ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਲਈ ਮਹੰਤ ਯਤੀ ਨਰਸਿੰਘਨੰਦ ਵਿਰੁੱਧ ਕਾਰਵਾਈ ਹੋਵੇ: ਮਾਇਆਵਤੀ
ਲਖਨਊ, 6 ਅਕਤੂਬਰ
ਬਸਪਾ ਮੁਖੀ ਮਾਇਆਵਤੀ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਅੱਜ ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਸਥਿਤ ਮੰਦਰ ਦੇ ਮਹੰਤ ਯਤੀ ਨਰਸਿੰੰਘਨੰਦ ’ਤੇਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸੰਵਿਧਾਨ ’ਚ ਦਿੱਤੀ ਗਈ ਧਰਮ ਨਿਰਪੱਖਤਾ ਦੀ ਗਾਰੰਟੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪੈਗੰਬਰ ਮੁਹੰਮਦ ਖਿਲਾਫ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਮਗਰੋੀ ਯਤੀ ਨਰਸਿੰਘਨੰਦ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਇਆਵਤੀ ਨੇ ਕਿਹਾ, ‘‘ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਦਾਸਨਾ ਦੇਵੀ ਮੰਦਰ ਦੇ ਮਹੰਤ ਨੇ ਇਸਲਾਮ ਖ਼ਿਲਾਫ਼ ਮੁੜ ਨਫ਼ਰਤੀ ਤਕਰੀਰ ਕੀਤੀ ਹੈ, ਜਿਸ ਕਾਰਨ ਪੂਰੇ ਖੇਤਰ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਅਸ਼ਾਂਤੀ ਅਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਪੁਲੀਸ ਨੇ ਧਰਨਾਕਾਰੀਆਂ ਖ਼ਿਲਾਫ਼ ਕਾਰਵਾਈ ਤਾਂ ਕੀਤੀ ਪਰ ਅਸਲ ਮੁਲਜ਼ਮ ਬੇਖ਼ੌਫ ਹਨ।’’ ਉਨ੍ਹਾਂ ਆਖਿਆ ਕਿ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਭਾਵ ਸਾਰੇ ਧਰਮਾਂ ਲਈ ਬਰਾਬਰ ਸਨਮਾਨ ਦੀ ਗਰੰਟੀ ਦਿੰਦਾ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਤਾਂ ਜੋ ਦੇਸ਼ ’ਚ ਸ਼ਾਂਤੀ ਬਣੀ ਰਹੇ ਅਤੇ ਵਿਕਾਸ ਵਿੱਚ ਰੁਕਾਵਟ ਨਾ ਆਵੇ। -ਪੀਟੀਆਈ