ਗਲੀ ਦੀ ਜਗ੍ਹਾ ’ਤੇ ਕਬਜ਼ਾ ਕਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਮਾਰਚ
ਸਥਾਨਕ ਦਸਮੇਸ਼ ਨਗਰ ਦੇ ਇੱਕ ਵਿਅਕਤੀ ਵੱਲੋਂ ਆਪਣੇ ਪਲਾਟ ਦੇ ਦੋਵੇਂ ਪਾਸੇ ਲੱਗਦੀਆਂ ਗਲੀਆਂ ਦੀ ਕੁਝ ਜਗ੍ਹਾ ਕਥਿਤ ਤੌਰ ’ਤੇ ਆਪਣੇ ਉਸਾਰੀ ਅਧੀਨ ਮਕਾਨ ਵਿੱਚ ਮਿਲਾਉਣ ਖ਼ਿਲਾਫ਼ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਦੋ ਵਾਰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕੌਂਸਲ ਅਧਿਕਾਰੀ ਸ਼ਿਕਾਇਤਕਰਤਾਵਾਂ ਦੀ ਫ਼ਰਿਆਦ ’ਤੇ ਅਮਲ ਕਰਨ ਲਈ ਮੌਕੇ ’ਤੇ ਨਹੀਂ ਪੁੱਜਿਆ।
ਨਗਰ ਵਾਸੀ ਵਿਕਾਸ ਕੁਮਾਰ, ਭੁਪਿੰਦਰ ਸਿੰਘ, ਦਿਵਿਆ, ਅਮਰਜੀਤ ਸਿੰਘ, ਗੁਰਦੀਪ ਸਿੰਘ, ਨੀਤੂ ਤੇ ਰਵਿੰਦਰ ਕੁਮਾਰ ਆਦਿ ਵੱਲੋਂ ਇਹ ਸਾਰਾ ਮਾਮਲਾ ਲਿਖਤੀ ਰੂਪ ’ਚ 18 ਅਤੇ 20 ਮਾਰਚ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਨਗਰ ਵਾਸੀਆਂ ਵੱਲੋਂ ਸ਼ਿਕਾਇਤ ਕਰਨ ਤੋਂ 10 ਦਿਨ ਬੀਤ ਜਾਣ ਦੇ ਬਾਵਜੂਦ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨੇ ਮਸਲੇ ਦੇ ਹੱਲ ਲਈ ਮੌਕੇ ’ਤੇ ਪੁੱਜਣ ਦੀ ਜ਼ਹਿਮਤ ਨਹੀਂ ਉਠਾਈ। ਨਗਰ ਵਾਸੀਆਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਨਗਰ ਕੌਂਸਲ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਇਹ ਵਿਅਕਤੀ ਨਗਰ ਕੌਂਸਲ ਵੱਲੋਂ ਪਾਸ ਕੀਤੇ ਨਕਸ਼ੇ ਅਨੁਸਾਰ ਆਪਣੇ ਮਕਾਨ ਦੀ ਉਸਾਰੀ ਕਰਵਾ ਰਿਹਾ ਹੈ ਜਾਂ ਪਾਸ ਨਕਸ਼ੇ ਦੀ ਉਲੰਘਣਾ ਕਰ ਰਿਹਾ ਹੈ। ਨਗਰ ਕੌਂਸਲ ਅਧਿਕਾਰੀ ਇਹ ਵੀ ਪੜਤਾਲ ਕਰਨ ਕਿ ਉਕਤ ਵਿਅਕਤੀ ਵੱਲੋਂ ਆਪਣੇ ਮਕਾਨ ’ਚ ਲਾਏ ਜਾ ਰਹੇ ਸਬਮਰਸੀਬਲ ਪੰਪ ਦੀ ਮਨਜ਼ੂਰੀ ਲਈ ਹੈ ਜੇਕਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਗਰ ਵਾਸੀਆਂ ਨੇ ਇਸ ਮਾਮਲੇ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਹੈ।
ਸ਼ਿਕਾਇਤਾਂ ਬੇਬੁਨਿਆਦ ਕਰਾਰ
ਮਨੀਸ਼ ਕੁਮਾਰ ਨੇ ਕਿਹਾ ਕਿ ਕੁਝ ਵਿਅਕਤੀ ਈਰਖਾ ਕਾਰਨ ਉਸ ਦੀਆਂ ਬੇਬੁਨਿਆਦ ਸ਼ਿਕਾਇਤਾਂ ਰਹੇ ਹਨ। ਉਹ ਨਗਰ ਕੌਂਸਲ ਵੱਲੋਂ ਮਨਜ਼ੂਰਸ਼ੁਦਾ ਨਕਸ਼ੇ ਅਨੁਸਾਰ ਹੀ ਆਪਣੇ ਮਕਾਨ ਦੀ ਉਸਾਰੀ ਕਰਵਾ ਰਿਹਾ ਹੈ ਅਤੇ ਸਬਮਰਸੀਬਲ ਪੰਪ ਲਾਉਣ ਲਈ ਮਨਜ਼ੂਰੀ ਸਬੰਧੀ ਉਸ ਦੀ ਅਰਜ਼ੀ ਕਾਰਵਾਈ ਅਧੀਨ ਹੈ। ਕੌਂਸਲ ਦੇ ਕਾਰਜਸਾਧਕ ਅਫ਼ਸਰ ਅਪਰਅਪਾਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਕਾਰਵਾਈ ਅਧੀਨ ਹੈ।