ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ
ਪੱਤਰ ਪ੍ਰੇਰਕ
ਪਠਾਨਕੋਟ, 7 ਅਗਸਤ
ਪਠਾਨਕੋਟ ਪੁਲੀਸ ਨੇ ਪਿੰਡ ਮੁਰਾਦਪੁਰ (ਦਤਿਆਲ) ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਰਦਿਆਂ ਛਾਪਾ ਮਾਰ ਕੇ 1 ਪੋਕਲੇਨ ਮਸ਼ੀਨ, 1 ਜੇਸੀਬੀ ਤੇ 1 ਟਿੱਪਰ ਨੂੰ ਜ਼ਬਤ ਕੀਤਾ ਜਦ ਕਿ ਉਥੇ ਸਟੋਨ ਕਰੱਸ਼ਰ ਵਾਲਿਆਂ ਦੀ ਇੱਕ ਕਾਰ ਵੀ ਕਬਜ਼ੇ ਵਿੱਚ ਲੈ ਲਈ।
ਇਹ ਛਾਪੇਮਾਰੀ ਇੱਕ ਸੂਹ ਦੇ ਆਧਾਰ ’ਤੇ ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਵੱਲੋਂ ਕੀਤੀ ਗਈ।ਡੀਐਸਪੀ ਸੁਖਜਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਛਾਪਾ ਮਾਰਨ ਗਈ ਪੁਲੀਸ ਪਾਰਟੀ ਨੂੰ ਦੇਖਦੇ ਸਾਰ ਹੀ ਉਥੇ ਗੈਰ ਕਾਨੂੰਨੀ ਮਾਈਨਿੰਗ ਵਿੱਚ ਲੱਗੇ ਹੋਏ ਵਿਅਕਤੀ ਫਰਾਰ ਹੋ ਗਏ। ਇਸੇ ਤਰ੍ਹਾਂ ਇੱਕ ਕਾਰ ਵੀ ਜ਼ਬਤ ਕੀਤੀ ਗਈ ਜੋ ਕਿ ਸੰਤ ਸਟੋਨ ਕਰੱਸ਼ਰ ਵਾਲਿਆਂ ਦੀ ਸੀ, ਉਸ ਵਿੱਚ ਵੀ ਜੋ ਵਿਅਕਤੀ ਸਵਾਰ ਸਨ, ਉਹ ਵੀ ਕਾਰ ਛੱਡ ਕੇ ਫਰਾਰ ਹੋ ਗਏ।
ਇਸ ਬਾਰੇ ਮਾਈਨਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਲਿਆ ਗਿਆ ਤੇ ਉਨ੍ਹਾਂ ਗੈਰ-ਕਾਨੂੰਨੀ ਮਾਈਨਿੰਗ (ਖੁਦਾਈ) ਹੋਣ ਦੇ ਸੰਕੇਤ ਦਿੱਤੇ। ਇਸ ਕਰਕੇ ਨਰੋਟ ਜੈਮਲ ਸਿੰਘ ਪੁਲੀਸ ਸਟੇਸ਼ਨ ਵਿਖੇ ਮਾਈਨਜ਼ ਐਂਡ ਮਿਨਰਲਜ਼ ਐਕਟ, 1957 ਦੀ ਧਾਰਾ 21(1) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਦਸਮੇਸ਼ ਸਟੋਨ ਕਰੈਸ਼ਰ ਨਾਲ ਜ਼ਬਤ ਕੀਤੇ ਗਏ ਵਾਹਨਾਂ ਦੇ ਸਬੰਧ ਹੋਣ ਦੀ ਪੁਸ਼ਟੀ ਹੋਈ ਹੈ। ਬਾਕੀ ਜਾਂਚ ਦਾ ਕੰਮ ਜਾਰੀ ਹੈ।