For the best experience, open
https://m.punjabitribuneonline.com
on your mobile browser.
Advertisement

ਦੇਸ਼ ਵਿੱਚ ‘ਅੱਛੇ ਦਿਨ ਆਨੇ ਵਾਲੇ ਹੈ’: ਕੇਜਰੀਵਾਲ

08:36 AM May 30, 2024 IST
ਦੇਸ਼ ਵਿੱਚ ‘ਅੱਛੇ ਦਿਨ ਆਨੇ ਵਾਲੇ ਹੈ’  ਕੇਜਰੀਵਾਲ
ਬਾਪੂ ਧਾਮ ਕਲੋਨੀ ਵਿੱਚ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨਾਲ ਰੋਡ ਸ਼ੋਅ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 29 ਮਈ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅੱਜ ਸ਼ਾਮ ਚੰਡੀਗੜ੍ਹ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਹਮਾਇਤ ਵਿੱਚ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਵਿੱਚ ਕੀਤਾ ਗਿਆ। ਕੇਜਰੀਵਾਲ ਨੇ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ ਨੂੰ ਖਤਮ ਕਰਨ ਲੱਗੀ ਹੋਈ ਹੈ ਅਤੇ ‘ਇੰਡੀਆ’ ਗੱਠਜੋੜ ਸੰਵਿਧਾਨ ਬਚਾਉਣ ਲਈ ਲੜਾਈ ਲੜ ਰਿਹਾ ਹੈ। ਇਸੇ ਕਰਕੇ 4 ਜੂਨ ਨੂੰ ਦੇਸ਼ ਵਿੱਚ ‘ਅੱਛੇ ਦਿਨ ਆਨੇ ਵਾਲੇ ਹੈ, ਮੋਦੀ ਜੀ ਜਾਨੇ ਵਾਲੇ ਹੈ’। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੂਰੇ ਦੇਸ਼ ਵਿੱਚ ਤਾਨਾਸ਼ਾਹੀ ਤੇ ਗੁੰਡਾਗਰਦੀ ਕਰਨ ਲੱਗੀ ਹੋਈ ਹੈ, ਜੋ ਕਿ ਦੇਸ਼ ਲਈ ਚੰਗੀ ਗੱਲ ਨਹੀਂ ਹੈ।
ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਜਾਣ-ਬੁੱਝ ਕੇ ਉਨ੍ਹਾਂ ਨੂੰ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਚੋਣ ਜ਼ਾਬਤਾ 16 ਮਾਰਚ ਨੂੰ ਲੱਗਿਆ ਅਤੇ ਉਨ੍ਹਾਂ ਨੂੰ 21 ਮਾਰਚ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਜੋ ਉਹ ਚੋਣ ਪ੍ਰਚਾਰ ਨਾ ਕਰ ਸਕਣ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਲਈ ਜ਼ਮਾਨਤ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜੇਲ੍ਹ ਵਿੱਚ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ, ਉਨ੍ਹਾਂ ਦੀਆਂ ਸਾਰੀਆਂ ਦਵਾਈਆਂ ਬੰਦ ਕਰ ਦਿੱਤੀਆਂ। ਸ਼ੂਗਰ ਦਾ ਮਰੀਜ਼ ਹੋਣ ਦੇ ਬਾਵਜੂਦ ਕੋਈ ਦਵਾਈ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰ ਉਹ ਭਾਜਪਾ ਦੀਆਂ ਧਕੇਸ਼ਾਹੀਆਂ ਅੱਗੇ ਡਰਨ ਜਾਂ ਦਬਣ ਵਾਲੇ ਨਹੀਂ ਹਨ।
‘ਆਪ’ ਸੁਪਰੀਮੋ ਨੇ ਕਿਹਾ ਕਿ ਜੇਕਰ ਉਹ ਇਮਾਨਦਾਰ ਨਹੀਂ ਹਨ ਤਾਂ ਇਸ ਦੁਨੀਆ ’ਚ ਕੋਈ ਵੀ ਇਮਾਨਦਾਰ ਨਹੀਂ ਹੈ। ਕੇਜਰੀਵਾਲ ਨੇ ਕਿਰਨ ਖੇਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਭਾਜਪਾ ਨੂੰ ਆਪਣੀ ਵੋਟ ਦਿੰਦੇ ਰਹੇ ਹਨ ਪਰ ਉਨ੍ਹਾਂ ਨੇ ਇੱਥੋਂ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਰਨ ਖੇਰ 10 ਸਾਲਾਂ ਤੋਂ ਉਨ੍ਹਾਂ ਦੀ ਸੰਸਦ ਮੈਂਬਰ ਰਹੀ ਹੈ ਪਰ ਉਹ ਕਦੇ ਚੰਡੀਗੜ੍ਹ ਦੇ ਲੋਕਾਂ ਨੂੰ ਮਿਲਣ ਵੀ ਨਹੀਂ ਆਈ। ਕੇਜਰੀਵਾਲ ਨੇ ਲੋਕਾਂ ਨੂੰ ਮਨੀਸ਼ ਤਿਵਾੜੀ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਮਿਲ ਕੇ ਇਸ ਵਾਰ ਭਾਜਪਾ ਨੂੰ ਹਰਾਉਣਾ ਹੈ।

