ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਲਜ਼ਮ

08:03 AM Apr 17, 2024 IST

ਸੁਰਿੰਦਰ ਸਿੰਘ ਰਾਏ
Advertisement

ਕਈ ਛੋਟੀਆਂ-ਮੋਟੀਆਂ ਬਿਮਾਰੀਆਂ ਤਾਂ ਕੁਝ ਦਿਨਾਂ ਬਾਅਦ ਆਪਣੇ ਆਪ ਹੀ ਰਫ਼ੂ-ਚੱਕਰ ਹੋ ਜਾਂਦੀਆਂ ਨੇ। ਬੁੱਢੀ ਉਮਰੇ ਐਵੇਂ ਕਿਸੇ ਦਾ ਅਹਿਸਾਨ ਕਿਉਂ ਸਿਰ ਚੜ੍ਹਾਉਣਾ ਏਂ। ਨਾਲੇ ਹਸਪਤਾਲ ਜਾਣ ਨਾਲ ਤਾਂ ਉਂਜ ਈ ਚੰਗਾ-ਭਲਾ ਬੰਦਾ ਬਿਮਾਰ ਜਾਪਣ ਲੱਗ ਪੈਂਦਾ ਏ। ਉਸ ਨੇ ਆਪਣੇ ਮਨ ਨੂੰ ਧਰਵਾਸ ਦਿੱਤਾ। ਘੇਸਲ ਵੱਟੀ, ਕਈ ਦਿਨ ਉਹ ਆਪਣੇ ਇਸ ਫ਼ੈਸਲੇ ’ਤੇ ਅੜਿਆ ਰਿਹਾ। ਪਰ ਹੁਣ ਤਾਂ ਨਿੱਕੀ ਜਿਹੀ ਖੰਘ ਵਿਗੜ ਕੇ ਕਾਲੀ ਖ਼ਾਂਸੀ ਬਣ ਗਈ ਸੀ। ਕਦੇ-ਕਦੇ ਤੇਜ਼ ਬੁਖ਼ਾਰ ਵੀ ਹੋ ਜਾਂਦਾ ਸੀ। ਸਾਰੀ ਰਾਤ ਖਊਂ-ਖਊਂ ਕਰਦੇ ਹੀ ਗੁਜ਼ਰ ਜਾਂਦੀ। ਆਪਣੇ ਆਪ ਹਸਪਤਾਲ ਜਾਣ ਜੋਗੀ ਉਸ ਵਿੱਚ ਵੁੱਕਤ ਨਹੀਂ ਸੀ। ਪੈਸਿਆਂ ਪੱਖੋਂ ਵੀ ਅੱਜਕੱਲ੍ਹ ਉਸ ਦਾ ਹੱਥ ਕੁਝ ਤੰਗ ਹੀ ਚੱਲ ਰਿਹਾ ਸੀ। ਆਖਿਰ ਉਸ ਨੂੰ ਆਪਣੇ ਮੁੰਡੇ ਨਾਲ ਹੀ ਗੱਲ ਕਰਨੀ ਪਈ ਪਰ ਉਸ ਨੇ ਗੱਲ ਹੀ ਨਾ ਗੌਲੀ। ਉਹ ਦਵਾਈ ਦੇ ਪੈਸੇ ਕਿੱਥੋਂ ਦੇਣ ਲੱਗਾ ਸੀ। ਉਸ ਨੂੰ ਕਿਧਰੋਂ ਸੂਹ ਮਿਲੀ ਕਿ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਕਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਨੇ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਵਾਈ ਮੁਫ਼ਤ ਮਿਲਦੀ ਏ। ਇਹ ਖ਼ਬਰ ਸੁਣ ਕੇ ਉਹ ਥੋੜ੍ਹਾ ਜਿਹਾ ਹੁਲਾਸ ਵਿੱਚ ਆ ਗਿਆ।
“ਸਾਰੋ, ਤੂੰ ਕੱਲ੍ਹ ਔਖੀ-ਸੌਖੀ ਮੇਰੇ ਨਾਲ ਹਸਪਤਾਲ ਜਾ ਸਕਦੀ ਐਂ?” ਫਿਰ ਉਸ ਨੇ ਬੇਵਸੀ ਵਿੱਚ ਆਪਣੇ ਕੋਲ ਹੀ ਮੰਜੇ ’ਤੇ ਪਈ ਆਪਣੀ ਘਰਵਾਲੀ ਦੀ ਸਲਾਹ ਪੁੱਛੀ। ਗੱਲ ਸੁਣ ਕੇ ਸਾਰੋ ਨੇ ਆਪਣੀ ਦਰਦ ਕਰਦੀ ਬਾਂਹ ਵੱਲ ਵੇਖਿਆ, ਜਿਸ ਦੀ ਤਕਲੀਫ਼ ਨੇ ਉਸ ਨੂੰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਤੋੜਿਆ ਪਿਆ ਸੀ। ਆਪਣੀ ਰੋਟੀ-ਟੁੱਕ ਜੋਗਾ ਕੰਮ ਵੀ ਉਹ ਆਪਣੀ ਇੱਕ ਬਾਂਹ ਨਾਲ ਹੀ ਬੜੀ ਮੁਸ਼ਕਿਲ ਨਾਲ ਕਰਦੀ ਸੀ। ਘਰੋਂ ਬਾਹਰ ਕਿਧਰੇ ਸਫ਼ਰ ’ਤੇ ਜਾਣਾ ਤਾਂ ਉਸ ਲਈ ਹੋਰ ਵੀ ਮੁਸੀਬਤ ਬਣ ਜਾਂਦੀ ਸੀ ਪਰ ਇਸ ਔਖੀ ਘੜੀ ਸਮੇਂ ਆਪਣੇ ਪਤੀ ਦਾ ਸਾਥ ਦੇਣਾ ਵੀ ਜ਼ਰੂਰੀ ਸੀ। ਉਸ ਦੇ ਘਰਵਾਲੇ ਨੇ ਵੀ ਉਸ ਦੇ ਇਲਾਜ ਲਈ ਕੋਈ ਕਸਰ ਨਹੀਂ ਸੀ ਛੱਡੀ। ਫਿਰ ਉਹ ਆਪਣੇ ਪਤੀ ਦਾ ਆਖਾ ਕਿਵੇਂ ਮੋੜ ਸਕਦੀ ਸੀ। ਦੂਸਰੇ ਦਿਨ ਦੋਵੇਂ ਜੀਅ ਸਵੇਰੇ ਹੀ ਪਿੰਡ ਦੇ ਬੱਸ ਅੱਡੇ ਤੋਂ ਥ੍ਰੀਵੀਲਰ ਫੜ ਕੇ ਹਸਪਤਾਲ ਜਾ ਪਹੁੰਚੇ। ਜਾਂਦਿਆਂ ਹੀ ਫੁਰਤੀ ਨਾਲ ਸਦਾ ਰਾਮ ਨੇ ਪਰਚੀ ਕਟਾਈ ਤੇ ਮਰੀਜ਼ਾਂ ਦੀ ਲਾਈਨ ਵਿੱਚ ਜਾ ਲੱਗਾ। ਸਾਰੋ ਧੁੱਪ ਤੋਂ ਬਚਾਅ ਲਈ ਥੋੜ੍ਹਾ ਦੂਰ ਇੱਕ ਨਿੱਕੇ ਜਿਹੇ ਬੂਟੇ ਹੇਠਾਂ ਜਾ ਬੈਠੀ। ਸਦਾ ਰਾਮ ਨੂੰ ਲਾਈਨ ’ਚ ਲੱਗਿਆਂ ਘੰਟਾ ਕੁ ਹੋ ਗਿਆ ਸੀ। ਧੁੱਪ ਵਿੱਚ ਖੜ੍ਹਿਆਂ ਉਸ ਨੂੰ ਇੱਕ ਚੱਕਰ ਜਿਹਾ ਆਇਆ। ਡਿੱਗਦਾ-ਡਿੱਗਦਾ ਉਹ ਮਸਾਂ ਬਚਿਆ। ਸਾਰੋ ਉਸ ਕੋਲ ਨੱਸੀ ਗਈ। ਉਸ ਨੇ ਇੱਕ ਬਾਂਹ ਦੇ ਸਹਾਰੇ ਨਾਲ ਹੀ ਆਪਣੇ ਘਰਵਾਲੇ ਨੂੰ ਸੱਟ-ਚੋਟ ਤੋਂ ਮਸਾਂ ਬਚਾਇਆ। ਤੇ ਫਿਰ ਉਹ ਲਾਈਨ ਵਿੱਚ ਲੱਗਾ ਹੇਠਾਂ ਹੀ ਬੈਠ ਗਿਆ। ਏਨੇ ਨੂੰ ਨਵੀਂ-ਨਕੋਰ ਚਿੱਟੀ ਕਮੀਜ਼ ਤੇ ਅਚਕਨ ਪਹਿਨੀ ਇੱਕ ਤੇਜ਼-ਤਰਾਰ ਵਿਅਕਤੀ ਬਾਡੀ ਗਾਰਡਾਂ ਸਮੇਤ ਡਾਕਟਰ ਦੇ ਕਮਰੇ ਵਿੱਚ ਦਾਖਲ ਹੋਇਆ। ਉਸ ਦੇ ਦਬਦਬੇ ਭਰੇ ਮਿਜ਼ਾਜ ਤੋਂ ਉਸ ਦੀ ਹੈਸੀਅਤ ਦਾ ਹਰ ਕੋਈ ਸਹਿਜੇ ਹੀ ਅਨੁਮਾਨ ਲਾ ਸਕਦਾ ਸੀ। ਹਸਪਤਾਲ ਦੇ ਕਈ ਕਰਮਚਾਰੀ ਉਸ ਦੀ ਟਹਿਲ ਸੇਵਾ ਵਿੱਚ ਜੁਟ ਗਏ। ਉਹ ਘੰਟਾ ਭਰ ਡਾਕਟਰ ਦੇ ਕਮਰੇ ਵਿੱਚ ਬੈਠਾ ਗੱਪ-ਸ਼ੱਪ ਲੜਾਉਂਦਾ ਰਿਹਾ। ਉਸ ਦੇ ਜਾਣ ਵੇਲੇ ਡਾਕਟਰ ਉਸ ਨੂੰ ਵਿਦਾ ਕਰਨ ਹਸਪਤਾਲ ਦੇ ਗੇਟ ਤੱਕ ਨਾਲ ਗਿਆ। ਦੁਪਹਿਰ ਦਾ ਇੱਕ ਵੱਜ ਚੁੱਕਾ ਸੀ।

“ਡਾਕਟਰ ਸਾਹਿਬ ਘਰ ਚਲੇ ਗਏ ਨੇ ਮਰੀਜ਼ਾਂ ਨੂੰ ਕੱਲ੍ਹ ਵੇਖਣਗੇ।” ਕੁਝ ਸਮੇਂ ਬਾਅਦ ਹਸਪਤਾਲ ਦੇ ਚਪੜਾਸੀ ਨੇ ਆ ਸੁਨੇਹਾ ਸੁਣਾਇਆ। ਚਪੜਾਸੀ ਦਾ ਇਹ ਸੁਨੇਹਾ ਸੁਣ ਕੇ ਸਦਾ ਰਾਮ ਨੂੰ ਕੰਬਣੀ ਜਿਹੀ ਛਿੜੀ ਜਿਵੇਂ ਬਿਜਲੀ ਦਾ ਝਟਕਾ ਲੱਗਿਆ ਹੋਵੇ। ਸਵੇਰ ਦਾ ਲਾਈਨ ’ਚ ਲੱਗਾ ਮਸਾਂ ਤਾਂ ਉਹ ਡਾਕਟਰ ਦੇ ਕਮਰੇ ਨੇੜੇ ਹੋਇਆ ਸੀ। ਉਸ ਨੇ ਅਵੱਲਾ ਜਿਹਾ ਚਿਹਰਾ ਬਣਾ ਕੇ ਮੂੰਹ ਵਿੱਚ ਬੁੜ-ਬੁੜ ਕੀਤੀ ਤੇ ਬੁਝੇ ਮਨ ਨਾਲ ਆਪਣੀ ਘਰਵਾਲੀ ਨੂੰ ਨਾਲ ਲੈ ਸ਼ਹਿਰ ਦੇ ਬੱਸ ਅੱਡੇ ਵੱਲ ਹੋ ਤੁਰਿਆ। ਤੇਜ਼ ਬੁਖ਼ਾਰ ਤੇ ਖਾਂਸੀ ਕਾਰਨ ਉਹ ਸਾਰੀ ਰਾਤ ਉੱਸਲਵੱਟੇ ਲੈਂਦਾ ਰਿਹਾ। ਔਖੇ-ਸੌਖੇ ਰਾਤ ਮਸਾਂ ਕੱਟੀ। ਦੂਸਰੇ ਦਿਨ ਦੁਬਾਰਾ ਫਿਰ ਉਹ ਤੇ ਉਸ ਦੀ ਘਰਵਾਲੀ ਛੇ ਵਜੇ ਵਾਲੀ ਲਾਰੀ ਫੜ ਕੇ ਸੱਤ ਵਜੇ ਤੋਂ ਪਹਿਲਾਂ ਹਸਪਤਾਲ ਜਾ ਅੱਪੜੇ। ਸਫ਼ਾਈ ਸੇਵਕ ਅਜੇ ਹਸਪਤਾਲ ਦੀ ਸਫ਼ਾਈ ਕਰ ਰਹੇ ਸਨ ਪਰ ਸਦਾ ਰਾਮ ਸਭ ਤੋਂ ਪਹਿਲਾਂ ਡਾਕਟਰ ਦੇ ਕਮਰੇ ਮੂਹਰੇ ਜਾ ਬੈਠਾ। ਸਫ਼ਾਈ ਕਰਮਚਾਰੀਆਂ ਨੇ ਸਫ਼ਾਈ ਕਰਨ ਦੇ ਬਹਾਨੇ ਉਸ ਨੂੰ ਉੱਥੋਂ ਉਠਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੇ ਕਿਸੇ ਦੀ ਨਾ ਸੁਣੀ। ਢੀਠ ਜਿਹਾ ਬਣੀ ਉੱਥੇ ਹੀ ਬੈਠਾ ਰਿਹਾ। ਹਸਪਤਾਲ ਖੁੱਲ੍ਹਣ ਦਾ ਵਕਤ ਹੋ ਗਿਆ ਸੀ। ਡਾਕਟਰ ਅਤੇ ਦੂਸਰੇ ਸਾਰੇ ਕਰਮਚਾਰੀ ਹਸਪਤਾਲ ਆ ਰਹੇ ਸਨ। ਹੌਲੀ-ਹੌਲੀ ਮਰੀਜ਼ਾਂ ਦੀ ਲਾਈਨ ਵੀ ਲੰਬੀ ਹੁੰਦੀ ਗਈ।
“ਡਾਕਟਰ ਗੋਇਲ ਮੁਰਦਾਬਾਦ! ਡਾਕਟਰ ਗੋਇਲ ਮੁਰਦਾਬਾਦ!” ਕੁਝ ਸਮੇਂ ਬਾਅਦ ਹਸਪਤਾਲ ਵਿੱਚ ਉੱਚੀ-ਉੱਚੀ ਨਾਅਰੇ ਲੱਗਣ ਲੱਗ ਪਏ। “ਬੱਚੇ ਦੇ ਕਾਤਲ ਡਾਕਟਰ ਗੋਇਲ ’ਤੇ ਕੇਸ ਦਰਜ ਕਰੋ। ਕੇਸ ਦਰਜ ਕਰੋ।” ਇਕੱਠੀ ਹੋਈ ਭੀੜ ਹਸਪਤਾਲ ਦੇ ਗੇਟ ਮੂਹਰੇ ਚੀਕ-ਚੀਕ ਨਾਅਰੇ ਮਾਰੀ ਜਾ ਰਹੀ ਸੀ। ਚਾਰੇ ਪਾਸੇ ਹੜਦੁੰਗ ਜਿਹਾ ਮਚ ਗਿਆ। ਲਾਈਨ ਵਿੱਚ ਸਭ ਤੋਂ ਮੂਹਰੇ ਲੱਗੇ ਸਦਾ ਰਾਮ ਨੂੰ ਪਿੱਛੋਂ ਜ਼ੋਰ ਦੀ ਇੱਕ ਧੱਕਾ ਵੱਜਾ ਤੇ ਉਹ ਹਸਪਤਾਲ ਦੀ ਕੰਧ ਨਾਲ ਜਾ ਟਕਰਾਇਆ। ਅੱਖਾਂ ਮੁੰਦੀ ਖ਼ੁਦ ਨੂੰ ਸੰਭਾਲਦਾ ਉਹ ਕਾਫ਼ੀ ਸਮਾਂ ਕੰਧ ਨਾਲ ਹੀ ਚਿਪਕੀ ਖੜ੍ਹਾ ਰਿਹਾ। ਭੀੜ ਦੇ ਨਾਅਰੇ ਹੋਰ ਉੱਚੀ ਹੋਈ ਜਾ ਰਹੇ ਸਨ। ਡਲਿਵਰੀ ਕਰਦੇ ਸਮੇਂ ਡਾਕਟਰਾਂ ਦੀ ਅਣਗਹਿਲੀ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਸੀ। ਇਹ ਗੱਲ ਭੀੜ ਵਿੱਚੋਂ ਹੀ ਇੱਧਰੋਂ-ਉੱਧਰੋਂ ਸਦਾ ਰਾਮ ਦੇ ਕੰਨੀਂ ਪਈ। ਹਿੰਸਕ ਭੀੜ ਤੋਂ ਡਰਦੇ ਕਈ ਡਾਕਟਰ ਛੁੱਟੀ ’ਤੇ ਚਲੇ ਗਏ। ਹੁਣ ਤਾਂ ਉਸ ਦੀ ਉਮੀਦ ਬਿਲਕੁਲ ਹੀ ਖ਼ਤਮ ਹੋ ਗਈ ਸੀ। ਉਹ ਗੁੱਸੇ ਵਿੱਚ ਲਾਲ-ਪੀਲਾ ਹੋਇਆ ਉੱਥੇ ਹੀ ਬੈਠ ਗਿਆ। ਸਾਰੋ ਵੀ ਉਦਾਸ ਜਿਹੀ ਹੋਈ ਉਸ ਦੇ ਲਾਗੇ ਆ ਬੈਠੀ, ਜਿਵੇਂ ਮਨੋਂ-ਮਨੀਂ ਇੱਕ-ਦੂਜੇ ਨਾਲ ਅਫ਼ਸੋਸ ਕਰ ਰਹੇ ਹੋਣ। ਫਿਰ ਦੋਵੇਂ ਜੀਅ ਸੜੇ-ਭੁੱਜੇ ਮਨ ਨਾਲ ਹਸਪਤਾਲੋਂ ਬਾਹਰ ਨਿਕਲ ਗਏ। ਦੋ-ਤਿੰਨ ਦਿਨ ਦੀ ਨੱਸ-ਭੱਜ ਕਾਰਨ ਸਦਾ ਰਾਮ ਦਾ ਸਰੀਰ ਹੋਰ ਵੀ ਨਿਢਾਲ ਹੋ ਗਿਆ। ਅੱਜ ਉਹ ਮਸਾਂ ਹੀ ਪਿੰਡ ਪਹੁੰਚਿਆ ਸੀ। ਆਖ਼ਿਰ ਉਸ ਨੇ ਆਪਣੇ ਪਿੰਡ ਵਾਲੇ ਦੇਸੀ ਵੈਦ ਕੋਲੋਂ ਹੀ ਦਵਾਈ ਲੈਣ ਦਾ ਮਨ ਬਣਾ ਲਿਆ। ਦੋ-ਤਿੰਨ ਦਿਨ ਦਵਾਈ ਖਾਧੀ। ਭੋਰਾ ਵੀ ਮੋੜਾ ਨਹੀਂ ਸੀ ਪਿਆ। ਉਸ ਦਾ ਔਖੇ-ਸੌਖੇ ਸਮੇਂ ਲਈ ਰੱਖਿਆ ਜੇਬ ਖ਼ਰਚ ਵੀ ਵੈਦ ਦੀਆਂ ਫੀਸਾਂ ਨੇ ਹੀ ਡਕਾਰ ਲਿਆ ਸੀ। ਉਹ ਹੁਣ ਕੀ ਕਰੇ? ਉਸ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ। ਦਿਨ ਪ੍ਰਤੀ ਦਿਨ ਉਸ ਦੀ ਸਿਹਤ ਵਿਗੜਦੀ ਹੀ ਜਾ ਰਹੀ ਸੀ। ਹੁਣ ਤਾਂ ਖੰਘਣ ਨਾਲ ਥੁੱਕ ਵਿੱਚ ਖ਼ੂਨ ਵੀ ਆਉਣ ਲੱਗਾ ਸੀ। ਇਹ ਖ਼ਬਰ ਸਾਰੇ ਆਂਢ-ਗੁਆਂਢ ਵਿੱਚ ਵੀ ਫੈਲ ਗਈ। ਗੁਆਂਢੀ ਖ਼ਬਰਸਾਰ ਲੈਣ ਆਉਣ ਲੱਗ ਪਏ। ਦੂਰ-ਨੇੜੇ ਦਾ ਕੋਈ ਵੀ ਰਿਸ਼ਤੇਦਾਰ ਜਿਸ ਦੇ ਕੰਨੀਂ ਇਹ ਖ਼ਬਰ ਪੈਂਦੀ ਉਹ ਝੱਟ ਹੀ ਸਦਾ ਰਾਮ ਦਾ ਹਾਲ-ਚਾਲ ਪਤਾ ਕਰਨ ਉਸ ਦੇ ਘਰ ਅੱਪੜ ਜਾਂਦਾ।
“ਸਰਵਣ, ਮੇਰੇ ਜੇਠ ਨੂੰ ਵੀ ਇਹੋ ਬਿਮਾਰੀ ਸੀ। ਬਸ ਫਿਰ ਮਸਾਂ ਦਸ ਕੁ ਦਿਨ ਈ ਕੱਟ ਸਕਿਆ ਸੀ।” ਹਾਲ-ਚਾਲ ਪੁੱਛਣ ਆਈ ਇੱਕ ਗੁਆਂਢਣ ਨੇ ਜਦੋਂ ਸਦਾ ਰਾਮ ਦੇ ਲੜਕੇ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਸੋਚੀਂ ਪੈ ਗਿਆ।
“ਫਿਰ ਤਾਂ ਜੀ, ਬਾਪੂ ਨੂੰ ਹੁਣੇ ਹਸਪਤਾਲ ਲੈ ਕੇ ਜਾਓ।” ਸਰਵਣ ਦੀ ਵਹੁਟੀ ਭਜਨੋਂ ਨੇ ਵੀ ਗੁਆਂਢਣ ਦੀ ਗੱਲ ਸੁਣਦੇ ਸਾਰ ਹੀ ਫ਼ਿਕਰ ਵਿੱਚ ਆਖਿਆ। ਉਨ੍ਹਾਂ ਦੋਵਾਂ ਦੇ ਚਿਹਰਿਆਂ ਤੋਂ ਇਓਂ ਲੱਗ ਰਿਹਾ ਸੀ, ਜਿਵੇਂ ਉਨ੍ਹਾਂ ਨੂੰ ਆਪਣੇ ਬਾਪੂ ਦੇ ਇਲਾਜ ਨਾਲੋਂ ਸਮਾਜਿਕ ਲਾਹੁਣੀ ਦੀ ਵਧੇਰੇ ਚਿੰਤਾ ਸਤਾ ਰਹੀ ਹੋਵੇ। ਆਪਣੀ ਵਹੁਟੀ ਦੇ ਆਖੇ, ਸਰਵਣ ਨੇ ਝੱਟ ਸਕੂਟਰ ਸਟਾਰਟ ਕੀਤਾ ਤੇ ਆਪਣੇ ਬਾਪ ਨੂੰ ਨਾਲ ਲੈ ਸ਼ਹਿਰ ਦੇ ਸਰਕਾਰੀ ਹਸਪਤਾਲ ਜਾ ਪਹੁੰਚਿਆ। “ਤੁਸੀਂ ਪਹਿਲਾਂ ਕਿੱਥੇ ਰਹੇ? ਜਦੋਂ ਮਰੀਜ਼ ਦੀ ਬਿਮਾਰੀ ਨਾਜ਼ੁਕ ਬਣ ਜਾਂਦੀ ਏ, ਫਿਰ ਮੂੰਹ ਚੁੱਕ ਹਸਪਤਾਲ ਆ ਜਾਂਦੇ ਓ।” ਮਰੀਜ਼ ਦੀ ਵਿਗੜੀ ਹਾਲਤ ਵੇਖ ਕੇ ਡਾਕਟਰ ਨੇ ਸਰਵਣ ਨੂੰ ਖਿੱਝ ਕੇ ਆਖਿਆ। ਸਰਵਣ ਮੀਸਣਾ ਜਿਹਾ ਬਣੀ ਮੂੰਹ ਹੇਠਾਂ ਸੁੱਟੀ ਚੁੱਪ ਬੈਠਾ ਰਿਹਾ।
“ਬਾਬਾ, ਕਦੋਂ ਦਾ ਬਿਮਾਰ ਐਂ ਤੂੰ?” ਸਰਵਣ ਦਾ ਕੋਈ ਜਵਾਬ ਨਾ ਆਉਣ ਕਾਰਨ ਡਾਕਟਰ ਨੇ ਸਦਾ ਰਾਮ ਨੂੰ ਪੁੱਛਿਆ। “ਜੀ ਮੈਂ ਤਾਂ ਦੋ-ਤਿੰਨ ਮਹੀਨੇ ਤੋਂ ਉਲਝਿਆ ਹੋਇਐਂ।” “ਤੈਨੂੰ ਹਸਪਤਾਲ ਦੀ ਹੁਣ ਯਾਦ ਆਈ ਏ? ਪਹਿਲਾਂ ਕਿੱਥੇ ਗਿਆ ਸੀ?” ਡਾਕਟਰ ਅਵੈੜਾ ਜਿਹਾ ਬੋਲਿਆ। “ਜੀ...।” ਗੱਲ ਸ਼ੁਰੂ ਕਰਨ ਸਾਰ ਹੀ ਸਦਾ ਰਾਮ ਨੂੰ ਖੰਘ ਛਿੜ ਪਈ ਤੇ ਉਹ ਕੁਝ ਵੀ ਬੋਲ ਨਾ ਸਕਿਆ, ਜਿਵੇਂ ਗੱਲ ਸੰਘ ਵਿੱਚ ਹੀ ਅਟਕ ਗਈ ਹੋਵੇ। ਫਿਰ ਡਾਕਟਰ ਨੇ ਪਰਚੀ ’ਤੇ ਦਵਾਈ ਲਿਖ ਦਿੱਤੀ ਜੋ ਇੱਕ ਖ਼ਾਸ ਕੈਮਿਸਟ ਸ਼ਾਪ ਤੋਂ ਹੀ ਮਿਲਣੀ ਸੀ। ਦਵਾਈ ਲਿਖਣ ਤੋਂ ਬਾਅਦ ਡਾਕਟਰ, ਸਰਵਣ ਦੇ ਕੰਨ ਵਿੱਚ ਕੁਝ ਫੁਸਫੁਸਾਇਆ। ਸਦਾ ਰਾਮ ਨੇ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੂੰ ਆਵਾਜ਼ ਸੁਣਾਈ ਨਾ ਦਿੱਤੀ। ਸਰਵਣ ਨੇ ਵੀ ਉਸ ਨੂੰ ਕੁਝ ਨਹੀਂ ਸੀ ਦੱਸਿਆ। “ਡਾਕਟਰ ਨੇ ਦਵਾਈ ਗ਼ੌਰ ਨਾਲ ਖਾਣ ਨੂੰ ਆਖਿਆ ਸੀ।” ਪੁੱਛਣ ’ਤੇ ਬਸ ਇੰਨਾ ਆਖ ਗੱਲ ਮੁਕਾ ਦਿੱਤੀ ਸੀ ਪਰ ਸਦਾ ਰਾਮ ਦਾ ਮਨ ਸ਼ਾਂਤ ਨਹੀਂ ਸੀ ਹੋਇਆ। ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਡਾਕਟਰ ਨੇ ਸਰਵਣ ਨੂੰ ਆਖਰੀ ਸੇਵਾ ਕਰਨ ਲਈ ਆਖ ਦਿੱਤਾ ਹੋਵੇ।
ਇਹ ਦਵਾਈ ਖਾਣ ਤੋਂ ਬਾਅਦ ਵੀ ਸਦਾ ਰਾਮ ਨੂੰ ਕੋਈ ਰਾਹਤ ਨਹੀਂ ਸੀ ਮਿਲੀ। ਡਾਕਟਰ ਦੇ ਅੱਖੜ ਸੁਭਾਅ ਤੋਂ ਡਰਦੇ ਉਸ ਦਾ ਦੁਬਾਰਾ ਹਸਪਤਾਲ ਜਾਣ ਨੂੰ ਹੀਆ ਨਹੀਂ ਸੀ ਪੈ ਰਿਹਾ।
“ਸਦਾ ਰਾਮ, ਡਾਕਟਰ ਸਿੰਗਲਾ ਆਪਣੇ ਘਰ ਵੀ ਪ੍ਰੈਕਟਿਸ ਕਰਦੈ। ਬਈ ਮੈਂ ਤਾਂ ਜਦੋਂ ਕਦੇ ਢਿੱਲਾ-ਮੱਠਾ ਹੁੰਦੈ ਤਾਂ ਉਹਦੇ ਘਰ ਈ ਜਾ ਆਈ ਦੈ। ਕਿਹੜਾ ਹਸਪਤਾਲਾਂ ਵਿੱਚ ਧੱਕੇ ਖਾਂਦਾ ਫਿਰੇ। ਤੂੰ ਕਿਸੇ ਦਿਨ ਸਰਵਣ ਨੂੰ ਨਾਲ ਲੈ ਕੇ ਉਹਦੇ ਘਰ ਜਾ ਆਵੀਂ। ਵੇਖੀਂ ਤਾਂ ਸਈ, ਮਰੀਜ਼ਾਂ ਨੂੰ ਕਿੰਨੇ ਗਹੁ ਨਾਲ ਵੇਖਦੈ।” ਸਦਾ ਰਾਮ ਦੀ ਸਾਰੀ ਦੁੱਖ ਭਰੀ ਵਿਥਿਆ ਸੁਣ ਕੇ ਖ਼ਬਰਸਾਰ ਲੈਣ ਆਏ ਇੱਕ ਰਿਸ਼ਤੇਦਾਰ ਨੇ ਉਸ ਨੂੰ ਮਸ਼ਵਰਾ ਦਿੱਤਾ ਪਰ ਇਸ ਮਸ਼ਵਰੇ ਦਾ ਵੀ ਉਸ ਨੇ ਕੋਈ ਹੁੰਗਾਰਾ ਨਾ ਭਰਿਆ।
“ਵੇਖੀਂ ਕਿਤੇ, ਟੀ.ਬੀ. ਨਾ ਹੋ ਗਈ ਹੋਵੇ। ਥੁੱਕ ਵਿੱਚ ਖ਼ੂਨ ਆਉਣਾ ਬੜਾ ਖ਼ਤਰਨਾਕ ਹੁੰਦੈ। ਅਣਗਹਿਲੀ ਨ੍ਹੀਂ ਵਰਤੀ ਦੀ।” ਉਸ ਰਿਸ਼ਤੇਦਾਰ ਦੇ ਇੰਝ ਆਖਣ ’ਤੇ ਸਦਾ ਰਾਮ ਘਬਰਾ ਗਿਆ। ਉਸ ਨੇ ਤ੍ਰਭਕ ਕੇ ਉਸ ਵੱਲ ਵੇਖਿਆ। ਕੁਝ ਦਿਨ ਪਹਿਲਾਂ ਡਾਕਟਰ ਦੀ ਸਰਵਣ ਦੇ ਕੰਨ ਵਿੱਚ ਫੁਸਫਸਾ ਕੇ ਆਖੀ ਗੱਲ ਯਾਦ ਕਰਕੇ ਉਸ ਦਾ ਵਹਿਮ ਹੋਰ ਵੀ ਵਧ ਗਿਆ। ਸਦਾ ਰਾਮ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ। ਸਾਰੀ ਦਿਹਾੜੀ ਘਰ ਦੇ ਨਿੱਕੇ ਜਿਹੇ ਵਿਹੜੇ ਵਿੱਚ ਬੈਠਾ ਸੋਚੀਂ ਪਿਆ ਰਹਿੰਦਾ।
“ਕਿਵੇਂ ਆ ਸਦਾ ਰਾਮਾ? ਕਦੇ ਭੋਰਾ ਬਾਹਰ ਦੀ ਹਵਾ ਵੀ ਲੁਆ ਲਿਆ ਕਰ। ਸਾਰਾ ਦਿਨ ਅੰਦਰ ਈ ਤੜਿਆ ਰਹਿਨੈਂ। ਖ਼ੈਰ ਤਾਂ ਹੈ?”
