ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਰਗਰਮੀ ਤੇਜ਼
ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਜਨਵਰੀ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਵਿੱਚ ਤਿਆਰ ਹੋ ਚੁੱਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਵਿੱਚ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਸਰਗਰਮੀ ਤੇਜ਼ ਹੋ ਗਈ ਹੈ। ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਕਈ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅੱਜ ਹਲਵਾਰਾ ਹਵਾਈ ਅੱਡੇ ਦੀ ਸੁਰੱਖਿਆ ਦੀ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ।
ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਪ੍ਰਮੁੱਖ ਅਧਿਕਾਰੀ ਦੀਪਕ ਚੌਧਰੀ, ਸਾਹਨੇਵਾਲ ਤੇ ਹਲਵਾਰਾ ਹਵਾਈ ਅੱਡੇ ਦੇ ਪ੍ਰਮੁੱਖ ਅਧਿਕਾਰੀ ਪੰਕਜ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਅਮਿਤ ਕੁਮਾਰ, ਐਕਸੀਅਨ ਪ੍ਰਦੀਪ ਕੁਮਾਰ, ਖ਼ੁਫ਼ੀਆ ਬਿਊਰੋ ਅਫ਼ਸਰ ਸ਼ੁਭਮ ਕੁਮਾਰ ਅਤੇ ਇੰਡੀਅਨ ਰਿਜ਼ਰਵ ਬਟਾਲੀਅਨ ਦੀ ਤੀਜੀ ਬਟਾਲੀਅਨ ਦੇ ਕਮਾਂਡੈਂਟ ਨਰੇਸ਼ ਡੋਗਰਾ ਆਪਣੀਆਂ ਟੀਮਾਂ ਸਮੇਤ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਮੌਜੂਦ ਸਨ। ਹਵਾਈ ਅੱਡਾ ਸੁਰੱਖਿਆ ਦੇ ਇੰਚਾਰਜ ਕਮਾਂਡੈਂਟ ਨਰੇਸ਼ ਡੋਗਰਾ ਨੇ ਕਿਹਾ ਕਿ ਸਾਰੇ ਸੰਵੇਦਨਸ਼ੀਲ ਥਾਵਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਸਾਰੀਆਂ ਥਾਵਾਂ ਉੱਪਰ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਜਾਣਗੇ, ਹਾਲ ਦੀ ਘੜੀ ਪੰਜਾਬ ਪੁਲੀਸ ਦੇ ਇਕ ਅਧਿਕਾਰੀ ਦੀ ਨਿਗਰਾਨੀ ਹੇਠ ਕੇਵਲ ਚਾਰ ਸੁਰੱਖਿਆ ਕਰਮਚਾਰੀ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਗੱਡੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਚਿਤਾਵਨੀ ਬੋਰਡ ਲਾਏ ਜਾ ਰਹੇ ਹਨ। ਏਅਰਪੋਰਟ ਅਥਾਰਿਟੀ ਦੇ ਪ੍ਰਮੁੱਖ ਅਧਿਕਾਰੀ ਦੀਪਕ ਚੌਧਰੀ ਤੇ ਪੰਕਜ ਕੁਮਾਰ ਨੇ ਦੱਸਿਆ ਕਿ ਏ ਅਤੇ ਡੀ ਟੈਕਸੀ ਅਤੇ ਨਿਊ ਲਿੰਕ ਟੈਕਸੀ ਤਿਆਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਕੇਂਦਰ ਵਿੱਚ ਹਵਾਈ ਪੱਟੀ ਦੇ ਵਿਸਥਾਰ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਇਸ ਦੀ ਅੰਤਿਮ ਸੀਮਾ 31 ਮਾਰਚ ਤੈਅ ਕਰ ਦਿੱਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੰਮ ਵੀ ਦਸ ਕੁ ਦਿਨਾਂ ਵਿੱਚ ਪੂਰਾ ਹੋ ਜਾਵੇਗਾ।