ਏਸੀਪੀ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ
ਪੱਤਰ ਪ੍ਰੇਰਕ
ਜਲੰਧਰ, 4 ਜੂਨ
ਬਿਰਧ ਨਾਗਰਿਕ ਅਤੇ ਐੱਨਆਰਆਈ ਪ੍ਰਦੀਪ ਕੁਮਾਰ (80) ਨੇ ਇੱਕ ਵਿਧਾਇਕ ਅਤੇ ਤਬਾਦਲੇ ਕੀਤੇ ਏਸੀਪੀ ਨਿਰਮਲ ਸਿੰਘ ’ਤੇ ਉਨ੍ਹਾਂ ਦੇ ਮਕਾਨ ਉੱਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਦੀਪ ਕੁਮਾਰ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਇਹ ਕਬਜ਼ਾ ਉਨ੍ਹਾਂ ਦੇ ਭਤੀਜੇ ਨੇ ਕੀਤਾ ਹੈ। ਇੰਨਾ ਹੀ ਨਹੀਂ ਪ੍ਰਦੀਪ ਨੇ ਆਪਣੇ ਭਤੀਜੇ ਅਤੇ ਹੋਰਾਂ ਵਿਰੁੱਧ ਲਗਭਗ ਤਿੰਨ ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਕੇਸ ਖਾਰਜ ਕਰਵਾਉਣ ਵਿੱਚ ਵਿਧਾਇਕ ਦਾ ਹੱਥ ਸੀ। ਇਸ ਦੌਰਾਨ 80 ਸਾਲਾ ਬਜ਼ੁਰਗ ਖ਼ਿਲਾਫ਼ ਛੇੜਛਾੜ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪ੍ਰਦੀਪ ਕੁਮਾਰ ਨੇ ਕਿਹਾ ਕਿ ਉਹ ਲਗਭਗ 35 ਸਾਲਾਂ ਬਾਅਦ ਦੁਬਈ ਤੋਂ ਵਾਪਸ ਆਇਆ ਹੈ। ਉਹ ਆਪਣੀ ਮਿਹਨਤ ਦੀ ਕਮਾਈ ਆਪਣੇ ਭਤੀਜੇ ਅਤੇ ਭੈਣ ਨੂੰ ਭੇਜਦਾ ਸੀ। ਉਸ ਨੇ ਪ੍ਰੀਤ ਨਗਰ ਵਿੱਚ ਇੱਕ ਆਲੀਸ਼ਾਨ ਘਰ ਬਣਾਇਆ ਅਤੇ ਉਸ ਦੇ ਭਤੀਜੇ ਨੇ ਉਸ ਨੂੰ ਧੋਖਾ ਦਿੱਤਾ। ਪ੍ਰਦੀਪ ਨੇ ਦੱਸਿਆ ਕਿ ਉਸ ਦੀ ਭੈਣ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਕਿਸੇ ਤਰ੍ਹਾਂ ਉਸ ਖ਼ਿਲਾਫ਼ ਲਗਭਗ ਤਿੰਨ ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕਰਵਾਇਆ।
ਪ੍ਰਦੀਪ ਨੇ ਦੋਸ਼ ਲਗਾਇਆ ਕਿ ਉਸ ਦੇ ਭਤੀਜੇ ਨੇ ਉਸ ਨੂੰ ਧਮਕੀ ਦਿੱਤੀ ਕਿ ਕਿਉਂਕਿ ਉਸ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਵਿਧਾਇਕ ਅਰੋੜਾ ਨਾਲ ਚੰਗੇ ਸਬੰਧ ਹਨ, ਇਸ ਲਈ ਉਹ ਕੈਨੇਡਾ ਵਿੱਚ ਆਪਣੇ ਭਰਾ ਨੂੰ ਮਾਰ ਸਕਦਾ ਹੈ। ਪ੍ਰਦੀਪ ਨੇ ਕਿਹਾ ਕਿ ਉਸ ਨੇ ਏਸੀਪੀ ਨੂੰ ਰਿਕਾਰਡਿੰਗ ਸੁਣਾਈ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਕਿਉਂਕਿ ਵਿਧਾਇਕ ਸਿੱਧੇ ਤੌਰ ’ਤੇ ਉਸ ਦੀ ਰੱਖਿਆ ਕਰ ਰਿਹਾ ਸੀ। ਏਸੀਪੀ ਨੇ ਉਸ ਨੂੰ ਸਮਝੌਤਾ ਕਰਨ ਲਈ ਆਪਣੇ ਦਫ਼ਤਰ ਬੁਲਾਇਆ।
ਜਦੋਂ ਉਹ ਸਹਿਮਤ ਨਹੀਂ ਹੋਇਆ ਤਾਂ 13 ਮਾਰਚ, 2023 ਨੂੰ ਉਸ ਖ਼ਿਲਾਫ਼ ਹਮਲਾ ਅਤੇ ਛੇੜਛਾੜ ਦਾ ਕੇਸ ਦਰਜ ਕਰ ਲਿਆ ਗਿਆ। ਪ੍ਰਦੀਪ ਨੇ ਦੋਸ਼ ਲਗਾਇਆ ਕਿ ਵਿਧਾਇਕ ਨੇ ਕਥਿਤ ਤੌਰ ’ਤੇ ਇਸ ਸਾਲ ਮਾਰਚ ਵਿੱਚ ਉਸ ਦੁਆਰਾ ਦਰਜ ਕਰਵਾਇਆ ਗਿਆ ਧੋਖਾਧੜੀ ਦਾ ਮਾਮਲਾ ਰੱਦ ਕਰਵਾ ਦਿੱਤਾ। ਪ੍ਰਦੀਪ ਨੇ ਕਿਹਾ ਕਿ ਵਿਧਾਇਕ ਦੇ ਨਾਲ-ਨਾਲ ਏਸੀਪੀ ਅਤੇ ਏਡੀਸੀਪੀ ਰੈਂਕ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਸੀਪੀ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ।
ਏਸੀਪੀ ਨੇ ਦੋਸ਼ ਨਕਾਰੇ
ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਪ੍ਰਦੀਪ ਸਥਿਤੀ ਦਾ ਫਾਇਦਾ ਉਠਾ ਰਿਹਾ ਹੈ ਅਤੇ ਝੂਠੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਕੋਈ ਵੀ ਕੇਸ ਰੱਦ ਨਹੀਂ ਕੀਤਾ ਹੈ।