ਨਸ਼ਾ ਤਸਕਰੀ ਮਾਮਲੇ ਵਿੱਚ ਮੁਲਜ਼ਮ ਦੀ ਜਾਇਦਾਦ ਜ਼ਬਤ
ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਸਤੰਬਰ
ਲੁਧਿਆਣਾ (ਦਿਹਾਤੀ) ਪੁਲੀਸ ਅਧੀਨ ਸੁਧਾਰ ਦੀ ਪੁਲੀਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਮਨਰਾਜ ਸਿੰਘ ਵਾਸੀ ਕਿਸ਼ਨਗੜ੍ਹ ਛੰਨਾ ਹਾਲ ਵਾਸੀ ਹਰਗੋਬਿੰਦ ਨਗਰ ਸੁਧਾਰ ਬਜ਼ਾਰ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਵੱਲੋਂ ਖ਼ੁਦ ਪੁਲੀਸ ਪਾਰਟੀ ਦੀ ਮੌਜੂਦਗੀ ਵਿੱਚ ਸਮਰੱਥ ਅਥਾਰਿਟੀ ਵੱਲੋਂ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦੀ ਕਾਪੀ ਕਸਬੇ ਦੇ ਦਸਮੇਸ਼ ਮੈਡੀਕਲ ਸਟੋਰ ਦੇ ਮਾਲਕ ਮਨਰਾਜ ਸਿੰਘ ਦੀ ਰਿਹਾਇਸ਼ ਉੱਪਰ ਲਗਾ ਦਿੱਤੀ ਗਈ। ਪਿਛਲੇ ਸਾਲ 6 ਫਰਵਰੀ ਨੂੰ ਦਸਮੇਸ਼ ਮੈਡੀਕਲ ਸਟੋਰ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕਰਨ ਬਾਅਦ ਨਸ਼ਾ ਤਸਕਰੀ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮੁਲਜ਼ਮ ਮਨਰਾਜ ਸਿੰਘ ਹੁਣ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਨਸ਼ਾ ਤਸਕਰੀ ਰੋਕੂ ਕਾਨੂੰਨ 1985 ਦੀ ਧਾਰਾ 68 ਐੱਫ਼ (2) ਅਧੀਨ ਸਮਰੱਥ ਅਥਾਰਿਟੀ ਦੇ ਮੁਖੀ ਰਾਜਿੰਦਰ ਕੁਮਾਰ ਵੱਲੋਂ ਕਰੀਬ 6 ਮਹੀਨੇ ਪਹਿਲਾਂ 19 ਮਾਰਚ ਨੂੰ ਇਹ ਹੁਕਮ ਜਾਰੀ ਕੀਤੇ ਸਨ। ਸਮਰੱਥ ਅਥਾਰਿਟੀ ਅਨੁਸਾਰ ਕਈ ਮੌਕੇ ਦੇਣ ਦੇ ਬਾਵਜੂਦ ਮੁਲਜ਼ਮ ਮਨਰਾਜ ਸਿੰਘ ਆਪਣੇ ਪੱਖ ਵਿੱਚ ਕੋਈ ਤੱਥ ਪੇਸ਼ ਕਰਨ ਵਿੱਚ ਅਸਮਰਥ ਰਿਹਾ ਹੈ, ਜਿਸ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ।