For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਪਾਲ ਦੇ ਚੋਣ ਲੜਨ ਦੇ ਐਲਾਨ ਮਗਰੋਂ ਸਰਗਰਮੀਆਂ ਵਧੀਆਂ

08:31 AM Apr 28, 2024 IST
ਅੰਮ੍ਰਿਤਪਾਲ ਦੇ ਚੋਣ ਲੜਨ ਦੇ ਐਲਾਨ ਮਗਰੋਂ ਸਰਗਰਮੀਆਂ ਵਧੀਆਂ
Advertisement

ਗੁਰਬਖ਼ਸ਼ਪੁਰੀ
ਤਰਨ ਤਾਰਨ, 27 ਅਪਰੈਲ
ਡਿਬਰੂਗੜ੍ਹ ਜੇਲ੍ਹ ਵਿੱਚ ਐਨਐੱਸਏ ਅਧੀਨ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜਨ ਸਬੰਧੀ ਉਸ ਦੀ ਮਾਤਾ ਵੱਲੋਂ ਐਲਾਨ ਕਰਨ ਤੋਂ ਬਾਅਦ ਹਲਕੇ ਅੰਦਰ ਰਾਜਸੀ ਗਤੀਵਿਧੀਆਂ ਵਧ ਗਈਆਂ ਹਨ। ਇਸ ਐਲਾਨ ਨਾਲ ਅਕਾਲੀ ਅਤੇ ਖਾਸ ਕਰਕੇ ਪੰਥਕ ਹਲਕਿਆਂ ਅੰਦਰ ਚਰਚਾ ਛਿੜ ਗਈ ਹੈ। ਇਸ ਹਲਕੇ ਤੋਂ ਹਾਕਮ ਧਿਰ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਅਤੇ ‘ਆਪ’ ਨੇ ਆਪਣੀਆਂ ਸਰਗਰਮੀਆਂ ਵੀ ਤੇਜ਼ ਕੀਤੀਆਂ ਹੋਈਆਂ ਹਨ। ਇਸ ਪਾਰਟੀ ਨੂੰ ਅੰਮ੍ਰਿਤਪਾਲ ਸਿੰਘ ਦੇ ਚੋਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ‘ਆਪ’ ਦੀ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਕਿਸੇ ਕਿਸਮ ਦੀ ਸਾਂਝ ਨਹੀਂ ਹੈ ਜਿਸ ਕਰਕੇ ਵੋਟਾਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਦੀ ਕਤਾਰ ਵੱਖਰੀ ਹੈ| ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਜਾਂ ਫਿਰ ਉਸ ਦੇ ਪਰਿਵਾਰ ਨੇ ਉਸ ਨੂੰ ਉਮੀਦਵਾਰ ਬਣਾਉਣ ਲਈ ਅਕਾਲੀ ਦਲ ਨਾਲ ਨਾ ਤਾਂ ਕੋਈ ਸਲਾਹ ਮਸ਼ਵਰਾ ਕੀਤਾ ਹੈ ਅਤੇ ਨਾ ਹੀ ਪਾਰਟੀ ਤੋਂ ਸਮਰਥਨ ਦੀ ਮੰਗ ਕੀਤੀ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਨਾਲ ਕੋਈ ਵਾਹ-ਵਾਸਤਾ ਨਹੀਂ ਹੈ| ਇਸ ਆਗੂ ਨੇ ਕਿਹਾ ਕਿ ਅਕਾਲੀ ਦਲ ਆਪਣੀਆਂ ਗਤੀਵਿਧੀਆਂ ਨੂੰ ਆਮ ਵਾਂਗ ਜਾਰੀ ਰੱਖ ਰਿਹਾ ਹੈ ਅਤੇ ਪਾਰਟੀ ਹਲਕੇ ਤੋਂ ਉਮੀਦਵਾਰ ਦਾ ਐਲਾਨ ਸਮਾਂ ਆਉਣ ’ਤੇ ਕਰੇਗਾ। ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਬੁਲਾਰੇ ਬੇਅੰਤ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਇਸ ਧਿਰ ਵਲੋਂ ਪਾਰਟੀ ਦੇ ਜ਼ਿਲ੍ਹਾ ਆਗੂ ਹਰਪਾਲ ਸਿੰਘ ਬਲੇਰ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਸੀ| ਇਲਾਕੇ ਦੇ ਗਰਮਖਿਆਲੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਭਰਾ ਤਰਲੋਚਨ ਸਿੰਘ ਮਾਨੋਚਾਹਲ ਨੇ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ| ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਚੋਣ ਜਿਤਾਉਣਾ ਜ਼ਰੂਰੀ ਹੈ| ਪਰਿਵਾਰ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਾਉਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੂਹੀਆ ਏਜੰਸੀਆਂ ਨੇ ਵੀ ਸਰਗਰਮੀ ਵਧਾ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×