ਮਿਨੀ ਟਰਾਂਸਪੋਰਟ ਯੂਨੀਅਨ ਦੇ ਕਾਰਕੁਨ ਸੜਕਾਂ ’ਤੇ ਉਤਰੇ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ,6 ਅਗਸਤ
ਛੋਟਾ ਹਾਥੀ ਯੂਨੀਅਨ ਸ਼ਾਹਕੋਟ ਨੇ ਅੱਜ ਇੱਥੋਂ ਦੇ ਥਾਣੇ ਅੱਗੇ 2 ਘੰਟੇ ਟ੍ਰੈਫਿਕ ਜਾਮ ਕੀਤਾ। ਯੂਨੀਅਨ ਵਰਕਰਾਂ ਥਾਣੇ ਅੱਗੇ ਆਪਣੇ ਵਹੀਕਲ ਖੜ੍ਹੇ ਕਰਕੇ ਸਾੜੀ ਸੜਕ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸ਼ਾਹਮਣਾ ਦਾ ਸ਼ਾਹਮਣਾ ਕਰਨਾ ਪਿਆ। ਥਾਣੇ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਬੇਰੁਖੀ ਕਾਰਨ ਉਹ ਲਗਾਤਾਰ ਤਬਾਹੀ ਵੱਲ ਜਾ ਰਹੇ ਹਨ। ਉਪਰੋਂ ਜੁਗਾੜੀ ਰੇਹੜੀਆਂ ਦੇ ਚੱਲਣ ਕਾਰਨ ਉਨ੍ਹਾਂ ਦਾ ਧੰਦਾ ਖਤਮ ਹੋਣ ਕਿਨਾਰੇ ਪਹੁੰਚ ਗਿਆ ਹੈ। ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਜੁਗਾੜੀ ਰੇਹੜੀਆਂ ਕਾਰਨ ਛੋਟਾ ਹਾਥੀ ਵਾਲਿਆਂ ਦੇ ਰੁਜ਼ਗਾਰ ਦਾ ਉਜਾੜਾ ਹੋ ਰਿਹਾ ਹੈ। ਮਹਿੰਗੇ ਟੈਕਸ ਭਰ ਕੇ ਵੀ ਉਹ ਇਸ ਸਮੇਂ ਘੋਰ ਆਰਥਿਕ ਤੰਗੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਰਥਿਕ ਤਬਾਹੀ ਤੋਂ ਬਚਾਉਣ ਲਈ ਸਾਰਥਿਕ ਕਦਮ ਚੁੱਕੇ ਜਾਣ। ਹੋਰਨਾਂ ਤੋਂ ਇਲਾਵਾ ਰਾਜੇਸ ਕੁਮਾਰ,ਰਵਿੰਦਰ ਸਿੰਘ ਬਾਜਵਾ,ਮਨਦੀਪ ਸਿੰਘ,ਬੰਸੀ ਅਤੇ ਗਗਨ ਸ਼ਰਮਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਸ਼ਾਹਕੋਟ ਗੁਰਦੀਪ ਸਿੰਘ ਸੰਧੂ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ।
ਦੀਨਾਨਗਰ (ਸਰਬਜੀਤ ਸਾਗਰ): ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਆਲ ਪੰਜਾਬ ਤੇ ਯੂਨਾਈਟੇਡ ਟਰੇਡ ਯੂਨੀਅਨ ਦੇ ਸੱਦੇ ’ਤੇ ਪਰਮਾਨੰਦ ਬਾਈਪਾਸ ਦੀਨਾਨਗਰ ਵਿਖੇ ਅੱਠ ਘੰਟੇ ਲਈ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗ਼ੈਰਗਾਨੂੰਨੀ ਢੰਗ ਨਾਲ ਚੱਲ ਰਹੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਸਰਕਾਰ ਤੁਰੰਤ ਬੰਦ ਕਰਵਾਏ ਕਿਉਂਕਿ ਇਸਨੂੰ ਬੰਦ ਕਰਵਾਉਣ ਲਈ ਮਾਣਯੋਗ ਅਦਾਲਤ ਵੱਲੋਂ ਵੀ ਆਦੇਸ਼ ਜਾਰੀ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਅੰਦਰ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ। ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨੇ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਧਰਨਾ ਦੇਣ ਵਾਲਿਆਂ ’ਚ ਮੀਤ ਪ੍ਰਧਾਨ ਸੁਰਿੰਦਰ ਕਲੌਤਰਾ, ਖਜ਼ਾਨਚੀ ਰਛਪਾਲ ਸਿੰਘ, ਰਾਕੇਸ਼ ਕੁਮਾਰ, ਰਵਿੰਦਰ ਕਾਟਲ, ਹਰਜਿੰਦਰ ਕੁਮਾਰ, ਲਖਵਿੰਦਰ ਸਿੰਘ, ਸੂਰਤ ਸਿੰਘ, ਗੋਸਾ, ਭਿੰਦਾ, ਬਲਜੀਤ ਸਿੰਘ, ਨਰਿੰਦਰ ਪਾਲ, ਵਿਸ਼ਾਲ ਜੋਗੀ ਅਤੇ ਸੁਰਿੰਦਰ ਕੁਮਾਰ ਤੋਂ ਇਲਾਵਾ ਹੋਰ ਡਰਾਈਵਰ ਸ਼ਾਮਲ ਸਨ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ) : ਪੰਜਾਬ ਭਰ ਵਿੱਚ ਚੱਲ ਰਹੇ ਜੁਗਾੜੁ ਵਾਹਨਾ ਉੱਪਰ ਸਥਾਈ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਯੂਨਾਈਟਡ ਟ੍ਰੇਡ ਯੂਨੀਅਨ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਇੱਕ ਘੰਟੇ ਵਾਸਤੇ ਅੰਮ੍ਰਿਤਸਰ ਜਲੰਧਰ ਜੀਟੀ ਰੋਡ ‘ਤੇ ਸਥਿਤ ਨਿੱਜਪੁਰਾ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਵਾਸਤੇ ਮੁਫ਼ਤ ਕਰਵਾਇਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਤੇ ਸਾਹਿਬ ਸਿੰਘ ਅਜਨਾਲਾ ਨੇ ਦੱਸਿਆ ਪੂਰੇ ਰਾਜ ਵਿੱਚ ਜੁਗਾੜੂ ਵਾਹਨ ਜੋ ਕਿਸੇ ਕੰਪਨੀ ਦੇ ਵਾਹਨ ਨੂੰ ਤੋੜ ਮਰੋੜ ਕੇ ਬਣਾਏ ਜਾਂਦੇ ਹਨ ਅਤੇ ਟ੍ਰਾਂਸਪੋਰਟ ਨਿਯਮਾਂ ਅਨੁਸਾਰ ਗੈਰ ਕਾਨੂੰਨੀ ਹਨ ਦੀ ਭਰਮਾਰ ਹੋ ਰਹੀ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਡੀਐਸਪੀ ਜੰਡਿਆਲਾ ਗੁਰੂ ਸੁੱਚਾ ਸਿੰਘ ਅਤੇ ਤਹਿਸੀਲਦਾਰ ਮੁਕੇਸ਼ ਕੁਮਾਰ ਨੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਹੱਲ ਲਈ ਜਲਦੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਏਗੀ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਮੰਗ ਪੱਤਰ ਵੀ ਡੀਐਸਪੀ ਅਤੇ ਤਹਿਸੀਲਦਾਰ ਨੂੰ ਸੌਂਪਿਆ।