ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਮਸ਼ੀਲ ਇਤਿਹਾਸਕਾਰ ਡਾ. ਕਿਰਪਾਲ ਸਿੰਘ

06:59 AM Feb 11, 2024 IST

 

Advertisement

ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਸੁਫ਼ਨਾ ਸੀ ਕਿ ਪੰਜਾਬ ਵਿੱਚ ਇਤਿਹਾਸਕਾਰੀ ਨੂੰ ਵਿਕਸਿਤ ਲੀਹਾਂ ਉੱਤੇ ਤੋਰਨ ਅਤੇ ਇਤਿਹਾਸ ਦੇ ਖੋਜਕਾਰ ਤਿਆਰ ਕਰਨ ਲਈ ਉੱਚ-ਪੱਧਰੀ ਟ੍ਰੇਨਿੰਗ ਇੰਸਟੀਚਿਊਟ ਸਥਾਪਤ ਹੋਵੇ ਜਿਸ ਵਿੱਚ ਇਤਿਹਾਸਕਾਰੀ ਪ੍ਰਤੀ ਰੁਚੀ ਰੱਖਣ ਵਾਲੇ ਪ੍ਰਤਿਭਾਸ਼ੀਲ ਵਿਦਿਆਰਥੀਆਂ ਨੂੰ ਤਲਾਸ਼ਣ, ਤਰਾਸ਼ਣ ਅਤੇ ਹਰ ਪੱਖੋਂ ਸਿੱਖਿਅਤ ਕਰਨ ਦਾ ਮੁਕੰਮਲ ਪ੍ਰਬੰਧ ਹੋਵੇ। ਸਰਕਾਰੇ-ਦਰਬਾਰੇ ਅਤੇ ਯੂਨੀਵਰਸਿਟੀਆਂ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਹਰ ਮੀਟਿੰਗ, ਹਰ ਮੁਲਾਕਾਤ ਸਮੇਂ ਇਸ ਸੁਪਨਸਾਜ਼ੀ ਨੂੰ ਅਮਲੀ ਰੂਪ ਦੇਣ ਹਿਤ ਝੰਜੋੜਦੇ ਰਹਿਣਾ, ਉਨ੍ਹਾਂ ਦਾ ਲਾਜ਼ਮੀ ਗ਼ੈਰ-ਰਸਮੀ ਏਜੰਡਾ ਬਣ ਚੁੱਕਾ ਸੀ।

ਚਮਕੌਰ ਸਿੰਘ ਡਾ.

Advertisement

ਸੱਤ ਮਈ 2019 ਨੂੰ ਜ਼ਿੰਦਗੀ ਦੇ ਸਾਢੇ ਨੌਂ ਦਹਾਕੇ ਹੰਢਾ ਕੇ ਰੁਖ਼ਸਤ ਹੋਏ ਨਾਮਵਰ ਇਤਿਹਾਸਕਾਰ ਡਾ. ਕਿਰਪਾਲ ਸਿੰਘ ਅਕਾਦਮਿਕ ਜਗਤ ਦਾ ਜਾਣਿਆ ਪਛਾਣਿਆ ਨਾਮ ਹੈ। ਉਮਰ ਦੇ ਆਖਰੀ ਪੜਾਅ ਉੱਤੇ ਵੀ ਇਸ ਸਿਰੜੀ ਵਿਦਵਾਨ ਨੂੰ ਜਵਾਨਾਂ ਵਰਗੀ ਜ਼ਿੰਦਾਦਿਲੀ ਨਾਲ ਖੋਜ ਕਾਰਜ ਵਿੱਚ ਜੁਟੇ ਹੋਏ ਦਰਸਦੇ ਰਹੇ ਹਾਂ। ਚਾਰ ਜਨਵਰੀ 1924 ਨੂੰ ਸ੍ਰੀ ਧਨੀਰਾਮ ਕਪੂਰ ਦੇ ਸਹਿਜਧਾਰੀ ਪਰਿਵਾਰ ਵਿੱਚ ਮਾਤਾ ਮਾਨ ਕੌਰ ਦੀ ਕੁੱਖੋਂ ਜਨਮੇ ਡਾ. ਕਿਰਪਾਲ ਸਿੰਘ ਦੇ ਮਨ ਵਿੱਚ ਗੁਰਬਾਣੀ ਅਤੇ ਗੁਰੂ ਸਾਹਿਬਾਨ ਪ੍ਰਤੀ ਅੰਤਾਂ ਦੀ ਸ਼ਰਧਾ ਸੀ। ਹਰ ਮੁੱਦੇ ਉੱਤੇ ਗੁਰਬਾਣੀ ਦੀ ਕੋਈ ਢੁਕਵੀਂ ਤੁਕ ਦਾ ਹਵਾਲਾ ਦੇਣਾ ਉਨ੍ਹਾਂ ਦਾ ਸੁਭਾਅ ਸੀ। ਉਰਦੂ-ਫ਼ਾਰਸੀ ਦੇ ਅਨੇਕ ਸ਼ਿਅਰ ਜ਼ੁਬਾਨੀ ਯਾਦ ਸਨ। ਕਿਸੇ ਵੀ ਛੋਟੀ-ਵੱਡੀ ਸਮੱਸਿਆ ਸਮੇਂ ਇਹ ਸ਼ਿਅਰ ਬੋਲ ਕੇ ਸਭ ਤੌਖ਼ਲਿਆਂ ਨੂੰ ਰਫੂਚੱਕਰ ਕਰ ਦੇਣਾ ਉਨ੍ਹਾਂ ਦੀ ਸਹਿਜ ਪ੍ਰਕਿਰਿਆ ਰਹੀ:
ਤੁੰਦੀ ਏ ਬਾਦੇ ਮੁਖਾਲਿਫ਼ ਸੇ ਨਾ ਘਬਰਾ ਐ ਓਕਾਬ,
ਯੇਹ ਤੋ ਚਲਤੀ ਹੈ ਤੁਝੇ ਊਚਾ ਉਡਾਨੇ ਕੇ ਲੀਏ।
ਇਹ ਸਿਰੜੀ ਇਤਿਹਾਸਕਾਰ ਪੂਰੀ ਜ਼ਿੰਦਗੀ ਸਿੱਖ ਇਤਿਹਾਸ ਅਤੇ ਪੰਜਾਬ ਦੀ ਇਤਿਹਾਸਕਾਰੀ ਨੂੰ ਸਮਰਪਿਤ ਰਿਹਾ ਜਿਨ੍ਹਾਂ ਦਾ ਆਪਣਾ ਸਮੁੱਚਾ ਜੀਵਨ ਵੀ ਆਪਣੇ ਆਪ ਵਿੱਚ ਇਤਿਹਾਸ ਹੈ। ਉਹ ਉਨ੍ਹਾਂ ਦਿਲਕੰਬਾਊ ਇਤਿਹਾਸਕ ਘਟਨਾਵਾਂ ਦੇ ਚਸ਼ਮਦੀਦ ਗਵਾਹ ਸਨ ਜਿਸ ਨੇ ਹਿੰਦੋਸਤਾਨ ਦੀ ਆਜ਼ਾਦੀ ਦੇ ਜਸ਼ਨਾਂ ਨੂੰ ਬਰਬਾਦੀ ਦੇ ਮੰਜ਼ਰ ਵਿੱਚ ਬਦਲ ਦਿੱਤਾ ਸੀ। ਅੰਗਰੇਜ਼ੀ ਸਰਕਾਰ ਦੀ ਕੁਟਿਲ ਨੀਤੀ ਅਤੇ ਹਿੰਦੋਸਤਾਨ ਦੀ ਲੀਡਰਸ਼ਿਪ ਦੀ ਅਣਗਹਿਲੀ ਭਰੀ ਤੇ ਫ਼ਿਰਕੂ ਪਹੁੰਚ ਕਾਰਨ ਵਾਪਰੇ 1947 ਦੇ ਭਿਆਨਕ ਖ਼ੂਨ-ਖਰਾਬੇ ਅਤੇ ਆਬਾਦੀ ਦੇ ਉਜਾੜੇ ਨੂੰ ਡਾ. ਕਿਰਪਾਲ ਸਿੰਘ ਨੇ ਹੱਡੀਂ ਹੰਢਾਇਆ। 23 ਸਾਲ ਦੀ ਉਮਰੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਗੁੱਜਰਾਂਵਾਲਾ ਦੀ ਜਨਮਭੂਮੀ ਨੂੰ ਛੱਡਣ ਦਾ ਵੈਰਾਗ, ਭਾਵੁਕਤਾ ਦੀਆਂ ਤਹਿਆਂ ਅੰਦਰ ਇਸ ਕਦਰ ਉਤਰ ਚੁੱਕਾ ਸੀ ਕਿ ਉਸ ਭਿਆਨਕ ਸਮੇਂ ਦੀ ਗੱਲ ਕਰਦਿਆਂ ਅਕਸਰ ਉਨ੍ਹਾਂ ਦਾ ਗੱਚ ਭਰ ਆਉਂਦਾ ਅਤੇ ਹੰਝੂ ਛਲਕ ਪੈਂਦੇ ਸਨ। ਕੁਦਰਤ ਦੇ ਨਿਜ਼ਾਮ ਵਿੱਚ ਸਵੈ-ਸੰਤੁਲਨ ਦੀ ਪ੍ਰਕਿਰਿਆ ਦੌਰਾਨ ਕਈ ਵਾਰ ਇਸ ਤਰ੍ਹਾਂ ਦੇ ਵੱਡੇ ਸਦਮੇ ਅਤੇ ਸੰਤਾਪ ਇਨਸਾਨ ਦੇ ਪੂਰੇ ਜੀਵਨ ਨੂੰ ਪਲਟ ਕੇ ਰੱਖ ਦਿੰਦੇ ਹਨ। ਸ਼ਾਇਦ ਅਜਿਹਾ ਹੀ ਵਾਪਰਿਆ; ਸੰਤਾਲੀ ਦੇ ਉਜਾੜੇ ਨੇ ਪਿੰਡ ਗੁੱਨਾਊਰ (ਗੁੱਜਰਾਂਵਾਲਾ) ਦੇ ਇੱਕ ਸਾਧਾਰਨ ਨੌਜਵਾਨ ਕਿਰਪਾਲ ਸਿੰਘ ਨੂੰ ਇਤਿਹਾਸਕਾਰ ਬਣਾ ਦਿੱਤਾ। ਭਾਈ ਵੀਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਅਤੇ ਚੰਗੇ ਅਧਿਆਪਕਾਂ ਦੀ ਸੰਗਤ ਤੇ ਪ੍ਰੇਰਨਾ ਸੋਨੇ ਉੱਤੇ ਸੁਹਾਗਾ ਸਿੱਧ ਹੋਈ।
ਸੰਤਾਲੀ ਦੀ ਵੰਡ ਉਪਰੰਤ ਤਿੰਨ ਸਾਲ ਦਿੱਲੀ ਰਹਿਣ ਸਮੇਂ ਬੜੀ ਮੁਸ਼ਕਿਲ ਨਾਲ ਕਲਰਕ ਦੀ ਨੌਕਰੀ ਮਿਲੀ ਅਤੇ ਇਸੇ ਦੌਰਾਨ ਐਮ.ਏ. ਇਤਿਹਾਸ ਕਰ ਕੇ ਰੁਕੀ ਹੋਈ ਪੜ੍ਹਾਈ ਨੂੰ ਅੱਗੇ ਤੋਰਿਆ। ਫਿਰ ਡਾ. ਕਿਰਪਾਲ ਸਿੰਘ ਨਾਰੰਗ ਅਤੇ ਪ੍ਰਿੰਸੀਪਲ ਜੋਧ ਸਿੰਘ ਦੇ ਸਹਿਯੋਗ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿੱਖ ਇਤਿਹਾਸ ਵਿਭਾਗ ਵਿੱਚ ਖੋਜ ਦੇ ਕੰਮ ਨੂੰ ਐਸਾ ਹੱਥ ਪਾਇਆ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀਆਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਮੌਲਿਕ ਅਤੇ ਸੰਪਾਦਿਤ 50 ਤੋਂ ਵਧੇਰੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਸਾਲ 1950 ਤੋਂ 1965 ਤੱਕ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੇਵਾ ਕਾਲ ਦੌਰਾਨ ਫ਼ਾਰਸੀ-ਸੰਸਕ੍ਰਿਤ ਅਤੇ ਪੰਜਾਬੀ-ਉਰਦੂ ਦੀਆਂ ਹੱਥਲਿਖਤਾਂ ਦੇ ਕੈਟਾਲਾਗ ਤਿਆਰ ਕਰਨ ਤੋਂ ਇਲਾਵਾ ‘ਜਨਮਸਾਖੀ ਮਿਹਰਬਾਨ’ (ਸੰਪਾ.), ‘ਬਾਬਾ ਆਲਾ ਸਿੰਘ’, ‘ਸ਼ਹੀਦੀਆਂ’, ‘ਦਸ ਗੁਰੁ ਕਥਾ: ਕਵੀ ਕੰਕਨ’ (ਸੰਪਾ.) ਅਤੇ ‘ਚਾਰਬਾਗ-ਏ-ਪੰਜਾਬ’ (ਫ਼ਾਰਸੀ-ਸੰਪਾ.) ਸਮੇਤ ਕਰੀਬ ਇੱਕ ਦਰਜਨ ਪੁਸਤਕਾਂ ਛਪਵਾਈਆਂ। ਉਨ੍ਹਾਂ ਦੀ ਰੁਚੀ ਨੂੰ ਦੇਖਦਿਆਂ 1964 ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੀ ਵੰਡ ਦੇ ਇਤਿਹਾਸ ਬਾਰੇ ਖੋਜ ਕਰਨ ਲਈ ਛੇ ਮਹੀਨੇ ਦੇ ਟੂਰ ਉੱਤੇ ਇੰਗਲੈਂਡ ਭੇਜਿਆ। ਉੱਥੇ ਉਨ੍ਹਾਂ ਮਾਊਂਟਬੈਟਨ, ਲਾਰਡ ਹਾਰਡਿੰਗ, ਲਾਰਡ ਐਟਲੀ, ਲਾਰਡ ਇਸਮੇ, ਸਰ ਫਰਾਂਸਿਸ ਮੂਡੀ ਸਮੇਤ ਹਿੰਦੋਸਤਾਨ ਵਿੱਚ ਵੱਖ ਵੱਖ ਅਹੁਦਿਆਂ ਉੱਤੇ ਰਹਿ ਚੁੱਕੇ ਕਈ ਸਾਬਕਾ ਅੰਗਰੇਜ਼ ਅਫਸਰਾਂ ਨਾਲ ਮੁਲਾਕਾਤਾਂ ਕਰ ਕੇ ਇਤਿਹਾਸਕ ਤੱਥ ਇਕੱਤਰ ਕੀਤੇ ਅਤੇ ਵਾਪਸ ਆ ਕੇ ਸਾਰਾ ਰਿਕਾਰਡ ਪੰਜਾਬ ਸਟੇਟ ਆਰਕਾਈਵਜ਼, ਪਟਿਆਲਾ ਵਿਖੇ ਜਮ੍ਹਾ ਕਰਵਾ ਦਿੱਤਾ।
1965 ਵਿੱਚ ਡਾ. ਨਾਰੰਗ ਦੀ ਪ੍ਰੇਰਨਾ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੋਜ ਦਾ ਮੋਰਚਾ ਆਣ ਸੰਭਾਲਿਆ। ‘ਪਾਰਟੀਸ਼ਨ ਆਫ ਪੰਜਾਬ’ ਵਿਸ਼ੇ ਉੱਤੇ ਪੀ-ਐਚ.ਡੀ. ਸੰਪੰਨ ਕੀਤੀ ਜਿਸ ਨੂੰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ’ਚ ਛਾਪਿਆ। ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜਨਮ ਸ਼ਤਾਬਦੀ ਸਮੇਂ ਜਨਮਸਾਖੀਆਂ ਬਾਰੇ ਖੋਜ ਕਰਕੇ ‘ਜਨਮਸਾਖੀ ਪਰੰਪਰਾ’ (1968) ਪੁਸਤਕ ਛਪਵਾਈ ਜੋ ਬਾਅਦ ਵਿੱਚ ‘ਜਨਮਸਾਖੀ ਟ੍ਰਡੀਸ਼ਨ: ਐਨ ਐਨਾਲਿਟੀਕਲ ਸਟੱਡੀ’ (2004) ਦੇ ਸਿਰਲੇਖ ਹੇਠ ਅੰਗਰੇਜ਼ੀ ਵਿੱਚ ਵੀ ਛਪੀ। ਪੰਜਾਬੀ ਯੂਨੀਵਰਸਿਟੀ ਵਿੱਚ ‘ਮੌਖਿਕ ਇਤਿਹਾਸ ਸੈੱਲ’ ਸਥਾਪਤ ਕਰ ਕੇ ਡਾ. ਮਹਿੰਦਰ ਸਿੰਘ ਰੰਧਾਵਾ, ਖ਼ਿਜ਼ਰ ਹਯਾਤ ਖਾਂ ਸਮੇਤ 149 ਅਹਿਮ ਹਸਤੀਆਂ ਪਾਸੋਂ ਇਤਿਹਾਸਕ ਵੇਰਵੇ ਰਿਕਾਰਡ ਕਰਵਾਏ। 1983 ਵਿੱਚ ਆਈਸੀਐੱਚਆਰ (Indian Council of Historical Research) ਨੇ ਆਪਣੀ ਸਰਪ੍ਰਸਤੀ ਹੇਠ ਤਿੰਨ ਮਹੀਨੇ ਲਈ ਦੁਬਾਰਾ ਇੰਗਲੈਂਡ ਭੇਜ ਕੇ ਪੰਜਾਬ ਦੀ ਵੰਡ ਬਾਰੇ ਸਮੱਗਰੀ ਇਕੱਤਰ ਕਰਵਾਈ ਜੋ ‘ਸਿਲੈਕਟ ਡਾਕੂਮੈਂਟਸ ਆਨ ਪਾਰਟੀਸ਼ਨ ਆਫ ਪੰਜਾਬ’ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ। ‘ਮੇਕਰਜ਼ ਆਫ ਪੰਜਾਬ’, ‘ਪਰਸਪੈਕਟਿਵਜ਼ ਆਨ ਸਿੱਖ ਗੁਰੂਜ਼’ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਹਿਸਟੋਰੀਕਲ-ਸੋਸ਼ਿਉ-ਇਕਨਾਮਿਕ ਪਰਸਪੈਕਟਿਵ’ ਉਨ੍ਹਾਂ ਦੀਆਂ ਕਾਬਲ-ਏ-ਜ਼ਿਕਰ ਪੁਸਤਕਾਂ ਹਨ। ਉਨ੍ਹਾਂ ਬੜੀ ਦੂਰਅੰਦੇਸ਼ੀ ਦਿਖਾਉਂਦਿਆਂ ਆਪਣੀ ਜ਼ਿੰਦਗੀ ਦੇ ਲੰਬੇ ਸਫ਼ਰ ਦੌਰਾਨ ਦੇਸ਼-ਵਿਦੇਸ਼ ਤੋਂ ਇਕੱਤਰ ਕੀਤੀਆਂ ਪੁਸਤਕਾਂ ਵਾਲੀ ਨਿੱਜੀ ਲਾਇਬਰੇਰੀ, ਜਿਸ ਵਿੱਚ ਪੰਜ-ਛੇ ਹਜ਼ਾਰ ਉਪਯੋਗੀ ਪੁਸਤਕਾਂ, ਖਰੜੇ, ਹੱਥਲਿਖਤਾਂ, ਫੋਟੋਕਾਪੀਆਂ ਸ਼ਾਮਲ ਹਨ, ਆਪਣੇ ਜਿਉਂਦੇ-ਜੀਅ ਪੰਜਾਬੀ ਯੂਨੀਵਰਸਿਟੀ ਨੂੰ ਸੌਂਪ ਦਿੱਤੀ।
ਸਾਲ 2001 ਤੋਂ ਡਾ. ਕਿਰਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਥਾਪਤ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ’ ਚੰਡੀਗੜ੍ਹ ਦੇ ਡਾਇਰੈਕਟਰ ਵਜੋਂ ਰਿਸਰਚ ਸਕਾਲਰਜ਼ ਦੀ ਟੀਮ ਨਾਲ ਕਵੀ ਸੰਤੋਖ ਸਿੰਘ ਰਚਿਤ ‘ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ’ ਦੀ ਸੰਪਾਦਨਾ ਅਤੇ ਅਰਥਾਂ ਦਾ ਖੋਜ-ਕਾਰਜ ਕਰਵਾਇਆ। ਉਨ੍ਹਾਂ ਦੇ ਜਿਉਂਦੇ ਜੀਅ ਇਸ ਪ੍ਰੋਜੈਕਟ ਵੱਲੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਜੀ ਤੱਕ ਨੌਂ ਗੁਰੂ ਸਾਹਿਬਾਨ ਦਾ ਜੀਵਨ ਬਿਰਤਾਂਤ ਇੱਕੀ ਜਿਲਦਾਂ ਵਿੱਚ ਮੁਕੰਮਲ ਹੋ ਕੇ ਛਪ ਚੁੱਕਾ ਸੀ ਅਤੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਸਬੰਧਿਤ ਤਿੰਨ ਜਿਲਦਾਂ ਉੱਤੇ ਕਾਰਜ ਚੱਲ ਰਿਹਾ ਸੀ ਜੋ ਹੁਣ ਛਪ ਚੁੱਕੀਆਂ ਹਨ। ਨੌਂ ਨਵੰਬਰ 2018 ਨੂੰ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ। ਇਸ ਗੱਲ ਦਾ ਮਲਾਲ ਉਨ੍ਹਾਂ ਨੂੰ ਅੰਦਰੇ ਅੰਦਰ ਆਖ਼ਰੀ ਦਮ ਤੱਕ ਸਤਾਉਂਦਾ ਰਿਹਾ।
ਇਸ ਇਤਿਹਾਸਕਾਰ ਦਾ ਸੁਫ਼ਨਾ ਸੀ ਕਿ ਪੰਜਾਬ ਵਿੱਚ ਇਤਿਹਾਸਕਾਰੀ ਨੂੰ ਵਿਕਸਿਤ ਲੀਹਾਂ ਉੱਤੇ ਤੋਰਨ ਅਤੇ ਇਤਿਹਾਸ ਦੇ ਖੋਜਕਾਰ ਤਿਆਰ ਕਰਨ ਲਈ ਉੱਚ-ਪੱਧਰੀ ਟ੍ਰੇਨਿੰਗ ਇੰਸਟੀਚਿਊਟ ਸਥਾਪਤ ਹੋਵੇ ਜਿਸ ਵਿੱਚ ਇਤਿਹਾਸਕਾਰੀ ਪ੍ਰਤੀ ਰੁਚੀ ਰੱਖਣ ਵਾਲੇ ਪ੍ਰਤਿਭਾਸ਼ੀਲ ਵਿਦਿਆਰਥੀਆਂ ਨੂੰ ਤਲਾਸ਼ਣ, ਤਰਾਸ਼ਣ ਅਤੇ ਹਰ ਪੱਖੋਂ ਸਿੱਖਿਅਤ ਕਰਨ ਦਾ ਮੁਕੰਮਲ ਪ੍ਰਬੰਧ ਹੋਵੇ। ਸਰਕਾਰੇ-ਦਰਬਾਰੇ ਅਤੇ ਯੂਨੀਵਰਸਿਟੀਆਂ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਹਰ ਮੀਟਿੰਗ, ਹਰ ਮੁਲਾਕਾਤ ਸਮੇਂ ਇਸ ਸੁਪਨਸਾਜ਼ੀ ਨੂੰ ਅਮਲੀ ਰੂਪ ਦੇਣ ਹਿਤ ਝੰਜੋੜਦੇ ਰਹਿਣਾ, ਉਨ੍ਹਾਂ ਦਾ ਲਾਜ਼ਮੀ ਗ਼ੈਰ-ਰਸਮੀ ਏਜੰਡਾ ਬਣ ਚੁੱਕਾ ਸੀ। ਕਾਸ਼! ਕੋਈ ਸੰਸਥਾ ਉਨ੍ਹਾਂ ਦਾ ਇਹ ਸੁਪਨਾ ਪੂਰਾ ਕਰਨ ਦਾ ਉਪਰਾਲਾ ਕਰ ਸਕੇ।
ਡਾ. ਕਿਰਪਾਲ ਸਿੰਘ 1992 ਤੋਂ 1997 ਤੱਕ ਏਸ਼ੀਆਟਿਕ ਸੁਸਾਇਟੀ ਕਲਕੱਤਾ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਫਿਰ ਸਕੱਤਰ ਰਹੇ। 2008 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਦੀ ਇਤਿਹਾਸਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਕਾਰਨ ਇਨ੍ਹਾਂ ਨੂੰ ਡੀ.ਲਿਟ. ਦੀ ਆਨਰੇਰੀ ਡਿਗਰੀ ਅਤੇ 2011 ਵਿੱਚ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ। ਡਾ. ਸੁਤਿੰਦਰ ਸਿੰਘ ਨੂਰ ਦੇ ਉੱਦਮ ਨਾਲ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਲੇਖਕਾਂ ਲਈ ਸ਼ੁਰੂ ਕੀਤੀ ਇੱਕ ਯੋਜਨਾ ਤਹਿਤ ਲਿਖੀ ਗਈ ਸਾਹਿਤਕ ਸਵੈ-ਜੀਵਨੀ ‘ਨਿਰਗੁਣ-ਨਿਸਤਾਰੇ’ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਛਪ ਚੁੱਕੀ ਹੈ ਜੋ ਉਨ੍ਹਾਂ ਦੇ ਜੀਵਨ-ਸੰਘਰਸ਼ ਦੀ ਸਾਖਸ਼ਾਤ ਗਵਾਹੀ ਭਰਦੀ ਹੈ। ਚੀਫ਼ ਖਾਲਸਾ ਦੀਵਾਨ, ਅੰਮ੍ਰਿਤਸਰ; ਸਿੱਖ ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ; ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਪ੍ਰਮੁੱਖ ਸੰਸਥਾਵਾਂ ਵੱਲੋਂ ਵੱਖ ਵੱਖ ਸਮੇਂ ਡਾ. ਕਿਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। 21 ਜਨਵਰੀ 2014 ਨੂੰ ਸਿੱਖ ਅਧਿਐਨ ਦੇ ਖੇਤਰ ਵਿੱਚ ਕਰਮਸ਼ੀਲ ਇਸ ਸ਼ਖ਼ਸੀਅਤ ਦੀਆਂ ਅਣਥੱਕ ਸੇਵਾਵਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਨਮਾਨਿਆ ਗਿਆ।
ਉਨ੍ਹਾਂ ਨਾਲ ਤਕਰੀਬਨ 12 ਸਾਲ ਕੰਮ ਕਰਦਿਆਂ ਮੈਂ ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਖੋਜ ਅਤੇ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਵਿਸ਼ੇ ਬਾਰੇ ਬਹੁਤ ਘੱਟ ਹੀ ਗੱਲ ਕਰਦੇ ਸੁਣਿਆ। ਉਹ ਹਮੇਸ਼ਾ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਸਨ। ਅਹੁਦਿਆਂ-ਸਨਮਾਨਾਂ ਨੂੰ ਉਨ੍ਹਾਂ ਹਮੇਸ਼ਾ ਗੁਰੂ ਦੀ ਬਖਸ਼ਿਸ਼ ਵਜੋਂ ਹੀ ਦੇਖਿਆ। ਅਹੁਦਿਆਂ ਅਤੇ ਧਨ-ਦੌਲਤ ਪਿੱਛੇ ਦੌੜਨ ਨੂੰ ਵਿਅਰਥ ਸਮਝਦਿਆਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਹਵਾਲਾ ਦੇ ਕੇ ਉਹ ਅਕਸਰ ਕਹਿੰਦੇ ਕਿ ਇਹ ਤੁਹਾਡੇ ਪਰਛਾਵੇਂ ਹਨ। ਇਨ੍ਹਾਂ ਦਾ ਮੋਹ ਤਿਆਗ ਕੇ ਮੂੰਹ ਭੁਆ ਲਉ ਤਾਂ ਇਹ ਤੁਹਾਡੇ ਪਿੱਛੇ ਆਪਣੇ ਆਪ ਤੁਰੇ ਆਉਣਗੇ।
ਡਾ. ਕਿਰਪਾਲ ਸਿੰਘ ਦੀ ਬਹੁਮੁੱਲੀ ਇਤਿਹਾਸਕ ਦੇਣ ਯਾਦ ਰੱਖਣਯੋਗ ਹੈ। ਉਨ੍ਹਾਂ ਦੇ ਖੋਜ ਕਾਰਜ ਨਵੀਂ ਪੀੜ੍ਹੀ ਖ਼ਾਸਕਰ ਨਵੇਂ ਖੋਜਕਾਰਾਂ ਲਈ ਹਮੇਸ਼ਾ ਪ੍ਰੇਰਨਾ ਦਾ ਸਬੱਬ ਅਤੇ ਸਰੋਤ ਬਣੇ ਰਹਿਣਗੇ।

Advertisement