ਸਰਪੰਚੀ ਲਈ ਬੋਲੀਆਂ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਮੰਗੀ
ਰਾਜਨ ਮਾਨ
ਮਜੀਠਾ, 3 ਅਕਤੂਬਰ
ਪੰਜਾਬ ਕਿਸਾਨ ਯੂਨੀਅਨ (ਰੁਲਦੂ ਸਿੰਘ) ਨੇ ਸਰਪੰਚੀ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਲਾਈਆਂ ਜਾ ਰਹੀਆਂ ਬੋਲੀਆਂ ਦਾ ਰੁਝਾਨ ਰੋਕਣ ਲਈ ਚੋਣ ਕਮਿਸ਼ਨ ਨੂੰ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਮਾਝਾ ਜ਼ੋਨ ਦੇ ਪ੍ਰਧਾਨ ਬਲਬੀਰ ਸਿੰਘ ਮੂਧਲ, ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਤੇੜਾ ਅਤੇ ਜ਼ਿਲ੍ਹਾ ਪ੍ਰਚਾਰ ਸਕੱਤਰ ਅਤੇ ਮੀਡੀਆ ਕੋਆਰਡੀਨੇਟਰ ਨਰਿੰਦਰ ਲਾਡੀ ਤੇੜਾ ਨੇ ਕਿਹਾ ਕਿ ਧਨਾਢ ਵਿਅਕਤੀਆਂ ਵੱਲੋਂ ਪਿੰਡਾਂ ਦੀ ਸਰਪੰਚੀ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਲਾਈਆਂ ਜਾ ਰਹੀਆਂ ਬੋਲੀਆਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਖਤਰਨਾਕ ਰੁਝਾਣ ਨੂੰ ਰੋਕਣ ਲਈ ਚੋਣ ਕਮਿਸ਼ਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਮਹੂਰੀ ਅਤੇ ਨਿਰਪੱਖ ਢੰਗ ਨਾਲ ਚੋਣ ਕਰਵਾਈ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਮੀਟਿੰਗ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂ ਮੰਗਲ ਸਿੰਘ ਧਰਮਕੋਟ, ਭੈਣ ਜਸਬੀਰ ਕੌਰ ਹੇਅਰ ਨਿਰਮਲ ਸਿੰਘ ਛੱਜਲਵੱਡੀ, ਸ਼ਮਸ਼ੇਰ ਸਿੰਘ ਹੇਰ,ਮਨਜੀਤ ਸਿੰਘ ਗਹਿਰੀ, ਲੰਬੜਦਾਰ ਗਗਨ ਸਿੰਘ ਤੇੜਾ, ਬਲਵਿੰਦਰ ਸਿੰਘ ਹੇਰ ਪੰਡੋਰੀ ਤੇ ਬਲਵਿੰਦਰ ਕੌਰ ਹਾਜ਼ਰ ਸਨ।