Advertisement

‘ਆਪ’ ਸੁਪਰੀਮੋ ਨੇ ਡਾ. ਬਲਬੀਰ ਸਿੰਘ ਲਈ ਮੰਗੀਆਂ ਵੋਟਾਂ

ਬਲਟਾਣਾ ਵਿੱਚ ਰੋਡ ਸ਼ੋਅ ਕਰਦੇ ਹੋਏ ਅਰਵਿੰਦ ਕੇਜਰੀਵਾਲ। -ਫੋਟੋ: ਰੂਬਲ

ਜ਼ੀਰਕਪੁਰ (ਹਰਜੀਤ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਬੀਤੀ ਰਾਤ ਰੋਡ ਸ਼ੋਅ ਕੀਤਾ। ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਉਨ੍ਹਾਂ ਨੇ ਗੱਡੀ ਦੇ ਉੱਪਰ ਬੈਠ ਕੇ ਬਲਟਾਣਾ ਦੇ ਮੁੱਖ ਬਾਜ਼ਾਰ ਵਿੱਚ ਰੋਡ ਸ਼ੋਅ ਕੀਤਾ। ਬਾਜ਼ਾਰ ਦੇ ਵਿਚਾਲੇ ਗੱਡੀ ’ਤੇ ਖੜ੍ਹੇ ਹੋ ਕੇ ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਅਤੇ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ। ਭਾਜਪਾ ਆਗੂ ਸ਼ਰੇਆਮ ਕਹਿੰਦੇ ਆ ਰਹੇ ਹਨ ਕਿ ਉਹ ਇਨ੍ਹਾਂ ਚੋਣਾਂ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਭੰਗ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨੌਂ ਹਜ਼ਾਰ ਕਰੋੜ ਰੁਪਏ ਰੋਕ ਕੇ ਬੈਠੀ ਹੈ ਜਿਸ ਨੂੰ ਜਾਣ-ਬੁੱਝ ਕੇ ਜਾਰੀ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਜਿੱਤਣ ਨਾਲ ਪੰਜਾਬ ਦਾ ਵਿਕਾਸ ਦੁੱਗਣੀ ਰਫ਼ਤਾਰ ਨਾਲ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ਸੱਤਾ ਦਾ ਐਨਾ ਹੰਕਾਰ ਹੋ ਗਿਆ ਹੈ ਕਿ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਗੂ ਉਨ੍ਹਾਂ ਨੂੰ ਭਗਵਾਨ ਤੋਂ ਉੱਪਰ ਸਮਝਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਝੂਠੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 21 ਦਿਨ ਪ੍ਰਚਾਰ ਕਰਨ ਲਈ ਛੋਟ ਦਿੱਤੀ ਜੋ ਮੋਦੀ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੇਸ਼ ਵਿੱਚ ਸਰਕਾਰ ਬਣਾ ਕੇ ਨਰਿੰਦਰ ਮੋਦੀ ਦੇ ਹੰਕਾਰ ਨੂੰ ਤੋੜੇਗਾ।

ਹੈਲੀਕਾਪਟਰ ਰਾਹੀਂ ਜ਼ੀਰਕਪੁਰ ਪੁੱਜੇ ਕੇਜਰੀਵਾਲ

ਜ਼ੀਰਕਪੁਰ ਵਿੱਚ ਅਰਵਿੰਦ ਕੇਜਰੀਵਾਲ ਲੰਘੀ ਸ਼ਾਮ ਹੈਲੀਕਾਪਟਰ ਰਾਹੀਂ ਪਹੁੰਚੇ। ਉਨ੍ਹਾਂ ਦਾ ਇੱਥੇ ਪਹੁੰਚਣ ਲਈ ਲੰਘੀ ਸ਼ਾਮ ਸ਼ਾਮ ਛੇ ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਉਹ ਸਵਾ ਸੱਤ ਵਜੇ ਪਹੁੰਚੇ। ਉਨ੍ਹਾਂ ਸਿਰਫ਼ ਅੱਧਾ ਕਿਲੋਮੀਟਰ ਬਾਜ਼ਾਰ ਵਿੱਚ ਹੀ ਰੋਡ ਸ਼ੋਅ ਕੀਤਾ ਅਤੇ ਵਾਪਸ ਚਲੇ ਗਏ। ਜਦਕਿ ਬਾਕੀ ਬਾਜ਼ਾਰ ਵਿੱਚ ਲੋਕ ਉਨ੍ਹਾਂ ਦੀ ਉਡੀਕ ਕਰਦੇ ਰਹੇ। ਰੋਡ ਸ਼ੋਅ ਮਗਰੋਂ ਕੇਜਰੀਵਾਲ ਗੱਡੀ ਵਿੱਚ ਹੇਠਾਂ ਜਾ ਕੇ ਬੈਠ ਗਏ ਪਰ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਗੱਡੀ ਦੇ ਉੱਪਰ ਹੀ ਪਿਆ ਰਿਹਾ, ਜੋ ਬਾਅਦ ਵਿੱਚ ਹੇਠਾਂ ਡਿੱਗ ਗਿਆ। ਰੋਡ ਸ਼ੋਅ ਦੌਰਾਨ ਪੂਰੇ ਜ਼ੀਰਕਪੁਰ ਵਿੱਚ ਜਾਮ ਲੱਗਿਆ ਰਿਹਾ ਅਤੇ ਮੁੱਖ ਬਾਜ਼ਾਰ ਵਿੱਚ ਸ਼ਾਮ ਤੋਂ ਰਾਤ ਤੱਕ ਦੁਕਾਨਦਾਰੀ ਠੱਪ ਹੋ ਗਈ।

Advertisement
Author Image

sukhwinder singh

View all posts

Advertisement
Advertisement
×