ਮਨਰੇਗਾ ਮਜ਼ਦੂਰਾਂ ਦੀਆਂ ਜਾਅਲੀ ਹਾਜ਼ਰੀਆਂ ਲਗਾਉਣ ਦੇ ਮਾਮਲੇ ਵਿੱਚ ਕਾਰਵਾਈ
ਜਸਬੀਰ ਸਿੰਘ ਚਾਨਾ
ਫਗਵਾੜਾ, 4 ਫਰਵਰੀ
ਪਿੰਡ ਭਾਖੜੀਆਣਾ ਵਿੱਚ ਕੁਝ ਵਿਅਕਤੀਆਂ ਵੱਲੋਂ ਮਿਲੀਭੁਗਤ ਨਾਲ ਮਨਰੇਗਾ ਵਰਕਰਾ ਦੀਆਂ ਹਾਜ਼ਰੀਆਂ ਲਗਾ ਕੇ ਸਰਕਾਰੀ ਫ਼ੰਡ ਵਰਤੇ ਜਾਣ ਦੇ ਮਾਮਲੇ ’ਤੇ ਫ਼ੈਸਲਾ ਦਿੰਦਿਆਂ ਲੋਕਪਾਲ ਪੇਂਡੂ ਵਿਕਾਸ ਵਿਭਾਗ ਨੇ ਇਨ੍ਹਾਂ ਵਿਅਕਤੀਆਂ ਦੀਆਂ ਹਾਜ਼ਰੀਆਂ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਤੇ ਮਨਰੇਗਾ ਵਰਕਰਾਂ ਦੇ ਨਾਮ ’ਤੇ ਵਰਤੀ ਕਰੀਬ 2 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਪਿੰਡ ਦੇ ਵਾਸੀ ਗੁਰਦਾਵਰ ਸਿੰਘ, ਵਿੱਕੀ, ਜਗਜੀਤ ਸਿੰਘ, ਗੁਰਮੀਤ ਸਿੰਘ, ਦਲਜਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ ਤੇ ਬਲਵੀਰ ਸਿੰਘ ਤੇ ਸਮੂਹ ਵਾਸੀ ਗ੍ਰਾਮ ਪੰਚਾਇਤ ਭਾਖੜੀਆਣਾ ਨੇ ਪੰਜਾਬ ਦੇ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਮਨਰੇਗਾ ਵਰਕਰਾ ਦੀਆਂ ਜਾਅਲੀ ਹਾਜ਼ਰੀਆਂ ਲਗਾਈਆਂ ਹਨ ਤੇ ਮਿੱਟੀ ਪਾਉਣ ਦਾ ਪ੍ਰਾਜੈਕਟ ਜਿਸ ’ਚ ਦਰਸਾਇਆ ਗਿਆ ਹੈ ਜਿਸ ਦੀ ਹੋਈ ਪੜਤਾਲ ’ਚ ਇਹ ਗੱਲ ਸਾਬਿਤ ਹੋਈ ਹੈ ਤੇ ਇਨ੍ਹਾਂ 9 ਵਿਅਕਤੀਆਂ ਨੂੰ 2 ਲੱਖ 80 ਹਜ਼ਾਰ 990 ਰੁਪਏ ਦਾ ਡਰਾਫ਼ਟ ਬਣਾ ਕੇ ਪੰਜਾਬ ਸਟੇਟ ਰੂਰਲ ਐਂਪਲਾਇਮੈਂਟ ਗਾਰੰਟੀ ਸੁਸਾਇਟੀ ਮੁਹਾਲੀ ਦੇ ਨਾਮ ਤੇ ਡਰਾਫ਼ਟ ਬਣਾ ਕੇ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਪੈਸੇ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਹੋਏ ਹਨ ਉਨ੍ਹਾਂ ’ਚ ਹਰਵਿੰਦਰ ਸਿੰਘ, ਹਰਜੀਤ ਕੌਰ, ਮਲਕੀਤ ਚੰਦ, ਮਨਜੀਤ ਸਿੰਘ, ਗੁਰਜਿੰਦਰ ਸਿੰਘ, ਲਖਵੀਰ ਸਿੰਘ, ਬਲਵਿੰਦਰ ਕੌਰ, ਅਮਰਜੀਤ ਸਿੰਘ, ਜਸਵੀਰ ਸਿੰਘ, ਜੀਵਨ ਰਾਏ ਸ਼ਾਮਿਲ ਹਨ।