ਨਾਬਾਲਗ ਹੱਥ ਵਾਹਨ ਫੜਾਉਣ ਵਾਲੇ ਮਾਪਿਆਂ ’ਤੇ ਹੋਵੇਗੀ ਕਾਰਵਾਈ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੁਲਾਈ
ਏਡੀਜੀਪੀ ਟਰੈਫ਼ਿਕ ਤੇ ਸੜਕ ਸੁਰੱਖਿਆ ਨੇ ਖੇਤਰੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਦੋ ਜਾਂ ਚਾਰ ਪਹੀਆ ਵਾਹਨ ਨਾ ਚਲਾਉਣ ਦੇਣ। ਹਦਾਇਤਾਂ ’ਚ ਕਿਹਾ ਗਿਆ ਹੈ ਕਿ ਜੇ 31 ਜੁਲਾਈ ਤੋਂ ਬਾਅਦ ਕੋਈ ਵੀ ਨਾਬਾਲਗ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਤਹਿਤ ਮਾਪਿਆਂ ਨੂੰ 3 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਏਡੀਜੀਪੀ ਟਰੈਫ਼ਿਕ ਤੇ ਸੜਕ ਸੁਰੱਖਿਆ ਅਮਰਦੀਪ ਸਿੰਘ ਰਾਏ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦਾ ਮਕਸਦ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੈ। ਉਨ੍ਹਾਂ ਖੇਤਰੀ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਹਿਲਾਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ। ਇਸੇ ਤਹਿਤ ਡੀਐੱਸਪੀ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ ਜਿੱਥੇ ਲੋਕਾਂ ਨੂੰ ਮੀਟਿੰਗਾਂ ਕਰ ਕੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਲਾਊਡ ਸਪੀਕਰ ਰਾਹੀਂ ਮਾਪਿਆਂ ਨੂੰ ਵੀ ਖ਼ਬਰਦਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਵਾਲਾ ਕੋਈ ਵੀ ਬੱਚਾ ਸਕੂਟਰ, ਮੋਟਰਸਾਈਕਲ ਜਾਂ ਫਿਰ ਕਾਰ ਚਲਾਉਂਦੇ ਹੋਏ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਨਾਲ ਹੀ ਜਿਹੜੇ ਵਿਅਕਤੀ ਦੇ ਨਾਂ ’ਤੇ ਉਹ ਵਾਹਨ ਰਜਿਸਟਰ ਹਵੇਗਾ, ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਵੇਗੀ।