟੀਨਾ ਅਹੂਜਾ ਵੀ ਮੌਜੂਦ ਸਨ। ਆਪਣੇ ਘਰ ਦੇ ਬਾਹਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਵਿੰਦਾ ਨੇ ਕਿਹਾ, ‘ਮੈਂ ਕੋਲਕਾਤਾ ਵਿਚ ਸ਼ੋਅ ਲਈ ਘਰੋਂ ਨਿਕਲ ਰਿਹਾ ਸੀ। ਸਵੇਰ ਦੇ ਪੰਜ ਵੱਜੇ ਸਨ ਤੇ ਉਸ ਵੇਲੇ ਉਹ ਡਿੱਗੀ ਤੇ ਚੱਲ ਪਈ। ਮੈਂ ਹੈਰਾਨ ਸੀ ਕਿ ਕੀ ਹੋ ਗਿਆ। ਜਦੋਂ ਹੇਠਾਂ ਦੇਖਿਆ ਤਾਂ ਖ਼ੂਨ ਦੀਆਂ ਤਤੀਰੀਆਂ ਵੱਗ ਰਹੀਆਂ ਸਨ। ਫਿਰ ਮੈਂ ਵੀਡੀਓ ਬਣਾਈ ਤੇ ਡਾਕਟਰ ਨਾਲ ਗੱਲ ਕਰਕੇ ਹਸਪਤਾਲ ਦਾਖ਼ਲ ਹੋ ਗਿਆ।’ ਸੁਨੀਤਾ ਅਹੂਜਾ ਮੁਤਾਬਕ ਡਾਕਟਰਾਂ ਨੇ ਅਦਾਕਾਰ ਨੂੰ ਛੇ ਹਫ਼ਤਿਆਂ ਦੇ ਆਰਾਮ ਦੀ ਸਲਾਹ ਦਿੱਤੀ ਹੈ। -ਪੀਟੀਆਈ