ਮੈਰਿਜ ਪੈਲੇਸਾਂ ਅੰਦਰ ਹਥਿਆਰ ਲਿਜਾਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਡੀਐੱਸਪੀ
ਪੱਤਰ ਪ੍ਰੇਰਕ
ਮਾਛੀਵਾੜਾ, 13 ਨਵੰਬਰ
ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਅੱਜ ਇਥੇ ਇਲਾਕੇ ਦੇ ਮੈਰਿਜ ਪੈਲੇਸਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੈਲੇਸਾਂ ਵਿੱਚ ਹਥਿਆਰ ਲਿਜਾਣ ਦੀ ਮਨਾਹੀ ਸਬੰਧੀ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਬਾਰੇ ਦੱਸਿਆ। ਡੀ.ਐੱਸ.ਪੀ. ਸਮਰਾਲਾ ਨੇ ਦੱਸਿਆ ਕਿ ਮੈਰਿਜ ਪੈਲੇਸਾਂ ਅੰਦਰ ਕੁਝ ਲੋਕ ਹਥਿਆਰ ਲੈ ਕੇ ਦਾਖਲ ਹੋ ਜਾਂਦੇ ਹਨ ਅਤੇ ਫਿਰ ਉਸਦੀ ਵਰਤੋ ਕਰਦੇ ਹਨ ਜੋ ਲੋਕਾਂ ਲਈ ਜਾਨ ਦਾ ਖੌਅ ਬਣਦੇ ਹਨ। ਇਨ੍ਹਾਂ ਘਟਨਾਵਾਂ ਨੂੰ ਠੱਲ੍ਹਣ ਲਈ ਪੁਲੀਸ ਤੇ ਪ੍ਰਸਾਸ਼ਨ ਨੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਐੱਸਪੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਕਿਸੇ ਮੈਰਿਜ ਪੈਲੇਸ ਦੇ ਮਾਲਕ ਨੇ ਅਜਿਹੀ ਕੋਈ ਘਟਨਾ ਵਾਪਰਨ ’ਤੇ ਪੁਲੀਸ ਨੂੰ ਸੂਚਿਤ ਨਾ ਕੀਤਾ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋਵੇਗੀ। ਵਿਆਹ ਸਮਾਗਮਾਂ ਦੌਰਾਨ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਗਾਰਡਾਂ ਦੀ ਨਿਯੁਕਤੀ ਕੀਤੀ ਜਾਵੇ ਅਤੇ ਹਰੇਕ ਮੈਰਿਜ ਪੈਲੇਸ ਵਿੱਚ ਸੀਸੀਟੀਵੀ ਲਗਾਏ ਜਾਣ ਤੇ ਕੋਈ ਵੀ ਕੋਨਾ ਸੀਸੀਟੀਵੀ ਦੀ ਪਹੁੰਚ ਤੋਂ ਵਾਂਝਾ ਨਾ ਹੋਵੇ।