ਇਜ਼ਰਾਈਲ ਦੀ ਕਾਰਵਾਈ
ਇਰਾਨ ਦੇ ਪਹਿਲੀ ਅਕਤੂਬਰ ਨੂੰ ਕੀਤੇ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਇਰਾਨ ਵਿੱਚ ਮਿਜ਼ਾਈਲ ਨਿਰਮਾਣ ਇਕਾਈਆਂ ਅਤੇ ਹੋਰ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਾਵੇਂ ਦਾਅਵਾ ਹੈ ਕਿ ਹਮਲੇ ਨੇ ‘ਮਿੱਥੇ ਸਾਰੇ ਟੀਚੇ ਪੂਰੇ ਕੀਤੇ ਹਨ’ ਪਰ ਉਨ੍ਹਾਂ ਦਾ ਇਹ ਮੰਨ ਲੈਣਾ ਕਿ ਤਹਿਰਾਨ ਦੇਰ-ਸਵੇਰ ਫ਼ੌਜੀ ਰੂਪ ’ਚ ਇਸ ਦਾ ਜਵਾਬ ਨਹੀਂ ਦੇਵੇਗਾ, ਇੱਕ ਕਿਸਮ ਦੀ ਨਾਦਾਨੀ ਹੈ। ਤਹਿਰਾਨ ਦੇ ਮਿਜ਼ਾਈਲ ਹੱਲਿਆਂ ਤੋਂ ਕਰੀਬ ਤਿੰਨ ਹਫ਼ਤੇ ਬਾਅਦ ਕੀਤਾ ਹਮਲਾ ਸੰਕੇਤ ਕਰਦਾ ਹੈ ਕਿ ਤਲ ਅਵੀਵ ਨੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇੰਤਜ਼ਾਰ ਅਤੇ ਵਿਚਾਰ ਕੀਤਾ ਹੈ। ਫਿਰ ਵੀ ਇਹ ਬਹੁਤ ਭੜਕਾਊ ਕਾਰਵਾਈ ਹੈ ਜੋ ਪੱਛਮ ਏਸ਼ੀਆ ਨੂੰ ਹੋਰ ਉਲਝਾ ਸਕਦੀ ਹੈ। ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੀ ਜਾ ਰਹੀ ਕਾਰਵਾਈ ਨਾਲ ਪਹਿਲਾਂ ਹੀ ਖੇਤਰ ਉਥਲ-ਪੁਥਲ ਦਾ ਸ਼ਿਕਾਰ ਹੈ। ਮਗਰੋਂ ਇਜ਼ਰਾਈਲ ਨੇ ਲਿਬਨਾਨ ਵਿੱਚ ਵੀ ਸੈਨਿਕ ਕਾਰਵਾਈ ਕੀਤੀ ਹੈ ਜਿਸ ਨਾਲ ਟਕਰਾਅ ਦਾ ਘੇਰਾ ਵਧਣ ਦੇ ਆਸਾਰ ਬਣੇ ਹੋਏ ਹਨ।
ਇਜ਼ਰਾਈਲ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਕਿ ਇਸ ਨੇ ਅਮਰੀਕੀ ਦਬਾਅ ਹੇਠ ਇਰਾਨੀ ਤੇਲ ਤੇ ਗੈਸ ਸੋਮਿਆਂ ਉੱਤੇ ਹੱਲਾ ਬੋਲਣ ਤੋਂ ਪਰਹੇਜ਼ ਕੀਤਾ ਹੈ ਪਰ ਇਹ ਸਪੱਸ਼ਟ ਹੈ ਕਿ ਤਲ ਅਵੀਵ ਇਰਾਨ ਵਿਰੁੱਧ ਮੁਕੰਮਲ ਜੰਗ ਛੇੜਨ ਤੋਂ ਝਿਜਕ ਰਿਹਾ ਹੈ। ਇਸ ਲਈ ਸੀਮਤ ਜਿਹੀ ਕਾਰਵਾਈ ਹੀ ਕੀਤੀ ਹੈ। ਪਹਿਲਾਂ ਹੀ ਹਮਾਸ ਅਤੇ ਹਿਜ਼ਬੁੱਲ੍ਹਾ ਨਾਲ ਉਲਝ ਰਹੇ ਇਜ਼ਰਾਈਲ ਦਾ ਮਕਸਦ ਇਰਾਨ ਦੇ ਸੁਪਰੀਮ ਲੀਡਰ ਤੇ ਫ਼ੌਜੀ ਕਮਾਂਡਰਾਂ ਨੂੰ ਸਖ਼ਤ ਸੰਦੇਸ਼ ਦੇਣਾ ਹੈ ਹਾਲਾਂਕਿ ਇਹ ਸੀਮਤ ਇਜ਼ਰਾਇਲੀ ਕਾਰਵਾਈ ਵੀ ਇਰਾਨ ਨੂੰ ਭੜਕਾਉਣ ਲਈ ਕਾਫ਼ੀ ਹੈ। ਜੇ ਇਜ਼ਰਾਈਲ ਕੋਲ ਆਤਮ-ਰੱਖਿਆ ਦਾ ਹੱਕ ਹੈ ਤਾਂ ਇਰਾਨ ਕੋਲ ਵੀ ਹੈ। ਜੇਕਰ ਬਦਲਾਖੋਰੀ ਦੀ ਇਹ ਕਾਰਵਾਈ ਇੰਝ ਹੀ ਜਾਰੀ ਰਹੀ ਤਾਂ ਬੇਸ਼ੱਕ, ਖੇਤਰੀ ਤਣਾਅ ਵਧਦਾ ਹੀ ਜਾਏਗਾ। ਇਸ ਦੇ ਸਿੱਟੇ ਪੂਰੀ ਦੁਨੀਆ ਨੂੰ ਭੁਗਤਣੇ ਪੈ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਸ ਹੈ ਕਿ ਇਜ਼ਰਾਇਲੀ ਹੱਲੇ ਤੋਂ ਬਾਅਦ ਇਸ ਆਪਸੀ ਟਕਰਾਅ ਦਾ ਅੰਤ ਹੋ ਜਾਵੇਗਾ ਹਾਲਾਂਕਿ ਉਹ ਗ਼ਲਤ ਉਮੀਦ ਲਾਈ ਬੈਠੇ ਹਨ ਕਿਉਂਕਿ ਇਰਾਨ ਇਜ਼ਰਾਈਲ ਨੂੰ ਲਗਾਤਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੱਬਾਂ ਭਾਰ ਰੱਖਣਾ ਚਾਹੁੰਦਾ ਹੈ। ਉਹ ਪਹਿਲਾਂ ਹੀ ਹੋਰ ਸੰਗਠਨਾਂ ਨੂੰ ਮੂਹਰੇ ਕਰ ਕੇ ਲੜਾਈ ਲੜ ਰਿਹਾ ਹੈ। ਗ਼ੌਰ ਕੀਤੀ ਜਾਵੇ ਤਾਂ ਦੋਵੇਂ ਮੁਲਕਾਂ ਨੇ ਘੱਟ ਹੀ ਸੰਜਮ ਵਰਤਿਆ ਹੈ ਪਰ ਇਨ੍ਹਾਂ ਨੂੰ ਆਪਸੀ ਤਬਾਹੀ ਦੇ ਇਸ ਰਾਹ ਉੱਤੇ ਚੱਲਣ ਤੋਂ ਪਹਿਲਾਂ ਗੰਭੀਰ ਸੋਚ-ਵਿਚਾਰ ਕਰਨ ਦੀ ਲੋੜ ਹੈ ਜਿਸ ਦੇ ਨਾ ਕੇਵਲ ਪੱਛਮੀ ਏਸ਼ੀਆ ਬਲਕਿ ਪੂਰੇ ਸੰਸਾਰ ਲਈ ਗੰਭੀਰ ਨਤੀਜੇ ਨਿਕਲਣਗੇ। ਕੌਮੀ ਸੁਰੱਖਿਆ ਬਾਰੇ ਇਜ਼ਰਾਈਲ ਦੇ ਮੰਤਰੀ ਇਟਾਮਾਰ ਬੈੱਨ ਗਵੀਰ ਜੋ 26 ਅਕਤੂਬਰ ਦੇ ਹਮਲਿਆਂ ਨੂੰ ‘ਇਰਾਨ ਦੇ ਰਣਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਚੰਗੀ ਸ਼ੁਰੂਆਤ’ ਦੱਸ ਰਹੇ ਹਨ, ਨੂੰ ਨੇਤਨਯਾਹੂ ਵੱਲੋਂ ਪੂਰੀ ਖੁੱਲ੍ਹ ਨਹੀਂ ਮਿਲਣੀ ਚਾਹੀਦੀ। ਨੇਤਨਯਾਹੂ ਨੂੰ ਚਾਹੀਦਾ ਹੈ ਕਿ ਉਹ ਕਾਰਵਾਈ ਦੀ ਅਸਲ ਕਮਾਨ ਆਪਣੇ ਕੋਲ ਰੱਖਣ।