ਕੋਟਕਪੂਰਾ ਵਿੱਚ ਲੜਕੀ ’ਤੇ ਤੇਜ਼ਾਬ ਸੁੱਟਿਆ
ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 22 ਅਕਤੂਬਰ
ਇੱਥੇ ਦਿਨ ਦਿਹਾੜੇ ਲੜਕੀ ’ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਜ਼ੇਰੇ ਇਲਾਜ 30 ਸਾਲਾ ਲੜਕੀ ਵਾਸੀ ਸ਼ਹੀਦ ਭਗਤ ਸਿੰਘ ਨਗਰ, ਕੋਟਕਪੂਰਾ ਲੰਘੀ ਸਵੇਰ ਕਰੀਬ 10 ਵਜੇ ਆਪਣੇ ਘਰ ’ਚ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋਵੇਂ ਮੁਲਜ਼ਮਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਜਦੋਂ ਲੜਕੀ ਬਾਹਰ ਆਈ ਤਾਂ ਉਨ੍ਹਾਂ ਨੇ ਉਸ ਦੇ ਮੂੰਹ ’ਤੇ ਤੇਜ਼ਾਬ ਸੁੱਟ ਦਿੱਤਾ।
ਇਸ ਦੌਰਾਨ ਲੜਕੀ ਦੇ ਅੱਖਾਂ ’ਤੇ ਤੇਜ਼ਾਬ ਡਿੱਗਿਆ ਤੇ ਮੂੰਹ ਦੇ ਕੁੱਝ ਹਿੱਸੇ ਵਿੱਚ ਇਸ ਦੇ ਛਿੱਟੇ ਪਏ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਗਿਆ ਜਿੱਥੋਂ ਹਾਲਤ ਗੰਭੀਰ ਹੋਣ ਮਗਰੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫਰ ਕਰ ਦਿੱਤਾ।
ਸਥਾਨਕ ਲੋਕਾਂ ਅਨੁਸਾਰ ਇਹ ਪਰਿਵਾਰ ਕੁਝ ਸਮੇਂ ਤੋਂ ਇੱਥੇ ਰਹਿਣ ਲੱਗਿਆ ਹੈ ਤੇ ਇਨ੍ਹਾਂ ਨੇ ਆਪਣੇ ਲੜਕੇ ਦਾ ਵਿਆਹ ਰੱਖਿਆ ਹੋਇਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਇਕਬਾਲ ਸਿੰਘ ਅਨੁਸਾਰ ਪੀੜਤ ਲੜਕੀ ਦੀ ਉਮਰ 30 ਸਾਲ ਹੈ। ਮੁਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਲੜਕੀ ’ਤੇ ਨਮਕ ਵਾਲਾ ਤੇਜ਼ਾਬ ਸੁੱਟ ਕੇ ਉਸ ਨੂੰ ਜ਼ਖ਼ਮੀ ਕੀਤਾ ਹੈ। ਇਸ ਘਟਨਾ ਕਾਰਨ ਿੲਲਾਕੇ ਵਿੱਚ ਸਹਿਮ ਫੈਲ ਗਿਆ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਤੁਰੰਤ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨ ’ਤੇ ਦੋ ਜਣਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੜਕੀ ’ਤੇ ਤੇਜ਼ਾਬ ਸੁੱਟਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਗਈ ਹੈ।