ਅਫ਼ਵਾਹਾਂ ਖਿਲਾਫ਼ ਕਾਰਵਾਈ
ਭਾਰਤੀ ਹਵਾਈ ਉਡਾਣਾਂ ਨੂੰ ਨਿਸ਼ਾਨਾ ਬਣਾ ਕੇ ਅਫ਼ਵਾਹਾਂ ਫੈਲਾਉਣ ਦੇ ਰੁਝਾਨ ਵਿੱਚ ਨਾਟਕੀ ਤੇਜ਼ੀ ਆਈ ਹੈ ਜੋ ਸ਼ਹਿਰੀ ਹਵਾਬਾਜ਼ੀ ਖੇਤਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਪਿਛਲੇ ਕੁਝ ਦਿਨਾਂ ਦੌਰਾਨ ਘਰੇਲੂ ਅਤੇ ਕੌਮਾਂਤਰੀ ਦੋਵੇਂ ਤਰ੍ਹਾਂ ਦੀਆਂ ਦਰਜਨਾਂ ਉਡਾਣਾਂ ਨੂੰ ਧਮਕੀਆਂ ਮਿਲੀਆਂ ਸਨ ਜੋ ਬਾਅਦ ਵਿੱਚ ਝੂਠੀਆਂ ਨਿਕਲੀਆਂ। ਉਡਾਣਾਂ ਵਿੱਚ ਹੇਰ-ਫੇਰ ਅਤੇ ਦੇਰੀ ਹੋਣ ਕਰ ਕੇ ਇਨ੍ਹਾਂ ਦੀ ਸਮਾਂ ਸਾਰਣੀ ਵਿੱਚ ਕਾਫ਼ੀ ਖਲਲ ਪਿਆ ਹੈ ਅਤੇ ਨਾਲ ਹੀ ਏਅਰਲਾਈਨ ਕੰਪਨੀਆਂ ਨੂੰ ਵੀ ਨੁਕਸਾਨ ਝੱਲਣਾ ਪਿਆ। ਵਰਚੁਅਲ ਪ੍ਰਾਈਵੇਟ ਨੈੱਟਵਰਕਾਂ ਦੀ ਵਰਤੋਂ ਕਰਨ ਕਰ ਕੇ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਖੁਰਾ ਨੱਪਣਾ ਕਾਫ਼ੀ ਜਟਿਲ ਹੋ ਗਿਆ ਹੈ ਅਤੇ ਕੇਂਦਰੀ ਏਜੰਸੀਆਂ ਨੂੰ ਅਜਿਹੇ ਅਨਸਰਾਂ ਤੱਕ ਅੱਪੜਨ ਲਈ ਕਾਫ਼ੀ ਭੱਜ-ਨੱਸ ਕਰਨੀ ਪਵੇਗੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਧਮਕੀਆਂ ਦੀਆਂ ਕੁਝ ਕਾਲਾਂ ਲੰਡਨ ਅਤੇ ਜਰਮਨੀ ਤੋਂ ਆਈਆਂ ਸਨ। ਹਾਲ ਹੀ ਵਿੱਚ ਮੁੰਬਈ ਪੁਲੀਸ ਨੇ ਤਿੰਨ ਉਡਾਣਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਨੌਜਵਾਨ ਨੂੰ ਛੱਤੀਸਗੜ੍ਹ ਤੋਂ ਹਿਰਾਸਤ ਵਿੱਚ ਲਿਆ ਸੀ।
ਮੁਸਾਫ਼ਰਾਂ ਦੀ ਸੁਰੱਖਿਆ ਦੀਆਂ ਯਕੀਨਦਹਾਨੀਆਂ ਅਤੇ ਉਡਾਣਾਂ ਦੇ ਪ੍ਰੋਟੋਕਾਲਾਂ ਦੇ ਮੱਦੇਨਜ਼ਰ ਅਫ਼ਵਾਹਾਂ ਫੈਲਾਉਣ ਵਾਲੇ ਵਿਅਕਤੀਆਂ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਤੋਂ ਬਚ ਕੇ ਨਿਕਲਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਜਿਸ ਢੰਗ ਨਾਲ ਇਹ ਅਫ਼ਵਾਹਾਂ ਵਾਰ-ਵਾਰ ਫੈਲਾਈਆਂ ਜਾ ਰਹੀਆਂ ਹਨ, ਉਹ ਵਾਕਈ ਚਿੰਤਾ ਦਾ ਵਿਸ਼ਾ ਹੈ। ਨਾ ਕੇਵਲ ਏਅਰਲਾਈਨਾਂ ਸਗੋਂ ਪਿਛਲੇ ਕੁਝ ਮਹੀਨਿਆਂ ਤੋਂ ਹਸਪਤਾਲਾਂ, ਮਾਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ। ਹਵਾਬਾਜ਼ੀ ਸੈਕਟਰ ਵਿੱਚ ਇਨ੍ਹਾਂ ਸ਼ਰਾਰਤੀ ਤੇ ਗ਼ੈਰ-ਕਾਨੂੰਨੀ ਕਾਰਵਾਈਆਂ ’ਚ ਹੋਏ ਵੱਡੇ ਵਾਧੇ ਨੂੰ ਰੋਕਣ ਲਈ ਇੱਕ ਵਿਆਪਕ ਰਣਨੀਤੀ ਬਣਾਉਣ ਦੀ ਲੋੜ ਹੈ। ਸਖ਼ਤ ਨਿਯਮ ਲਾਗੂ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਵਿੱਚ ਜ਼ਿੰਮੇਵਾਰਾਂ ਨੂੰ ਪੰਜ ਸਾਲਾਂ ਲਈ ‘ਨੋ-ਫਲਾਈ’ ਸੂਚੀ ਵਿੱਚ ਪਾਉਣਾ ਅਤੇ ਅਜਿਹਾ ਕਾਨੂੰਨੀ ਢਾਂਚਾ ਲਾਗੂ ਕਰਨਾ ਸ਼ਾਮਿਲ ਹੈ ਜਿਸ ਤਹਿਤ ਜ਼ਮਾਨਤ ਲੈਣੀ ਮੁਸ਼ਕਿਲ ਹੋਵੇ ਤੇ ਸਜ਼ਾ ਵੀ ਸਖ਼ਤ ਮਿਲੇ। ਸੁਰੱਖਿਆ ਜਾਂਚ ਨੂੰ ਵੀ ਹੋਰ ਸਟੀਕ ਬਣਾਇਆ ਜਾ ਰਿਹਾ ਹੈ ਤਾਂ ਕਿ ਚਿਤਾਵਨੀ ਵਾਲੇ ਸਾਰੇ ਸੁਨੇਹੇ ਫੌਰੀ ਲੈਂਡਿੰਗ ਦਾ ਕਾਰਨ ਨਾ ਬਣਨ।
ਭੈਅ ਪੈਦਾ ਕਰਨਾ ਤੇ ਅਨਿਸ਼ਚਿਤਤਾ, ਝੂਠੀਆਂ ਚਿਤਾਵਨੀਆਂ ਪਿੱਛੇ ਅਕਸਰ ਮਾੜੇ ਇਰਾਦੇ ਹੁੰਦੇ ਹਨ, ਇਨ੍ਹਾਂ ਦਾ ਮੰਤਵ ਧਿਆਨ ਖਿੱਚਣਾ ਵੀ ਹੋ ਸਕਦਾ ਹੈ ਤੇ ਮਾਨਸਿਕ ਵਿਕਾਰ ਕਾਰਨ ਜਾਂ ਮਜ਼ਾਕ ਦੇ ਇਰਾਦੇ ਨਾਲ ਵੀ ਅਜਿਹਾ ਕੀਤਾ ਜਾਂਦਾ ਹੈ। ਕਈ ਵਾਰ ਜਹਾਜ਼ ਦਾ ਅਮਲਾ ਵੀ ਜ਼ਿੰਮੇਵਾਰ ਨਿਕਲ ਆਉਂਦਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਧਮਕੀਆਂ ਕਿਸੇ ਵਿਅਕਤੀ ਵੱਲੋਂ ਆਉਂਦੀਆਂ ਹਨ ਜਾਂ ਇੱਕ ਸਮੂਹ ਵੱਲੋਂ ਜਾਂ ਫੇਰ ਸ਼ਰਾਰਤੀ ਅਨਸਰ ਇੱਕ-ਦੂਜੇ ਦੀ ਨਕਲ ਕਰ ਕੇ ਇਸ ਤਰ੍ਹਾਂ ਦੇ ਸੁਨੇਹੇ ਭੇਜਦੇ ਹਨ। ਅਜਿਹੀਆਂ ਅਫ਼ਵਾਹਾਂ ਦਾ ਸੁਰੱਖਿਆ ਅਤੇ ਹੋਰ ਵੀ ਕਈ ਹੋਰ ਪੱਖਾਂ ਤੋਂ ਡਾਢਾ ਅਸਰ ਪੈਂਦਾ ਹੈ। ਇਨ੍ਹਾਂ ਵਿਚ ਆਮ ਲੋਕਾਂ ਦੀ ਮਾਨਸਿਕ ਸਿਹਤ ’ਤੇ ਅਸਰ ਸਭ ਤੋਂ ਵੱਧ ਮਾਰ ਕਰਨ ਵਾਲਾ ਹੁੰਦਾ ਹੈ। ਇਉਂ ਆਮ ਲੋਕਾਂ ਦਾ ਭਰੋਸਾ ਵੀ ਡੋਲ ਸਕਦਾ ਹੈ। ਇਸ ਲਈ ਅਜਿਹੇ ਮਾਮਲਿਆਂ ਵੱਲ ਤਰਜੀਹੀ ਆਧਾਰ ’ਤੇ ਧਿਆਨ ਦੇਣਾ ਬਣਦਾ ਹੈ। ਝੂਠੀਆਂ ਕਾਲਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਟੀਮਾਂ ਬਣਾਉਣਾ ਅਤੇ ਮਿਸਾਲੀ ਸਜ਼ਾ ਦਾ ਪ੍ਰਬੰਧ ਇਸ ਸਭ ਨੂੰ ਰੋਕਣ ਵਿੱਚ ਕਾਰਗਰ ਸਾਬਿਤ ਹੋ ਸਕਦਾ ਹੈ।