ਮਨਰੇਗਾ ਵਰਕਰ ਤੋਂ ਘਰ ’ਚ ਕੰਮ ਕਰਵਾਉਣ ਸਬੰਧੀ ਸਰਪੰਚ ਖ਼ਿਲਾਫ਼ ਕਾਰਵਾਈ ਸ਼ੁਰੂ
ਪੱਤਰ ਪ੍ਰੇਰਕ
ਪਾਇਲ, 25 ਜੁਲਾਈ
ਨੇੜਲੇ ਪਿੰਡ ਰੋਹਣੋਂ ਖੁਰਦ ਵਿਖੇ ਵਾਪਰੀ ਘਟਨਾ ਸਬੰਧੀ ਪੰਜਾਬੀ ਟ੍ਰਬਿਿਊਨ ਵਿੱਚ ਖ਼ਬਰ ਛਪੀ ਸੀ। ‘ਮਨਰੇਗਾ ਵਰਕਰ ਦੀ ਛੱਤ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਦੀ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਅਖਬਾਰ ਦੀ ਖਬਰ ਨੂੰ ਧਿਆਨ ’ਚ ਰੱਖਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਪੁਲੀਸ ਚੌਕੀ ਈਸੜੂ ਨੂੰ ਬੀਡੀਪੀਓ ਖੰਨਾ ਵੱਲੋਂ ਅਖਬਾਰ ਦੀ ਖਬਰ ਨੂੰ ਨੱਥੀ ਕਰਦਿਆਂ ਪੱਤਰ ਨੰਬਰ 1133 ਪੀ.ਓ. ਮਿਤੀ 24 ਜੁਲਾਈ ਜਾਰੀ ਕਰਦਿਆਂ ਲਿਖਿਆ ਹੈ ਕਿ ਸਰਪੰਚ ਨਛੱਤਰ ਕੌਰ ਗ੍ਰਾਮ ਪੰਚਾਇਤ ਪਿੰਡ ਰੋਹਣੋਂ ਖੁਰਦ ਵੱਲੋਂ ਆਪਣੇ ਘਰ ਵਿੱਚ ਮਗਨਰੇਗਾ ਵਰਕਰ ਸਰਬਜੀਤ ਕੌਰ ਨੂੰ ਘਰੇਲੂ ਕੰਮ ਲਈ ਲਗਾਇਆ ਹੋਇਆ ਸੀ, ਜੋ ਛੱਤ ਤੋਂ ਡਿੱਗਣ ਕਰਕੇ ਗੰਭੀਰ ਜ਼ਖਮੀ ਹੋ ਗਈ। ਸਰਪੰਚ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਮਗਨਰੇਗਾ ਵਰਕਰ ਤੋਂ ਘਰ ਵਿੱਚ ਗੈਰ ਕਾਨੂੰਨੀ ਤੌਰ ’ਤੇ ਕੰਮ ਕਰਵਾਇਆ ਜਾ ਰਿਹਾ ਸੀ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਨਛੱਤਰ ਕੌਰ ਸਰਪੰਚ ਰੋਹਣੋਂ ਖੁਰਦ ਦੇ ਖਿਲਾਫ ਲੋੜੀਂਦੀ ਪੁਲੀਸ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਚੌਕੀ ਇੰਚਾਰਜ ਈਸੜੂ ਚਰਨਜੀਤ ਸਿੰਘ ਨੇ ਕਿਹਾ ਬੀਡੀਪੀਓ ਖੰਨਾ ਵੱਲੋਂ ਜਾਰੀ ਕੀਤਾ ਪੱਤਰ ਮਿਲ ਗਿਆ ਹੈ ਤੇ ਇਸ ਸਬੰਧੀ ਉਹ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣਗੇ।