For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਲਈ ਅਗਸਤ ਦੇ ਦੂਜੇ ਪੰਦਰਵਾੜੇ ਦੀਆਂ ਗਤੀਵਿਧੀਆਂ

08:56 AM Aug 21, 2023 IST
ਕਿਸਾਨਾਂ ਲਈ ਅਗਸਤ ਦੇ ਦੂਜੇ ਪੰਦਰਵਾੜੇ ਦੀਆਂ ਗਤੀਵਿਧੀਆਂ
Advertisement

ਡਾ. ਰਣਜੀਤ ਸਿੰਘ

Advertisement

ਇਹ ਮੌਸਮ ਨਵੇਂ ਬੂਟੇ ਲਗਾਉਣ ਲਈ ਬਹੁਤ ਢੁੱਕਵਾਂ ਹੈ। ਪੰਜਾਬ ਵਿੱਚ ਰੁੱਖਾਂ ਦੀ ਬਹੁਤ ਘਾਟ ਹੈ। ਸੜਕਾਂ ਕੰਢੇ ਹੀ ਕੁੱਝ ਰੁੱਖ ਸਨ ਪਰ ਸੜਕਾਂ ਚੌੜੀਆਂ ਕਰਨ ਦੇ ਪ੍ਰੋਗਰਾਮ ਅਧੀਨ ਇਹ ਬੜੀ ਤੇਜ਼ੀ ਨਾਲ ਕੱਟੇ ਜਾ ਰਹੇ ਹਨ। ਸਾਨੂੰ ਸਾਰਿਆਂ ਨੂੰ ਨਵੇਂ ਬੂਟੇ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰ ਕਿਸਾਨ ਨੂੰ ਘੱਟੋ-ਘੱਟ ਦੋ ਬੂਟੇ ਨਵੇਂ ਲਗਾਉਣੇ ਚਾਹੀਦੇ ਹਨ। ਹੁਣ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਲਗਾਉਣ ਲਈ ਵੀ ਢੁੱਕਵਾਂ ਸਮਾਂ ਹੈ। ਪੰਜਾਬ ਵਿੱਚ ਕਿੰਨੂ, ਅਮਰੂਦ, ਬੇਰ, ਅੰਬ, ਨਿੰਬੂ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿੰਨੂ ਦੀ ਨਵੀਂ
ਕਿਸਮ ਪੀਏਯੂ ਕਿੰਨੂ-1, ਤਿਆਰ ਕੀਤੀ ਹੈ। ਇਸ ਕਿਸਮ ਦੇ ਹੀ ਬੂਟੇ ਲਗਾਏ ਜਾਣ ਕਿਉਂਕਿ ਇਸ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ। ਵਲੈਨਸ਼ੀਆ, ਮੁਸੰਮੀ, ਜਾਫ਼ਾ, ਬਲੱਡ ਰੈਡ ਅਤੇ ਅਰਲੀ ਗੋਲਡ ਮਾਲਟੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਸਟਾਰਰੂਬੀ, ਰੈਡਬਲੱਸ਼, ਮਾਰਸ਼ਸੀਡਲੈਸ, ਡੰਕਨ ਅਤੇ ਫੋਸਟਰ ਗਰੇਪਫਰੂਟ ਦੀਆਂ ਕਿਸਮਾਂ ਹਨ। ਨਿੰਬੂ ਦੀਆਂ ਯੂਰੇਕਾ, ਪੰਜਾਬ ਬਾਰਾਮਾਸੀ ਨਿੰਬੂ ਅਤੇ ਪੀਏਯੂ ਬਾਰਾਮਾਸੀ ਨਿੰਬੂ-1 ਕਿਸਮਾਂ ਹਨ।
ਅਮਰੂਦ ਲਗਪਗ ਹਰ ਥਾਂ ਹੀ ਹੋ ਜਾਂਦਾ ਹੈ, ਇਸ ਵਿੱਚ ਵਿਟਾਮਿਨ ‘ਸੀ’ ਕਾਫ਼ੀ ਮਾਤਰਾ ’ਚ ਹੁੰਦਾ ਹੈ। ਪੰਜਾਬ ਵਿਚ ਕਾਸ਼ਤ ਲਈ ਸ਼ਵੇਤਾ, ਪੰਜਾਬ ਪਿੰਕ, ਅਰਕਾ ਅਮੁਲਿਆ, ਸਰਦਾਰ, ਅਲਾਹਾਬਾਦ ਸਫ਼ੈਦਾ, ਪੰਜਾਬ ਸਫ਼ੈਦਾ ਅਤੇ ਪੰਜਾਬ ਕਿਰਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਵਿਚ ਬਹੁਤ ਖ਼ੁਰਾਕੀ ਤੱਤ ਜਿਵੇਂ ਕਿ ਵਿਟਾਮਿਨ ‘ਏ’, ‘ਬੀ’, ‘ਸੀ’, ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਚੋਖੀ ਮਾਤਰਾ ਵਿਚ ਹੁੰਦੇ ਹਨ। ਪੰਜਾਬ ਵਿਚ ਕਾਸ਼ਤ ਲਈ ਅਲਫ਼ੈਂਜ਼ੋ, ਦੁਸਹਿਰੀ ਅਤੇ ਲੰਗੜਾ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਚੂਪਣ ਵਾਲੇ ਅੰਬਾਂ ਦੇ ਵਧੇਰੇ ਬਗ਼ੀਚੇ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੂਪਣ ਵਾਲੇ ਅੰਬਾਂ ਦੀਆਂ ਅੱਠ ਕਿਸਮਾਂ ਦੀ ਚੋਣ ਕੀਤੀ ਗਈ ਹੈ। ਇਹ ਹਨ; ਗੰਗੀਆਂ ਸੰਧੂਰੀ, ਜੀ.ਐੱਨ.-1, ਜੀ.ਐੱਨ.-2, ਜੀ.ਐੱਨ.-3, ਜੀ.ਐੱਨ.-4, ਜੀ.ਐੱਨ.-5, ਜੀ.ਐੱਨ.-6 ਅਤੇ ਜੀ.ਐੱਨ.-7, ਇਨ੍ਹਾਂ ਵਿੱਚੋਂ ਕਿਸੇ ਵੀ ਕਿਸਮ ਦੇ ਬੂਟੇ ਲਗਾਏ ਜਾ ਸਕਦੇ ਹਨ। ਕੋਸ਼ਿਸ਼ ਕਰੋ ਕਿ ਗੰਗੀਆਂ ਸੰਧੂਰੀ ਕਿਸਮ ਦਾ ਬੂਟਾ ਲਗਾਇਆ ਜਾਵੇ। ਬੇਰਾਂ ਅਤੇ ਜਾਮਣਾਂ ਨੂੰ ਕਦੇ ਗਰੀਬਾਂ ਦੇ ਫ਼ਲ ਮੰਨਿਆ ਜਾਂਦਾ ਸੀ ਕਿਉਂਕਿ ਇਹ ਰੁੱਖ ਆਮ ਹੁੰਦੇ ਸਨ ਤੇ ਤੋੜਣ ’ਤੇ ਮਨਾਹੀ ਨਹੀਂ ਸੀ। ਹੁਣ ਇਹ ਦੋਵੇਂ ਫਲ ਸਭ ਤੋਂ ਵੱਧ ਮਹਿੰਗੇ ਹਨ। ਇਨ੍ਹਾਂ ਦੋਵਾਂ ਫਲਾਂ ਵਿਚ ਬਹੁਤ ਖ਼ੁਰਾਕੀ ਤੱਤ ਹੁੰਦੇ ਹਨ। ਜਾਮਣ ਦੀ ਕੋਈ ਕਿਸਮ ਵਿਕਸਤ ਨਹੀਂ ਹੋਈ। ਇਸ ਕਰ ਕੇ ਵਧੀਆ ਜਾਮਣਾਂ ਦੀਆਂ ਗਿਟਕਾਂ ਤੋਂ ਬੂਟੇ ਬਣਾਏ ਜਾ ਸਕਦੇ ਹਨ।
ਬੇਰਾਂ ਦੀਆਂ ਵਲੈਤੀ, ਉਮਰਾਨ, ਸਨੋਰ-2 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਲੀਚੀ ਦੇ ਬੂਟੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਸਫ਼ਲਤਾ ਨਾਲ ਲਗਾਏ ਜਾ ਸਕਦੇ ਹਨ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੇਟ ਵਧੀਆ ਕਿਸਮਾਂ ਹਨ। ਇਹ ਬੂਟੇ ਗਰਮੀ ਘਟ ਹੋਣ ’ਤੇ ਸਤੰਬਰ ਦੇ ਮਹੀਨੇ ਲਗਾਏ ਜਾਂਦੇ ਹਨ।
ਔਲੇ ਦੀ ਵਰਤੋਂ ਅਚਾਰ ਅਤੇ ਮੁਰੱਬੇ ਦੇ ਰੂਪ ਵਿੱਚ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਬੂਟੇ ਸਾਰੇ ਸੂਬੇ ਵਿਚ ਲਗਾਏ ਜਾ ਸਕਦੇ ਹਨ। ਬਲਵੰਤ, ਨੀਲਮ ਅਤੇ ਕੰਚਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।
ਚੀਕੂ ਦਾ ਬੂਟਾ ਵੀ ਘਰ ਬਗ਼ੀਚੀ ਵਿਚ ਲਗਾਇਆ ਜਾ ਸਕਦਾ ਹੈ। ਕਾਲੀਪੱਤੀ ਅਤੇ ਕ੍ਰਿਕਟ ਬਾਲ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਲੁਕਾਠ ਦਾ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਦਾ ਫ਼ਲ ਅਪਰੈਲ ਵਿਚ ਤਿਆਰ ਹੁੰਦਾ ਹੈ, ਉਦੋਂ ਮੰਡੀ ਵਿਚ ਬਹੁਤ ਘੱਟ ਫਲ ਹੁੰਦੇ ਹਨ। ਕੈਲੇਫੋਰਨੀਆ
