ਨਸ਼ਿਆਂ ਵਿਰੁੱਧ ਕਾਰਵਾਈ: ਵਿਧਾਇਕ ਵੱਲੋਂ ਬੱਸ ਅੱਡੇ ’ਤੇ ਛਾਪਾ
ਗਗਨਦੀਪ ਅਰੋੜਾ
ਲੁਧਿਆਣਾ, 25 ਜੁਲਾਈ
ਬੱਸ ਅੱਡੇ ਦੇ ਬਾਹਰ ਨਸ਼ੇੜੀ ਔਰਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਬੱਸ ਅੱਡੇ ’ਤੇ ਪੁੱਜੇ ਤੇ ਆਸ-ਪਾਸ ਦੇ ਇਲਾਕੇ ਨੂੰ ਚੈੱਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਵਾਹਰ ਨਗਰ ਕੈਂਪ ਦੇ ਨਾਲ ਨਾਲ ਕਈ ਇਲਾਕਿਆਂ ’ਚ ਜਾ ਕੇ ਖੁਦ ਲੋਕਾਂ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਏਡੀਸੀਪੀ-3 ਸ਼ੁਭਮ ਅੱਗਰਵਾਲ ਅਤੇ ਥਾਣਾ ਡਿਵੀਜ਼ਨ ਨੰ. 5 ਦੇ ਐਸ.ਐਚ.ਓ. ਸਬ ਇੰਸਪੈਕਟਰ ਨੀਰਜ ਚੌਧਰੀ ਵੀ ਮੌਜੂਦ ਸਨ। ਜਦੋਂ ਵਿਧਾਇਕ ਗੋਗੀ ਨੇ ਲੋਕਾਂ ਨਾਲ ਗੱਲ ਕੀਤੀ ਤਾਂ ਲੋਕਾਂ ਨੇ ਕਾਫ਼ੀ ਪ੍ਰੇਸ਼ਾਨੀਆਂ ਦੱਸੀਆਂ ਕਿ ਰੋਜ਼ਾਨਾ ਇੱਥੇ ਨਸ਼ੇ ਦੀ ਸਪਲਾਈ ਹੁੰਦੀ ਹੈ ਤੇ ਪੁਲੀਸ ਆਉਣ ’ਤੇ ਤਸਕਰ ਭੱਜ ਜਾਂਦੇ ਹਨ ਤੇ ਉਨ੍ਹਾਂ ਦੇ ਜਾਂਦੇ ਹੀ ਫਿਰ ਤੋਂ ਕੰਮ ਸ਼ੁਰੂ ਹੋ ਜਾਂਦਾ ਹੈ। ਕਈ ਲੋਕਾਂ ਨੇ ਤਾਂ ਇਸ ਕੰਮ ’ਚ ਪੁਲੀਸ ਨੂੰ ਸਭ ਪਤਾ ਹੋਣ ਦੀ ਵੀ ਸ਼ਿਕਾਇਤ ਕੀਤੀ ਜਿਸ ’ਤੇ ਅਧਿਕਾਰੀਆਂ ਨੂੰ ਵੀ ਗੋਗੀ ਨੇ ਚੈੱਕ ਕਰਨ ਦੇ ਹੁਕਮ ਦਿੱਤੇ।
ਲੋਕਾਂ ਨੇ ਵਿਧਾਇਕ ਗੋਗੀ ਨੂੰ ਕਿਹਾ ਕਿ ਜਵਾਹਰ ਨਗਰ ਕੈਂਪ ਅਤੇ ਬੱਸ ਅੱਡੇ ਦੇ ਆਲੇ ਦੁਆਲੇ ਚਿੱਟਾ ਸ਼ਰ੍ਹੇਆਮ ਵਿੱਕ ਰਿਹਾ ਹੈ। ਲੜਕੀਆਂ ਦੇ ਗੈਂਗ ਬੱਸ ਅੱਡੇ ਦੇ ਬਾਹਰ ਚੱਲ ਰਹੇ ਹਨ। ਨਸ਼ਾ ਕਰਨ ਤੋਂ ਬਾਅਦ ਲੜਕੀਆਂ ਜਿਸਮ ਫਰੋਸ਼ੀ ਦਾ ਕੰਮ ਕਰਦੀਆਂ ਹਨ। ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਲੜਕੀਆਂ ਨਸ਼ਾ ਤਸਕਰਾਂ ਦਾ ਮੋਹਰਾ ਤੱਕ ਬਣ ਜਾਂਦੀਆਂ ਹਨ। ਵਿਧਾਇਕ ਗੋਗੀ ਅਤੇ ਪੁਲੀਸ ਨੇ ਜਦੋਂ ਇਲਾਕੇ ਨੂੰ ਘੇਰਿਆ ਤਾਂ ਕਾਫ਼ੀ ਨਸ਼ਾ ਤਸਕਰ ਭੱਜ ਗਏ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ’ਚ ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਗਿਆ ਤਾਂ ਉਸ ’ਤੇ ਸਖਤ ਕਾਰਵਾਈ ਕਰਵਾਈ ਜਾਵੇਗੀ।
ਵਿਧਾਇਕ ਗੋਗੀ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਗੱਲ ਹੋ ਗਈ ਹੈ। ਪੁਲੀਸ ਕਮਿਸ਼ਨਰ ਨੇ ਵੀ ਇਲਾਕੇ ’ਚ ਗਸ਼ਤ ਤੇਜ਼ ਕਰਨ ਦਾ ਭਰੋਸਾ ਦਿੱਤਾ ਹੈ। ਵਿਧਾਇਕ ਦੇ ਨਾਲ ਪੁੱਜੇ ਏਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਉਨ੍ਹਾਂ ਨੂੰ ਨਸ਼ਾ ਵਿਕਣ ਦੀ ਜਾਣਕਾਰੀ ਮਿਲੀ ਸੀ ਤਾਂ ਉਸ ਸਮੇਂ ਵੀ ਕੇਸ ਦਰਜ ਕੀਤਾ ਗਿਆ ਸੀ। ਹੁਣ ਦੁਬਾਰਾ ਰੋਜ਼ਾਨਾ ਸਰਚ ਹੋਵੇਗੀ ਤੇ ਜੋ ਕਸੂਰਵਾਰ ਹੋਣਗੇ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ।
ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
ਥਾਣਾ ਦੁੱਗਰੀ ਦੀ ਪੁਲੀਸ ਵੱਲੋਂ ਇੱਕ ਵਿਅਕਤੀੇ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟੈਕ ਸੈਲ 1 ਦੇ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਪਛਾਣ ਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ 2 ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਉਹ ਮਾਣਕਵਾਲ ਸਾਇਡ ਤੋਂਆ ਰਿਹਾ ਸੀ। ਉਹਨੂੰ ਸ਼ੱਕ ਦੀ ਬਨਿਾਅ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