ਇੱਕ ਦਿਨ ਸਦਾ ਰਾਮ ਦੇ ਇੱਕ ਪੁਰਾਣੇ ਜੋਟੀਦਾਰ ਨੇ ਉਸ ਦੇ ਘਰ ਮੂਹਰਿਓਂ ਲੰਘਦਿਆਂ ਮਸ਼ਕਰੀ ਕਰਦਿਆਂ ਆਖਿਆ। ਸਦਾ ਰਾਮ ਨੇ ਉਸ ਵੱਲ ਕੋਈ ਤਵੱਜੋ ਨਾ ਦਿੱਤੀ। ਉਹ ਇੱਕ-ਟੱਕ ਉਸ ਵੱਲ ਤੱਕਦਾ ਰਿਹਾ, ਜਿਵੇਂ ਦੁੱਖ-ਸੁੱਖ ਦੀ ਕੋਈ ਗੱਲ ਕਰਨੀ ਵੀ ਉਸ ਨੂੰ ਫਾਲਤੂ ਲੱਗਦੀ ਹੋਵੇ।
“ਬਾਹਲੀ ਕਬੀਲਦਾਰੀ ਦੇ ਝੰਜਟਾਂ ਦੀ ਚਿੰਤਾ ਨ੍ਹੀਂ ਕਰੀ ਦੀ। ਦੁਨੀਆਦਾਰੀ ਤਾਂ ਚੱਲਦੀ ਰਹਿਣੀ ਆ ਸਦਾ ਰਾਮਾ। ਤੂੰ ਤਾਂ ਐਂ ਬੈਠਾਂ ਜਿਵੇਂ ਸਾਰੀ ਦੁਨੀਆ ਦਾ ਭਾਰ ਤੂੰ ਹੀ ਸਿਰ ’ਤੇ ਚੁੱਕਿਆ ਹੁੰਦੈ।” ਸਦਾ ਰਾਮ ਨੂੰ ਚੁੱਪ-ਗੜੁੱਪ ਉਦਾਸ ਬੈਠਾ ਵੇਖ ਉਸ ਨੇ ਦੁਬਾਰਾ ਫਿਰ ਟਾਂਚ ਕੀਤੀ।
“ਕਰਤਾਰ ਸਿਹਾਂ, ਕਿਆ ਦੱਸਾਂ ਤੈਨੂੰ। ਕਬੀਲਦਾਰੀ ਤਾਂ ਹੋਈ ਜਿਹੜੀ ਹੋਈ, ਮੇਰਾ ਤਾਂ ਕਾਲੀ ਖਾਂਸੀ ਨੇ ਈ ਬੁਰਾ ਹਾਲ ਕੀਤਾ ਪਿਐ। ਹੁਣ ਤਾਂ ਥੁੱਕਣ ਨਾਲ ਖੂਨ ਵੀ ਆਈ ਜਾਂਦੈ। ਮੈਂ ਤਾਂ ਬਹੁਤ ਦੁਖੀ ਆਂ। ਤੂੰ ਵੀ ਨ੍ਹੀਂ ਕਦੇ ਹਾਲ-ਚਾਲ ਪੁੱਛਣ ਆਇਆ। ਅੱਛਾ ਬਈ, ਹੁਣ ਤਾਂ ਉੱਪਰ ਵਾਲਾ ਈ ਆ।” ਸਦਾ ਰਾਮ ਨੇ ਦੁਖੀ ਲਹਿਜੇ ਵਿੱਚ ਉਸ ਦੀ ਗੱਲ ਦਾ ਜਵਾਬ ਦਿੱਤਾ ਤੇ ਨੀਵੀਂ ਪਾਈ ਸਿਰ ਫੜ ਕੇ ਬੈਠ ਗਿਆ।
“ਸਦਾ ਰਾਮਾ, ਤੂੰ ਤਾਂ ਜਮਾਂ ਈ ਦਿਲ ਛੱਡੀ ਬੈਠਾਂ। ਦਿਲ ਐਨਾ ਹੌਲਾ ਨ੍ਹੀਂ ਕਰੀ ਦਾ। ਅੱਜਕੱਲ੍ਹ ਤਾਂ ਇਲਾਜ ਪਰੇ ਤੋਂ ਪਰੇ ਆ। ਸਰਕਾਰੀ ਹਸਪਤਾਲ ਜਾ ਕੇ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਾਉਣਾ ਸੀ।”
“ਕੁਝ ਦਿਨ ਹੋਏ ਆ, ਮੈਂ ਸਰਵਣ ਨਾਲ ਸਰਕਾਰੀ ਹਸਪਤਾਲ ਗਿਆ ਤਾ। ਡਾਕਟਰ ਜਿਹਨੂੰ ਸਿੰਗਲਾ-ਸਿੰਗਲਾ ਕਹਿੰਦੇ ਐ, ਉਹ ਤਾਂ ਬੋਲਦਾ ਈ ਬੜਾ ਰੁੱਖਾ ਜਿਹਾ ਤਾ, ਜਿੱਦਾਂ ਮੈਂ ਉਹਦਾ ਕੁਛ ਚੱਕ ਲਿਆ ਹੁੰਦਾ। ਉਨ ਤਾਂ ਦਵਾਈ ਵੀ ਐਂ ਲਿਖੀ, ਜਿੱਦਾਂ ਮਰੀਜ਼ ਦਾ ਫਾਹਾ ਵੱਢਣਾ ਹੁੰਦਾ ਐ। ਤੁਰਨ ਲੱਗੇ ਪਤਾ ਨ੍ਹੀਂ ਉਨ ਸਰਵਣ ਦੇ ਕੰਨ ਵਿੱਚ ਕੀ ਘੁਸਰ-ਮੁਸਰ ਕੀਤੀ। ਉਲਟਾ ਸਗੋਂ ਮੈਨੂੰ ਹੋਰ ਵਹਿਮ ਵਿੱਚ ਪਾ ਦਿੱਤਾ। ਸੱਚ ਪੁੱਛੇਂ ਕਰਤਾਰ ਸਿਹਾਂ, ਮੇਰਾ ਤਾਂ ਹੁਣ ਹਸਪਤਾਲਾਂ ਤੋਂ ਮਨ ਈ ਚੁੱਕਿਆ ਗਿਐ। ਹੁਣ ਤਾਂ ਆਖਰੀ ਘੜੀ ਦੇ ਮੇਲੇ ਆ ਸੱਜਣਾ। ਚੰਗਾ ਹੋਇਆ, ਅੱਜ ਕਿਸੇ ਬਹਾਨੇ ਤੂੰ ਵੀ ਮਿਲ ਲਿਐਂ।” ਇੰਝ ਆਖਦਿਆਂ ਸਦਾ ਰਾਮ ਦਾ ਗੱਚ ਭਰ ਆਇਆ।
“ਸਦਾ ਰਾਮ, ਤੂੰ ਕਿਹੜੇ ਡਾਕਟਰ ਕੋਲ ਫਸ ਗਿਐਂ। ਡਾਕਟਰ ਸੰਧੂ, ਡਾਕਟਰ ਨੀਰਜ ਤੇ ਡਾਕਟਰ ਰਾਜਪਾਲ ਬੜੇ ਚੰਗੇ ਡਾਕਟਰ ਨੇ ਹਸਪਤਾਲ ਵਿੱਚ। ਡਾਕਟਰ ਰਾਜਪਾਲ ਤਾਂ ਅਜੇ ਨਵਾਂ ਮੁੰਡਾ ਈ ਆ ਪਰ ਤਜਰਬਾ ਚੰਗਾ ਰੱਖਦੈ। ਤੂੰ ਕੱਲ੍ਹ ਮੇਰੇ ਨਾਲ ਚੱਲੀਂ। ਮੈਂ ਤੈਨੂੰ ਓਹਦੇ ਕੋਲ ਲੈ ਕੇ ਜਾਊਂਗਾ। ਮੈਂ ਤਾਂ ਜਦੋਂ ਕਦੇ ਢਿੱਲਾ-ਮੱਠਾ ਹੁੰਦਾਂ ਹਾਂ, ਓਹਦੇ ਕੋਲ ਈ ਜਾਂਦਾ ਹਾਂ।”
“ਹਲਾ! ਤੇਰਾ ਜਾਣੂ ਆਂ ਉਹ?” ਸਦਾ ਰਾਮ ਅਹੁਲ ਕੇ ਬੋਲਿਆ, ਜਿਵੇਂ ਉਸ ਦੀਆਂ ਸੁਸਤਾਈਆਂ ਰਗਾਂ ਦਾ ਖ਼ੂਨ ਇਕਦਮ ਗਤੀ ਫੜ ਗਿਆ ਹੋਵੇ।