ਐਡਵਾਂਸ, ਗੋਲਡਨ ਯੈਲੋ ਅਤੇ ਪੇਲ ਯੈਲੋ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬਿਲ ਇਕ ਹੋਰ ਫਲ ਹੈ ਜਿਸ ਦਾ ਰਸ ਪੀਣ ਲਈ ਵਰਤਿਆ ਜਾਂਦਾ ਹੈ। ਇਹ ਬਹੁਤ ਗੁਣਕਾਰੀ ਹੁੰਦਾ ਹੈ। ਕਾਗਜ਼ੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ।
ਉਮੀਦ ਹੈ ਇਸ ਵਾਰ ਕਿਸਾਨ ਫ਼ਲਾਂ ਦੇ ਕੁਝ ਬੂਟੇ ਜ਼ਰੂਰ ਲਗਾਉਣਗੇ ਕਿਉਂਕਿ ਜਿੱਥੇ ਤਾਜੇ ਫ਼ਲ ਪੂਰਾ ਸੁਆਦ ਦਿੰਦੇ ਹਨ, ਉੱਥੇ ਉਨ੍ਹਾਂ ਵਿਚ ਪੂਰੇ ਖ਼ੁਰਾਕੀ ਗੁਣ ਵੀ ਹੁੰਦੇ ਹਨ। ਬਾਜ਼ਾਰ ਵਿੱਚੋਂ ਮਹਿੰਗੇ ਫਲ ਖ਼ਰੀਦ ਕੇ ਖਾਣੇ ਔਖੇ ਹਨ। ਆਪਣੇ ਘਰ ਬੂਟੇ ਲਗਾਵੋ, ਤਾਜੇ ਫ਼ਲ ਖਾਵੋ ਤੇ ਸਿਹਤ ਬਣਾਵੋ।
ਬੈਂਗਣਾਂ ਦੀ ਪਨੀਰੀ ਤਿਆਰ ਹੋ ਗਈ ਹੋਵੇਗੀ ਉਸ ਨੂੰ ਪੁੱਟ ਕੇ ਖੇਤ ਵਿਚ ਲਗਾਉਣ ਲਈ ਇਹ ਢੁੱਕਵਾਂ ਸਮਾਂ ਹੈ। ਪੰਜਾਬ ਨੀਲਮ, ਪੀ ਬੀ ਐੱਚ ਆਰ-41, ਪੀ ਬੀ ਐੱਚ ਆਰ-42 ਅਤੇ ਬੀ.ਐੱਚ.-2 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ ਜਦੋਂਕਿ ਪੰਜਾਬ ਰੌਣਕ, ਪੰਜਾਬ ਬਰਸਾਤੀ, ਪੀ ਬੀ ਐੱਚ-4, ਪੀ ਬੀ ਐੱਚ-5 ਤੇ ਪੰਜਾਬ ਸਦਾ ਬਹਾਰ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ.ਬੀ.ਐੱਚ.-3 ਅਤੇ ਪੰਜਾਬ ਨਗੀਨਾ ਬੈਂਗਣੀਂ (ਛੋਟੇ ਬੈਂਗਣ) ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ 270 ਕੁਇੰਟਲ ਪੀ.ਬੀ.ਐੱਚ.-4 ਕਿਸਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਟਮਾਟਰਾਂ ਦੀ ਪਨੀਰੀ ਵੀ ਤਿਆਰ ਹੋ ਗਈ ਹੋਵੇਗੀ। ਉਸ ਨੂੰ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਇਸ ਮੌਸਮ ਵਿੱਚ ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2 ਜਾਂ ਪੰਜਾਬ ਵਰਖਾ ਬਹਾਰ-4 ਕਿਸਮ ਦੀ ਕਾਸ਼ਤ ਕਰੋ। ਪੰਜਾਬ ਵਰਖਾ ਬਹਾਰ-4 ਕਿਸਮ ਤੋਂ 250 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਬੂਟੇ ਲਗਾਉਣ ਸਮੇਂ ਕਤਾਰਾਂ ਵਿਚਕਾਰ 120 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਨਵੰਬਰ ਵਿਚ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟਮਾਟਰਾਂ ਦੀਆਂ ਦੋਗਲੀਆਂ ਕਿਸਮਾਂ ਪੀ.