ਦਾਨ ਸਿੰਘ ਵਾਲਾ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਵੇ: ਕੋਟਫੱਤਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਜਨਵਰੀ
ਆਮ ਆਦਮੀ ਪਾਰਟੀ (ਕਿਸਾਨ ਵਿੰਗ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਤੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਰਮਜੀਤ ਕੋਟਫੱਤਾ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਬਦਤਰ ਸਥਿਤੀ ’ਤੇ ਫ਼ਿਕਰਮੰਦੀ ਜਿਤਾਈ ਹੈ।
ਉਨ੍ਹਾਂ ਆਖਿਆ ਕਿ ਬੀਤੇ ਦਿਨ ਬਠਿੰਡਾ ਆਏ ਡੀਜੀਪੀ ਪੰਜਾਬ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਪਿਛਲੇ ਦਿਨੀਂ ਅਗਜ਼ਨੀ ਤੇ ਹਿੰਸਾ ਦੀ ਹੋਈ ਘਿਨਾਉਣੀ ਵਾਰਦਾਤ ਬਾਰੇ ‘ਸਥਾਨਕ ਪੱਧਰ ਦੇ ਅਧਿਕਾਰੀਆਂ ਨਾਲ ਸਬੰਧਤ ਮਸਲਾ’ ਦੱਸ ਕੇ ਆਪਣੀ ਤਰਫ਼ੋਂ ਪੱਲਾ ਝਾੜ ਦਿੱਤਾ। ਚੇਅਰਮੈਨ ਕੋਟਫੱਤਾ ਨੇ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਘਟਨਾ ਹੋਵੇਗੀ, ਜਿੱਥੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਆਹਲਾ ਪੁਲੀਸ ਅਧਿਕਾਰੀਆਂ ਵੱਲੋਂ ਇਸ ਘਟਨਾ ਨੂੰ ਮਾਮੂਲੀ ਸਮਝਣ ਦੀ ਥਾਂ, ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਬਣਦੀ ਹੈ। ਕੋਟਫੱਤਾ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਫ਼ਰੀਦਕੋਟ ’ਚ ਖਾਲਿਸਤਾਨ ਸਬੰਧੀ ਵੱਖਵਾਦੀ ਨਾਅਰੇ ਲਿਖਣ ਅਤੇ ਖਾਲਿਸਤਾਨੀ ਝੰਡੇ ਲਹਿਰਾਏ ਜਾਣ ਕਾਰਨ, ਮੁੱਖ ਮੰਤਰੀ ਦਾ ਗਣਤੰਤਰ ਦਿਵਸ ਸਮਾਗਮ ਵਿੱਚ ਪੁੱਜਣ ਦਾ ਪ੍ਰੋਗਰਾਮ ਬਦਲਣਾ ਪਿਆ ਹੈ, ਇਹ ਪੰਜਾਬ ਦੀ ਅਮਨ ਸ਼ਾਂਤੀ ਲਈ ਖ਼ਤਰੇ ਦੀ ਘੰਟੀ ਹੈ ਅਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸੁਆਲੀਆ ਚਿੰਨ੍ਹ ਹੈ।