ਨਾਜਾਇਜ਼ ਆਟੋ ਰਿਕਸ਼ਾ ਪਾਰਕਿੰਗਾਂ ਵਿਰੁੱਧ ਕਾਰਵਾਈ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਨਵੰਬਰ
‘ਸਿਟੀ ਬਿਊਟੀਫੁਲ’ ਚੰਡੀਗੜ੍ਹ ਵਿੱਚ ਜਨਤਕ ਥਾਵਾਂ ’ਤੇ ਨਾਜਾਇਜ਼ ਪਾਰਕਿੰਗ ਅਤੇ ਥ੍ਰੀ ਵੀਲ੍ਹਰ ਖੜਾਉਣ ਦਾ ਮਸਲਾ ਲਗਤਾਰਾ ਭਖ਼ਦਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਪੇਸ਼ ਆਉਂਦੀ ਸਮੱਸਿਆ ਨੂੰ ਵੇਖਦਿਆਂ ਚੰਡੀਗੜ੍ਹ ਨਗਰ ਨਿਗਮ ਦੇ ਇਨਫੋਰਸਮੈਂਟ ਵਿੰਗ ਨੇ ਬੀਤੀ ਦੇਰ ਰਾਤ ਕਈ ਥਾਵਾਂ ’ਤੇ ਨਾਜਾਇਜ਼ ਆਟੋ ਰਿਕਸ਼ਾ ਪਾਰਕਿੰਗਾਂ ਵਿਰੁੱਧ ਕਾਰਵਾਈ ਕਰ ਦਿੱਤੀ ਹੈ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਸੈਕਟਰ-46 ਡੀ ਵਿੱਚ ਨਜਾਇਜ਼ ਤੌਰ ’ਤੇ ਖੜੇ ਕੀਤੇ ਗਏ ਥ੍ਰੀ ਵੀਲ੍ਹਰ ਜ਼ਬਤ ਵੀ ਕਰ ਲਏ ਹਨ। ਇਹ ਕਾਰਵਾਈ ਨਗਰ ਨਿਗਮ ਦੇ ਇਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਡੀਪੀ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਹੈ, ਜਿਨ੍ਹਾਂ ਨੇ ਸ਼ਹਿਰ ਦੇ ਸਾਰੇ ਥ੍ਰੀਵੀਲ੍ਹਰ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਕਿਸੇ ਦਾ ਥ੍ਰੀ ਵੀਲ੍ਹਰ ਜਾਂ ਹੋਰ ਕਮਰਸ਼ੀਅਲ ਵਾਹਨ ਸੜਕ ’ਤੇ ਗਲਤ ਢੰਗ ਨਾਲ ਖੜਾ ਹੋਵੇਗਾ, ਉਸ ਨੂੰ ਜ਼ਬਤ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਥ੍ਰੀ ਵੀਲ੍ਹਰ ਚਲਾਉਂਦੇ ਹਨ, ਜੋ ਕਿ ਸ਼ਹਿਰ ਵਿੱਚ ਖਾਲ੍ਹੀ ਪਈਆਂ ਥਾਵਾਂ ’ਤੇ ਨਾਜਾਇਜ਼ ਢੰਗ ਨਾਲ ਖੜੇ ਕਰਕੇ ਚਲੇ ਜਾਂਚੇ ਹਨ। ਸ਼ਹਿਰ ਦੀਆਂ ਗੱਲੀਆਂ ਤੇ ਹੋਰਨਾਂ ਖਾਲ੍ਹੀ ਪਈਆਂ ਥਾਵਾਂ ’ਤੇ ਖੜੇ ਅਜਿਹੇ ਵਾਹਨ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਨਾਜਾਇਜ਼ ਤੌਰ ’ਤੇ ਖੜੇ ਥ੍ਰੀ ਵੀਲ੍ਹਰ ਤੇ ਹੋਰਨਾਂ ਕਮਰਸ਼ੀਅਲ ਵਾਹਨਾਂ ਨੂੰ ਹਟਾਇਆ ਜਾਵੇ।
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਇਨ੍ਹਾਂ ਥ੍ਰੀ ਵੀਲ੍ਹਰ ਚਾਲਕਾਂ ਵੱਲੋਂ ਵੱਡੀ ਗਿਣਤੀ ਵਿੱਚ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਫੋਟੋ