ਟਰੱਕ ਦੀ ਫੇਟ ਲੱਗਣ ਕਾਰਨ ਐਕਟਿਵਾ ਸਵਾਰ ਬੱਚੇ ਦੀ ਮੌਤ
ਪੱਤਰ ਪ੍ਰੇਰਕ
ਜਲੰਧਰ, 26 ਅਗਸਤ
ਇੱਥੋਂ ਦੇ ਅਮਰ ਸਾਹਿਬ ਮਾਰਗ ’ਤੇ ਸੰਜੇ ਗਾਂਧੀ ਕਲੋਨੀ ਦੇ ਨਜ਼ਦੀਕ ਪੈਂਦੀ ਨਹਿਰ ’ਤੇ ਇੰਡਸਟਰੀ ਏਰੀਏ ਨੂੰ ਮੁੜਦੀ ਸੜਕ ’ਤੇ ਐਕਟਿਵਾ ਸਵਾਰ 11 ਸਾਲਾ ਬੱਚੇ ਦੀ ਹਾਦਸੇ ਦੌਰਾਨ ਮੌਕੇ ’ਤੇ ਮੌਤ ਹੋ ਗਈ। ਪ੍ਰਤੱਖਦਰਸ਼ੀ ਲੋਕਾਂ ਦਾ ਕਹਿਣਾ ਹੈ ਕਿ ਐਕਟਿਵਾ ਸਵਾਰ ਨਾਬਾਲਗ ਬੱਚਾ ਪਹਿਲਾਂ ਖੜ੍ਹੀ ਸਕਾਰਪੀਓ ਵਿੱਚ ਵੱਜਿਆ, ਇਸ ਮਗਰੋਂ ਅੱਗੇ ਖੜ੍ਹੇ ਟਰੱਕ ਦੇ ਪਿੱਛੇ ਜਾ ਟਕਰਾਇਆ। ਲੋਕਾਂ ਨੇ ਦੱਸਿਆ ਕਿ ਅੱਗੇ ਸੜਕ ’ਤੇ ਟਰੈਫਿਕ ਜਾਮ ਹੋਣ ਕਰਕੇ ਟਰੱਕ ਮੇਨ ਸੜਕ ’ਤੇ ਚੜ੍ਹਨ ਲਈ ਲਾਈਨ ਵਿੱਚ ਖੜ੍ਹਾ ਸੀ। ਇਸ ਹਾਦਸੇ ’ਚ ਨਾਬਾਲਗ ਬੱਚੇ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਐਕਟਿਵਾ ਵੀ ਚਕਨਾਚੂਰ ਹੋ ਗਈ।
ਦੱਸਿਆ ਜਾ ਰਿਹਾ ਕਿ ਨਾਬਾਲਗ ਐਕਟਿਵਾ ਸਵਾਰ ਬੱਚਾ ਅਭੀ ਮਲਹੋਤਰਾ ਪੁੱਤਰ ਰਕੇਸ਼ ਮਲਹੋਤਰਾ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਜਲੰਧਰ ਆਪਣੇ ਪਿਤਾ ਨੂੰ ਇੰਡਸਟਰੀ ਏਰੀਏ ਤੋਂ ਰੋਟੀ ਦੇ ਕੇ ਵਾਪਸ ਪੈਟਰੋਲ ਪੰਪ ’ਤੇ ਜਾ ਰਿਹਾ ਸੀ। ਮੌਕੇ ’ਤੇ ਏਸੀਪੀ ਉੱਤਰੀ ਸ਼ੀਤਲ ਸਿੰਘ ਸਮੇਤ ਮੌਕੇ ’ਤੇ ਦੋ ਥਾਣਿਆਂ ਦੀ ਪੁਲੀਸ ਕਾਰਵਾਈ ਲਈ ਪੁੱਜੀ। ਏਸੀਪੀ (ਉੱਤਰੀ) ਸ਼ੀਤਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਭੀ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟਰੱਕ ਛੱਡ ਕੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਉਨ੍ਹਾਂ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।