ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਮੁਲਕਾਂ ਖਿਲਾਫ਼ ਕਾਰਵਾਈ ’ਚ ਲਗਾਤਾਰ ਤੇਜ਼ੀ ਲਿਆਂਦੀ ਜਾਵੇ: ਤਿਰੁਮੂਰਤੀ
ਸੰਯੁਕਤ ਰਾਸ਼ਟਰ, 22 ਅਗਸਤ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ ਐਸ ਤਿਰੁਮੂਰਤੀ ਨੇ ਕਿਹਾ ਕਿ ਵਿਸ਼ਵ ਸੰਸਥਾ ਨੂੰ ਅਤਿਵਾਦ ਦੇ ਦੋਸ਼ੀਆਂ, ਵਿਸ਼ੇਸ਼ ਤੌਰ ’ਤੇ ਸਰਹੱਦ ’ਤੇ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਮੁਲਕਾਂ ਖ਼ਿਲਾਫ਼ ਕਾਰਵਾਈ ਵਿੱਚ ਲਗਾਤਾਰ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਅਤਿਵਾਦ ਨੂੰ ਉਤਸ਼ਾਹਤ ਕਰਨ ਵਾਲੇ ਕਿਸੇ ਵੀ ਮੁਲਕ ਨੂੰ ਆਪਣੇ ਆਪ ਨੂੰ ਅਤਿਵਾਦ ਪੀੜਤ ਦੱਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸੰਯੁਕਤ ਰਾਸ਼ਟਰ ਨੇ ਅਤਿਵਾਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਤੀਜਾ ਕੌਮਾਂਤਰੀ ਦਿਵਸ ਮਨਾਇਆ ਸੀ। ਤਿਰੁਮੂਰਤੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ ਸਾਨੂੰ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਕਿਸੇ ਵੀ ਮੁਲਕ ਨੂੰ ਆਪਣੇ ਆਪ ਨੂੰ ਅਤਿਵਾਦ ਪੀੜਤ ਦਿਖਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸੰਯੁਕਤ ਰਾਸ਼ਟਰ ਨੂੰ ਦੋਸ਼ੀਆਂ ਖ਼ਿਲਾਫ਼ ਵਿਸ਼ੇਸ਼ ਤੌਰ ’ਤੇ ਸਰਹੱਦ ਪਾਰੋ ਅਤਿਵਾਦ ਨੂੰ ਸਪਾਂਸਰ ਕਰਨ ਵਾਲੇ ਮੁਲਕਾਂ ਖਿਲਾਫ਼ ਕਾਰਵਾਈ ਨੂੰ ਲਗਾਤਾਰ ਤੇਜ਼ ਕਰਨਾ ਚਾਹੀਦਾ ਹੈ। ’’ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕੀਤਾ ਕਿ ਇਸ ਕੌਮਾਂਤਰੀ ਦਿਵਸ ’ਤੇ ‘ ਅਸੀਂ ਅਤਿਵਾਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਯਾਦ ਕਰਦੇ ਹਾਂ ਅਤੇ ਇਹ ਵੀ ਚੇਤੇ ਕਰਦੇ ਹਾਂ ਕਿ ਅਤਿਵਾਦ ਦੇ ਦੋਸ਼ੀਆਂ ਨੂੰ ਸਜ਼ਾ ਮੁਆਫ਼ੀ ਦੇ ਨਾਲ ਨਾਲ ਸਰਹੱਦ ਪਾਰ ਦੇ ਮੁਲਕਾਂ ਤੋਂ ਸਰਪ੍ਰਸਤੀ ਮਿਲੀ ਹੋਈ ਹੈ। ਭਾਰਤੀ ਮਿਸ਼ਨ ਨੇ ਟਵੀਟ ਦੇ ਨਾਲ ਤਿੰਨ ਮੰਟਾਂ ਦੀ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿੱਚ ਪਾਕਿਸਤਾਨ ਦੇ ਅਤਿਵਾਦੀ ਸੰਗਠਨਾਂ ਵੱਲੋਂ ਕੀਤੇ ਅਤਿਵਾਦੀ ਹਮਲਿਆਂ ਦਾ ਜ਼ਿਕਰ ਹੈ।
-ਏਜੰਸੀ