ਯੂਟੀ ਦੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੁਲਾਈ
ਯੂਟੀ ਪ੍ਰਸ਼ਾਸਨ ਨੇ ਸਨਅਤੀ ਏਰੀਆ ਵਿੱਚ ਦੋ ਵਪਾਰਕ ਕੰਪਲੈਕਸਾਂ ਦੇ ਓਕੁਪੇਸ਼ਨ (ਪੇਸ਼ਾ) ਸਰਟੀਫਿਕੇਟ ਰੱਦ ਕੀਤੇ ਜਾਣ ਤੋਂ ਬਾਅਦ ਸਾਰਿਆਂ ਨੂੰ ਚਿਤਾਵਨੀ ਦਿੱਤੀ ਹੈ। ਪ੍ਰਸ਼ਾਸਨ ਨੇ ਦੋਵਾਂ ਦੇ ਸਰਟੀਫਿਕੇਟ ਰੱਦ ਕਰਨ ਤੋਂ ਬਾਅਦ ਹੋਰਨਾਂ ਕੰਪਲੈਕਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਸਟੇਟ ਦਫ਼ਤਰ ਨੇ 25 ਜੁਲਾਈ ਨੂੰ ਸਨਅਤੀ ਏਰੀਆ ਫੇਜ਼-1 ਵਿੱਚ ਸਥਿਤ ਦੋ ਵਪਾਰਕ ਕੰਪਲੈਕਸ ਗੋਦਰੇਜ ਤੇ ਬਰਕਲੇ ਸਕੁਏਅਰ ਦੇ ਪੇਸ਼ਾ ਸਰਟੀਫਿਕੇਟ ਰੱਦ ਕਰ ਦਿੱਤੇ ਸਨ। ਦੋਵਾਂ ਕੰਪਲੈਕਸਾਂ ਵੱਲੋਂ ਨੈਸ਼ਨਲ ਬੋਰਡ ਆਫ ਵਾਈਲਡ ਲਾਈਫ ਦੀ ਸਥਾਈ ਕਮੇਟੀ ਤੋਂ ਮਨਜ਼ੂਰੀ ਲੈਣ ਲਈ ਵਾਤਾਵਰਨ ਕਲੀਅਰੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਸੀ।
ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਸਥਿਤ ਸਾਰੇ ਵੱਡੇ ਪ੍ਰਾਜੈਕਟਾਂ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਸੋਮਵਾਰ ਨੂੰ ਸਾਰੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਵਿਚਾਰ-ਚਰਚਾ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਕਮ ਅਸਟੇਟ ਅਫ਼ਸਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਰਿਹਾਇਸ਼ੀ ਜਾਂ ਵਪਾਰਕ ਕੰਪਲੈਕਸ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਗੋਦਰੇਜ ਦੇ ਪ੍ਰਬੰਧਕਾਂ ਨੇ ਕਿਹਾ ਉਨ੍ਹਾਂ ਵੱਲੋਂ ਅਸਟੇਟ ਦਫ਼ਤਰ ਦੀਆਂ ਸਾਰੀਆਂ ਮਨਜ਼ੂਰੀਆਂ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਕਲੀਅਰੈਂਸ ਲਈ ਟੀਮ 24 ਜੁਲਾਈ ਨੂੰ ਦੌਰਾ ਕਰ ਕੇ ਗਈ ਸੀ, ਉਸ ਨੇ ਹਾਲੇ ਤੱਕ ਕੋਈ ਰਿਪੋਰਟ ਨਹੀਂ ਦਿੱਤੀ।