ਟੀ.ਐੱਚ-2 ਅਤੇ ਟੀ.ਐੱਚ-1 ਵੀ ਤਿਆਰ ਕੀਤੀਆਂ ਗਈਆਂ ਹਨ। ਸਬਜ਼ੀਆਂ ਦੀ ਕਾਸ਼ਤ ਲਈ ਰੂੜੀ ਦੀ ਖਾਦ ਵਧੇਰੇ ਢੁੱਕਵੀਂ ਹੈ। ਖੇਤ ਤਿਆਰ ਕਰਦੇ ਸਮੇਂ ਕੋਈ 10 ਟਨ ਵਧੀਆ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ ਬੂਟੇ ਲਗਾਉਣ ਤੋਂ ਪਹਿਲਾਂ 55 ਕਿਲੋ ਯੂਰੀਆ, 155 ਕਿਲੋ ਸੁਪਰ ਫਾਸਫੇਟ ਅਤੇ 45 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ।
ਗੋਭੀ ਦੀ ਮੁੱਖ ਫ਼ਸਲ ਲਈ ਹੁਣ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਦਾ ਢੁਕਵਾਂ ਸਮਾਂ ਹੈ। ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬੂਟੇ ਲਗਾਉਣ ਸਮੇਂ ਕਤਾਰਾਂ ਵਿਚਕਾਰ ਅਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਗੋਭੀ ਲਈ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕਰੀਬ 40 ਟਨ ਵਧੀਆ ਰੂੜੀ ਪ੍ਰਤੀ ਏਕੜ ਦੇ ਹਿਸਾਬ ਪਾਈ ਜਾਵੇ। ਇਸ ਦੇ ਨਾਲ ਹੀ ਬਿਜਾਈ ਸਮੇਂ 55 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਏ ਜਾਣ। ਬੂਟੇ ਲਗਾਉਣ ਤੋਂ 40 ਦਿਨਾਂ ਪਿਛੋਂ ਇਕ ਗੋਡੀ ਜ਼ਰੂਰ ਕਰੋ।
ਬਰੌਕਲੀ ਖ਼ੁਰਾਕੀ ਤੱਤਾਂ ਭਰਪੂਰ ਸਬਜ਼ੀ ਹੈ। ਇਸ ਵਿਚਲੇ ਖ਼ੁਰਾਕੀ ਤੱਤ ਕੈਂਸਰ ਤੇ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਵੀ ਸਹਾਇਤਾ ਕਰਦੇ ਹਨ। ਪਾਲਮਸਮਰਿਧੀ ਅਤੇ ਪੰਜਾਬ ਬਰੌਕਲੀ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਵਿਚੋਂ 70 ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ। ਜੇ ਬਰੋਕਲੀ ਦੀ ਕਾਸ਼ਤ ਕਰਨੀ ਚਾਹੁੰਦੇ ਹੋ ਤਾਂ ਇਸ ਦੀ ਪਨੀਰੀ ਬੀਜਣ ਦਾ ਹੁਣ ਢੁੱਕਵਾਂ ਸਮਾਂ ਹੈ। ਇਕ ਮਹੀਨੇ ਦੀ ਪਨੀਰੀ ਨੂੰ ਖੇਤ ਵਿਚ ਪੁੱਟ ਕੇ ਲਗਾਇਆ ਜਾ ਸਕਦਾ ਹੈ। ਇਕ ਏਕੜ ਲਈ ਪਨੀਰੀ ਤਿਆਰ ਕਰਨ ਵਾਸਤੇ 250 ਗ੍ਰਾਮ ਬੀਜ ਚਾਹੀਦਾ ਹੈ। ਇਸ ਵਾਰ ਘੱਟੋ ਘਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਬਿਜਾਈ ਜ਼ਰੂਰ ਕੀਤੀ ਜਾਵੇ।

Advertisement
Author Image

sukhwinder singh

View all posts

Advertisement
Advertisement
×