“ਇਹਦੇ ਵਿੱਚ ਜਾਣਨ ਦੀ ਕੀ ਗੱਲ ਆ ਭਲਾ। ਤੂੰ ਤਾਂ ਦਵਾਈ ਲੈਣੀ ਆਂ। ਜ਼ਰਾ ਕੁ ਜਲਦੀ ਉੱਠ ਕੇ ਤਿਆਰ ਹੋ ਜਾਵੀਂ। ਮੈਂ ਤੈਨੂੰ ਆਪੇ ਆਪਣੀ ਸਕੂਟਰੀ ’ਤੇ ਲੈ ਜਾਊਂਗਾ।” ਆਪਣੇ ਪੁਰਾਣੇ ਮਿੱਤਰ ਦੀ ਇਹ ਗੱਲ ਸੁਣ ਕੇ ਸਦਾ ਰਾਮ ਨੇ ਕੁਝ ਰਾਹਤ ਮਹਿਸੂਸ ਕੀਤੀ। ਦੂਸਰੇ ਦਿਨ ਸਵੇਰੇ ਦੋਵੇਂ ਜਣੇ ਹਸਪਤਾਲ ਖੁੱਲ੍ਹਦੇ ਸਾਰ ਹੀ ਡਾਕਟਰ ਰਾਜਪਾਲ ਦੇ ਕਮਰੇ ਮੂਹਰੇ ਜਾ ਖਲੋਏ। ਹੌਲੀ-ਹੌਲੀ ਮਰੀਜ਼ਾਂ ਦੀ ਲਾਈਨ ਲੰਬੀ ਹੋ ਗਈ ਸੀ। ਸਮਾਂ ਹੁੰਦੇ ਹੀ ਡਾਕਟਰ ਆਪਣੇ ਕਮਰੇ ਵਿੱਚ ਆ ਬੈਠਾ। ਚਪੜਾਸੀ ਹੱਥ ਸੀਰੀਅਸ ਮਰੀਜ਼ ਲਿਖੀ ਪਰਚੀ ਭੇਜਣ ਕਾਰਨ ਡਾਕਟਰ ਰਾਜਪਾਲ ਨੇ ਸਦਾ ਰਾਮ ਨੂੰ ਛੇਤੀ ਹੀ ਅੰਦਰ ਬੁਲਾ ਲਿਆ। ਮਰੀਜ਼ ਦੀ ਵਿਗੜੀ ਹਾਲਤ ਵੇਖ ਕੇ ਡਾਕਟਰ ਨੇ ਉਸ ਨੂੰ ਆਪਣਾ ਖ਼ੂਨ ਤੇ ਥੁੱਕ ਟੈਸਟ ਕਰਾਉਣ ਲਈ ਹਸਪਤਾਲ ਦੀ ਲੈਬਾਰਟਰੀ ਭੇਜ ਦਿੱਤਾ। ਘੰਟੇ ਕੁ ਬਾਅਦ ਹੀ ਟੈਸਟ ਦੀ ਸਾਰੀ ਰਿਪੋਰਟ ਡਾਕਟਰ ਕੋਲ ਪਹੁੰਚ ਗਈ। ਡਾਕਟਰ ਰਾਜਪਾਲ ਨੇ ਰਿਪੋਰਟ ਵੇਖ ਕੇ ਸਦਾ ਰਾਮ ਨੂੰ ਦਵਾਈ ਲਿਖ ਦਿੱਤੀ ਅਤੇ ਹਫ਼ਤੇ ਬਾਅਦ ਦੁਬਾਰਾ ਫਿਰ ਵਿਖਾਉਣ ਲਈ ਆਖਿਆ। ਸਦਾ ਰਾਮ ਨੇ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਖਾਣੀ ਸ਼ੁਰੂ ਕਰ ਦਿੱਤੀ। ਦੋ-ਤਿੰਨ ਦਿਨ ਬਾਅਦ ਹੀ ਥੁੱਕ ਵਿੱਚ ਖ਼ੂਨ ਆਉਣਾ ਬੰਦ ਹੋ ਗਿਆ, ਜਿਵੇਂ ਅਚੰਭਾ ਹੀ ਹੋ ਗਿਆ ਹੋਵੇ। ਇੱਕ-ਅੱਧ ਵਾਰ ਉਸ ਨੂੰ ਡਾਕਟਰ ਕੋਲ ਹੋਰ ਜਾਣਾ ਪਿਆ ਸੀ। ਕੁਝ ਕੁ ਦਿਨਾਂ ਬਾਅਦ ਉਹ ਬਿਲਕੁਲ ਤੰਦਰੁਸਤ ਹੋ ਗਿਆ। ਸਦਾ ਰਾਮ ਬਹੁਤ ਉਤਸ਼ਾਹ ਵਿੱਚ ਆ ਗਿਆ। ਉਸ ਨੂੰ ਇਵੇਂ ਲੱਗ ਰਿਹਾ ਸੀ, ਜਿਵੇਂ ਡਾਕਟਰ ਰਾਜਪਾਲ ਉਸ ਲਈ ਮਸੀਹਾ ਬਣ ਕੇ ਬਹੁੜਿਆ ਹੋਵੇ। ਫਿਰ ਉਸ ਨੇ ਆਪਣੀ ਘਰਵਾਲੀ ਦੀ ਬਾਂਹ ਦੀ ਤਕਲੀਫ਼ ਬਾਰੇ ਸਾਰੀ ਘਟਨਾ ਵਿਸਥਾਰ ਵਿੱਚ ਡਾਕਟਰ ਨੂੰ ਜਾ ਸਮਝਾਈ। ਕੁਝ ਸਮਾਂ ਸੋਚ-ਵਿਚਾਰ ਕਰਨ ਤੋਂ ਬਾਅਦ ਡਾਕਟਰ ਰਾਜਪਾਲ ਨੇ ਦਵਾਈ ਲਿਖ ਦਿੱਤੀ। ਸਾਰੋ ਨੇ ਵੀ ਦੇਰ ਨਾ ਕੀਤੀ। ਘਰ ਜਾ ਕੇ ਅੱਜ ਤੋਂ ਹੀ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਖਾਣੀ ਸ਼ੁਰੂ ਕਰ ਦਿੱਤੀ। ਦਵਾਈ ਵੀ ਕੀ ਸੀ, ਰੋਜ਼ਾਨਾ ਰਾਤ ਨੂੰ ਸੌਣ ਵੇਲੇ ਪਾਣੀ ਨਾਲ ਇੱਕ ਗੋਲੀ ਲੈਣੀ ਸੀ। ਅੱਜ ਹੋਰ ਕੱਲ੍ਹ ਹੋਰ, ਦਿਨਾਂ ਵਿੱਚ ਹੀ ਸਾਰੋ ਨੌਂ-ਬਰ-ਨੌਂ ਹੋ ਗਈ। ਨਾ ਹਿੰਗ ਲੱਗੀ, ਨਾ ਫੜਕੜੀ। ਉਸ ਨੂੰ ਤਾਂ ਦਵਾਈ ਵੀ ਡਾਕਟਰ ਨੇ ਆਪਣੇ ਕੋਲੋਂ ਹੀ ਦੇ ਦਿੱਤੀ ਸੀ। ਹੁਣ ਉਹ ਚੁੱਲ੍ਹੇ-ਚੌਂਕੇ ਦਾ ਸਾਰਾ ਕੰਮਕਾਜ ਪਹਿਲਾਂ ਵਾਂਗ ਆਪ ਹੀ ਕਰਨ ਲੱਗ ਪਈ ਸੀ। ਉਸ ਨੂੰ ਇਉਂ ਲੱਗਦਾ ਸੀ, ਜਿਵੇਂ ਉਸ ਦੀ ਬਾਂਹ ਨੂੰ ਕਦੇ ਕੁਝ ਹੋਇਆ ਹੀ ਨਾ ਹੋਵੇ। ਸਦਾ ਰਾਮ ਤਾਂ ਸਾਰੋ ਨਾਲੋਂ ਵੀ ਵੱਧ ਖ਼ੁਸ਼ ਸੀ। ਜੀਵਨ ਦੀ ਉੱਖੜੀ ਗੱਡੀ ਦੁਬਾਰਾ ਲੀਹ ਸਿਰ ਆ ਗਈ ਸੀ। ਹੁਣ ਉਹ ਪਹਿਲਾਂ ਵਾਂਗ ਆਪਣੇ ਪੁੱਤਰ-ਨੂੰਹ ’ਤੇ ਵੀ ਨਿਰਭਰ ਨਹੀਂ ਸੀ ਰਹੇ। ਸਮਾਂ ਸੌਖਿਆਂ ਹੀ ਬਤੀਤ ਹੋ ਰਿਹਾ ਸੀ। ਹੁਣ ਕਦੇ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਜਾਣ ਦੀ ਵੀ ਨੌਬਤ ਨਹੀਂ ਸੀ ਆਈ।
ਇੱਕ ਦਿਨ ਸਵੇਰੇ ਕੰਬਲ ਦਾ ਝੁੰਬ ਮਾਰੀ ’ਕੱਲਾ ਹੀ ਮੰਜੇ ’ਤੇ ਬੈਠਾ ਸਦਾ ਰਾਮ ਬੜੇ ਖ਼ੁਸ਼-ਮਿਜ਼ਾਜ ਵਿੱਚ ਸੀ। ਕੁਣਮਣੀ ਠੰਢ ਵਿੱਚ ਸਵੇਰ ਦੀਆਂ ਕੋਸੀਆਂ-ਕੋਸੀਆਂ ਰਿਸ਼ਮਾਂ ਨੇ ਉਸ ਦੇ ਖ਼ੁਸ਼-ਮਿਜ਼ਾਜ ਚਿਹਰੇ ਨੂੰ ਹੋਰ ਵੀ ਰਮਣੀਕ ਬਣਾ ਦਿੱਤਾ ਸੀ। ਚਾਹ ਦੀਆਂ ਟਾਵੀਆਂ-ਟਾਵੀਆਂ ਚੁਸਕੀਆਂ ਭਰਦਾ ਕਦੇ-ਕਦਾਈਂ ਉਹ ’ਕੱਲਾ ਹੀ ਹੱਸ ਛੱਡਦਾ। ਆਪਣੇ ਹੀ ਰੌਂਅ ਵਿੱਚ ਬੈਠਾ ਇਉਂ ਜਾਪ ਰਿਹਾ ਸੀ, ਜਿਵੇਂ ਅੱਜ ਉਹ ਕੁਦਰਤ ਨਾਲ ਕਲੋਲਾਂ ਕਰ ਰਿਹਾ ਹੋਵੇ। ਚਾਹ ਮੁੱਕਣ ਤੋਂ ਬਾਅਦ ਉਸ ਨੇ ਕੰਬਲ ਦੀ ਬੁੱਕਲ ਵਿੱਚ ਹੀ ’ਕੱਠਾ ਜਿਹਾ ਹੋ ਕੇ ਆਪਣੇ ਸਿਰ ਨੂੰ ਕੂਹਣੀ ਮੋੜ ਬਾਂਹ ’ਤੇ ਟਿਕਾਇਆ ਤੇ ਅੱਖਾਂ ਮੁੰਦੀ ਕਿਸੇ ਡੂੰਘੀ ਬਿਰਤੀ ਵਿੱਚ ਲਵਲੀਨ ਹੋ ਗਿਆ। “ਇਸ ਬੁੱਢੀ ਉਮਰੇ ਜਦੋਂ ਬੰਦਾ ਬਿਮਾਰੀ ਦਾ ਭੰਨਿਆ ਇੱਕ ਵਾਰ ਮੰਜੇ ’ਤੇ ਡਿੱਗ ਪਵੇ, ਫਿਰ ਘੱਟ ਈ ਉਮੀਦ ਹੁੰਦੀ ਐ ਬਚਣ ਦੀ। ਬਸ ਹੁਣ ਤਾਂ ਸੇਵਾ ਈ ਏ, ਜਿੰਨੀ ਕਰ ਹੁੰਦੀ ਕਰ ਲਓ। ਡਾਕਟਰ ਦੀ ਆਖੀ ਇਹ ਗੱਲ ਵੀ ਸਰਵਣ ਨੇ ਮੈਨੂੰ ਤੰਦਰੁਸਤ ਹੋਣ ਤੋਂ ਬਾਅਦ ਈ ਦੱਸੀ ਤੀ। ਪਹਿਲਾਂ ਤਾਂ ਉਹ ਵੀ ਮੈਥੋਂ ਲਕੋਅ ਈ ਰੱਖੀ ਗਿਆ, ਕਿਧਰੇ ਬਾਪੂ ਹਉਕੇ ਨਾਲ ਈ ਨਾ ਜਾਂਦਾ ਲੱਗੇ। ਮੈਨੂੰ ਤਾਂ ਡਾਕਟਰ ਰਾਜਪਾਲ ਈ ਬਚਾਅ ਗਿਆ। ਨਹੀਂ ਤਾਂ ਹੁਣ ਤੱਕ ਕਦੋਂ ਦਾ ਭੋਗ ਪਿਆ ਹੁੰਦੈ। ਸਿਆਣਿਆਂ ਸੱਚ ਈ ਆਖਿਆ ਭਈ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਐ।” ਸੋਚਾਂ ਵਿੱਚ ਖੋਏ ਅਚਾਨਕ ਹੀ ਉਸ ਦੀ ਖੱਬੀ ਵੱਖੀ ਵਿੱਚ ਇੱਕ ਤਰਾਟ ਜਿਹੀ ਉੱਠੀ, ਜਿਸ ਦੀ ਤੀਖਣ ਲਹਿਰ ਬਿਜਲੀ ਦੇ ਕਰੰਟ ਵਾਂਗ ਸਾਰੇ ਸਰੀਰ ਵਿੱਚ ਫੈਲ ਗਈ। ਤੇ ਕੁਝ ਹੀ ਪਲਾਂ ਵਿੱਚ ਉਹ ਕਿਧਰੇ ਛਾਈਂ-ਮਾਈਂ ਹੋ ਗਈ। ਇਸ ਅਚਾਨਕ ਉੱਠੀ ਤਰਾਟ ਨੇ ਉਸ ਦੀ ਬਿਰਤੀ ਭੰਗ ਕਰ ਦਿੱਤੀ। ਉਹ ਘਬਰਾ ਗਿਆ। ਫਿਰ ਮਨ ਹੀ ਮਨ ਉਸ ਨੇ ਡਾਕਟਰ ਰਾਜਪਾਲ ਨੂੰ ਯਾਦ ਕੀਤਾ। ਉਹ ਕੁਝ ਹੌਸਲੇ ਵਿੱਚ ਆ ਗਿਆ। ਜਿਵੇਂ ਡਾਕਟਰ ਰਾਜਪਾਲ ’ਤੇ ਭਰੋਸਾ ਹੀ ਉਸ ਦੀ ਬਿਮਾਰੀ ਦਾ ਪੱਕਾ ਇਲਾਜ ਹੋਵੇ।
ਇਸ ਵਰ੍ਹੇ ਸਰਦੀ ਕੁਝ ਅਗੇਤੀ ਪੈਣੀ ਸ਼ੁਰੂ ਹੋ ਗਈ ਸੀ। ਅਣਗਹਿਲੀ ਵਿੱਚ ਹੀ ਸਦਾ ਰਾਮ ਠੰਢ ਲੁਆ ਬੈਠਾ। ਉਹ ਠੰਢ ਦੀ ਜਕੜ ਵਿੱਚ ਅਜਿਹਾ ਆਇਆ, ਛਾਤੀ ਵਿੱਚ ਬਲਗਮ ਬਣਨੀ ਸ਼ੁਰੂ ਹੋ ਗਈ। ਬਲਗਮ ਕਾਰਨ ਉਸ ਦੀ ਛਾਤੀ ਵਿੱਚ ਸਾਂ-ਸਾਂ ਦੀ ਆਵਾਜ਼ ਆਉਣ ਲੱਗ ਪਈ। ਪਹਿਲਾਂ ਤਾਂ ਉਸ ਨੇ ਘਰ ਦੇ ਦੇਸੀ ਨੁਸਖੇ ਨਾਲ ਹੀ ਠੀਕ ਹੋਣ ਲਈ ਅਹੁੜ-ਪਹੁੜ ਕੀਤਾ ਪਰ ਗੱਲ ਨਾ ਬਣਦੀ ਵੇਖ, ਉਸ ਨੇ ਡਾਕਟਰ ਰਾਜਪਾਲ ਕੋਲ ਜਾਣ ਦਾ ਹੀ ਮਨ ਬਣਾ ਲਿਆ। ਇਸ ਵਾਰ ਉਸ ਨੇ ਰਤਾ ਵੀ ਘੌਲ਼ ਨਾ ਕੀਤੀ। ਛੇ-ਸੱਤ ਕੁ ਮਹੀਨੇ ਪਹਿਲਾਂ ਹੋਈ ਅਜਿਹੀ ਬਿਮਾਰੀ ਨੇ ਹੀ ਉਸ ਨੂੰ ਚੰਗੀ ਤਰ੍ਹਾਂ ਕੰਨ ਕੀਤੇ ਹੋਏ ਸਨ। ਉਹ ਦੂਸਰੇ ਦਿਨ ਸਵਖਤੇ ਉੱਠਿਆ ਤੇ ਹਸਪਤਾਲ ਪਹੁੰਚਣ ਸਾਰ ਹੀ ਪਰਚੀ ਕਟਾ ਕੇ ਮਰੀਜ਼ਾਂ ਦੀ ਲਾਈਨ ਵਿੱਚ ਜਾ ਲੱਗਾ। ਇਸ ਵਾਰ ਉਸ ਨੇ ਆਪਣੇ ਨਾਲ ਸਾਰੋ ਨੂੰ ਵੀ ਲਿਜਾਣ ਦੀ ਕੋਈ ਲੋੜ ਨਾ ਸਮਝੀ। ਛਾਤੀ ਦੀ ਬਲਗਮ ਕਾਰਨ ਘਰੜ-ਘਰੜ ਕਰਦਾ ਵੀ ਉਹ ਖ਼ੁਸ਼ ਜਾਪਦਾ ਸੀ, ਜਿਵੇਂ ਡਾਕਟਰ ਰਾਜਪਾਲ ਦੇ ਹੁੰਦਿਆਂ ਉਹ ਆਪਣੇ ਇਸ ਰੋਗ ਨੂੰ ਟਿੱਚ ਜਾਣ ਰਿਹਾ ਹੋਏ। ਔਖੇ-ਔਖੇ ਸਾਹ ਖਿੱਚਦਾ ਵੀ ਉਹ ਲਾਈਨ ਵਿੱਚ ਲੱਗਾ ਮਰੀਜ਼ਾਂ ਨਾਲ ਖੂਬ ਗੱਲਾਂ ਮਾਰ ਰਿਹਾ ਸੀ। ਫਿਰ ਛੇਤੀ ਹੀ ਉਸ ਦੀ ਵਾਰੀ ਆ ਗਈ। ਉਹ ਬੜੀ ਖ਼ੁਸ਼-ਮਿਜ਼ਾਜੀ ਵਿੱਚ ਡਾਕਟਰ ਦੇ ਕਮਰੇ ਅੰਦਰ ਜਾ ਦਾਖਲ ਹੋਇਆ ਪਰ ਕੁਰਸੀ ’ਤੇ ਕਿਸੇ ਹੋਰ ਡਾਕਟਰ ਨੂੰ ਬੈਠਾ ਵੇਖ ਕੇ ਉਸ ਦੇ ਹੋਸ਼-ਹਵਾਸ ਹੀ ਉੱਡ ਗਏ, ਜਿਵੇਂ ਚਕਰਾ ਗਿਆ ਹੋਵੇ। ਉਹ ਕਾਫ਼ੀ ਸਮਾਂ ਕਮਲਿਆਂ ਵਾਂਗ ਖੜ੍ਹਾ ਆਲਾ-ਦੁਆਲਾ ਝਾਕਦਾ ਰਿਹਾ। ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਹੁਣ ਕੀ ਕਰੇ? ਉਸ ਨੂੰ ਇਉਂ ਜਾਪ ਰਿਹਾ ਸੀ, ਜਿਵੇਂ ਉਹ ਗਲਤੀ ਨਾਲ ਕਿਸੇ ਹੋਰ ਕਮਰੇ ਅੰਦਰ ਜਾ ਵੜਿਆ ਹੋਵੇ। “ਬਾਪੂ ਜੀ, ਕੀ ਗੱਲ ਹੋ ਗਈ ਏ? ਤਬੀਅਤ ਤਾਂ ਠੀਕ ਏ?” ਸਦਾ ਰਾਮ ਨੂੰ ਪਰੇਸ਼ਨ ਖੜ੍ਹਾ ਵੇਖ ਡਾਕਟਰ ਨੇ ਹਮਦਰਦੀ ਨਾਲ ਪੁੱਛਿਆ। “ਜੀ, ਕੁਝ ਨ੍ਹੀਂ ਕੁਝ ਨ੍ਹੀਂ। ਮੈਂ ਤਾਂ ਭੁਲੇਖੇ ਨਾਲ ਈ ਅੰਦਰ ਆ ਵੜਿਆ ਸੀ।” ਇੰਝ ਆਖ ਸਦਾ ਰਾਮ ਕਾਹਲੀ-ਕਾਹਲੀ ਕਮਰੇ ’ਚੋਂ ਬਾਹਰ ਹੋ ਗਿਆ। ਉਸ ਨੇ ਹਸਪਤਾਲ ਦੇ ਦੂਜੇ ਕਮਰਿਆਂ ਵੱਲ ਗਹੁ ਨਾਲ ਨਿਗ੍ਹਾ ਮਾਰੀ ਪਰ ਕਮਰਾ ਤਾਂ ਓਹੀ ਸੀ। ਉਹ ਸੋਚੀਂ ਪੈ ਗਿਆ, ਜਿਵੇਂ ਉਸ ਨੂੰ ਆਪਣੇ ਆਪ ’ਤੇ ਵੀ ਭਰੋਸਾ ਨਾ ਰਿਹਾ ਹੋਵੇ। ਹੁਣ ਉਸ ਦੀ ਬਲਗਮ ਨਾਲ ਜਕੜੀ ਛਾਤੀ ਨੇ ਉਸ ਦੇ ਮਨ ਵਿੱਚ ਸਹਿਮ ਪੈਦਾ ਕਰ ਦਿੱਤਾ ਸੀ। ਉਸ ਦੇ ਮਨ ਵਿੱਚ ਪਹਿਲਾਂ ਪਿਆ ਟੀ.ਬੀ. ਰੋਗ ਦਾ ਵਹਿਮ ਵੀ ਦੁਬਾਰਾ ਫਿਰ ਜਾਗ ਪਿਆ ਸੀ। ਘਬਰਾਹਟ ਕਾਰਨ ਉਸ ਨੂੰ ਔਖੇ-ਔਖੇ ਸਾਹ ਆਉਣ ਲੱਗ ਪਏ। ਆਪਣੇ ਆਪ ਨੂੰ ਟਿਕਾਣੇ ਰੱਖਣ ਲਈ ਉਹ ਹੇਠਾਂ ਧਰਤੀ ’ਤੇ ਹੀ ਬੈਠ ਗਿਆ। ਕੁਝ ਸਮੇਂ ਬਾਅਦ ਹੌਸਲਾ ਕਰਕੇ ਉਹ ਫਿਰ ਉੱਠਿਆ।
“ਭਾਈ ਸਾਬ੍ਹ, ਥੋਨੂੰ ਡਾਕਟਰ ਰਾਜਪਾਲ ਬਾਰੇ ਪਤਾ ਕੁਛ?” ਉਸ ਨੇ ਉੱਥੇ ਖੜ੍ਹੇ ਇੱਕ ਮਰੀਜ਼ ਨੂੰ ਪੁੱਛਿਆ।
“ਜੀ, ਡਾਕਟਰ ਰਾਜਪਾਲ ਦੀ ਤਾਂ ਕਿਧਰੇ ਦੂਰ ਦੀ ਬਦਲੀ ਹੋ ਗਈ ਏ।” ਉਸ ਨੂੰ ਜਵਾਬ ਮਿਲਿਆ। ਬਦਲੀ ਦਾ ਨਾਂ ਸੁਣ ਕੇ ਉਸ ਦਾ ਹੌਸਲਾ ਟੁੱਟ ਗਿਆ। ਸਾਂ-ਸਾਂ ਕਰਦੀ ਛਾਤੀ ਵਿੱਚ ਜਾਮ ਹੋਈ ਬਲਗਮ ਉਸ ਨੂੰ ਹੋਰ ਵੀ ਡਰਾਉਣ ਲੱਗ ਪਈ। ਉਸ ਨੇ ਆਪਣੇ ਵੱਡੇ ਵਡੇਰਿਆਂ ਦੀਆਂ ਸਾਹ ਰੁਕਣ ਕਾਰਨ ਮੌਤਾਂ ਹੁੰਦੀਆਂ ਵੇਖੀਆਂ ਸਨ। ਉਸ ਦਾ ਬਾਪ ਵੀ ਸਾਹ ਦੀ ਇਸ ਭੈੜੀ ਬਿਮਾਰੀ ਨੇ ਹੀ ਲਿਆ ਸੀ। ਇਹ ਸਾਰਾ ਦ੍ਰਿਸ਼ ਇੱਕ ਫਿਲਮੀ ਦ੍ਰਿਸ਼ ਵਾਂਗ ਉਸ ਦੇ ਜ਼ਿਹਨ ਵਿੱਚ ਚੱਕਰ ਕੱਟ ਗਿਆ। ਇਸ ਹਸਪਤਾਲ ਵਿੱਚ ਅੱਜ ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਉਹ ਬੇਦਿਲ ਜਿਹਾ ਹੋਇਆ ਹਸਪਤਾਲ ਤੋਂ ਬਾਹਰ ਆ ਗਿਆ। ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਡਾਕਟਰ ਰਾਜਪਾਲ ਬਾਰੇ ਸਹੀ ਜਾਣਕਾਰੀ ਕਿੱਥੋਂ ਪਤਾ ਕਰੇ। ਉਸ ਨੇ ਚਾਰੇ ਪਾਸੇ ਨਿਗ੍ਹਾ ਫੇਰੀ। “ਓਹ-ਊ-ਊ-ਊ ਕਰਿਆਨੇ ਵਾਲਾ ਹਰੀਪਾਲ ਸ਼ਹਿਰ ਵਿੱਚ ਆਪਣਾ ਬੰਦਾ ਹੈ ਤਾਂ ਸਈ।” ਸੋਚਦੇ-ਸੋਚਦੇ ਉਸ ਨੂੰ ਯਾਦ ਆਇਆ। ਫਿਰ ਉਸ ਨੇ ਕਰਿਆਨੇ ਦੀ ਦੁਕਾਨ ਵਾਲੇ ਹਰੀਪਾਲ ਕੋਲ ਜਾਣ ਦਾ ਮਨ ਬਣਾ ਲਿਆ। ਸਾਰੇ ਸ਼ਹਿਰ ਵਿੱਚ ਉਸ ਲਈ ਹਰੀਪਾਲ ਤੋਂ ਵਧੇਰੇ ਭਰੋਸੇਮੰਦ ਵਿਅਕਤੀ ਹੋਰ ਕੋਈ ਨਹੀਂ ਸੀ। ਲੰਬੇ ਸਮੇਂ ਤੋਂ ਉਹ ਉਸ ਦਾ ਗਾਹਕ ਸੀ। ਉਸ ਨੇ ਆਪਣੇ ਸਭ ਧੀਆਂ-ਪੁੱਤਰਾਂ ਦੇ ਵਿਆਹ-ਸ਼ਾਦੀਆਂ ਦੇ ਕਾਰਜਾਂ ਸਮੇਂ ਸਾਰਾ ਕਰਿਆਨੇ ਦਾ ਸਾਮਾਨ ਉਸੇ ਦੀ ਦੁਕਾਨ ਤੋਂ ਹੀ ਖ਼ਰੀਦਿਆ ਸੀ। ਹੌਲੀ-ਹੌਲੀ ਤੁਰਦਾ ਉਹ ਛੇਤੀ ਹੀ ਹਰੀ ਪਾਲ ਦੀ ਦੁਕਾਨ ’ਤੇ ਜਾ ਪਹੁੰਚਿਆ।
“ਹਰੀਪਾਲ, ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰ ਰਾਜਪਾਲ ਹੁੰਦਾ ਤਾ। ਭਲਾ ਤੈਨੂੰ ਪਤਾ ਕੁਝ ਉਹਦੇ ਬਾਰੇ? ਅੱਜ ਮੈਂ ਹਸਪਤਾਲ ਵਿੱਚ ਵੇਖਿਆ ਨ੍ਹੀਂ ਐਂ।” ਸਦਾ ਰਾਮ ਨੇ ਬਹੁਤ ਹੀ ਉਤਸੁਕਤਾ ਨਾਲ ਹਰੀਪਾਲ ਨੂੰ ਪੁੱਛਿਆ।
“ਸਦਾ ਰਾਮ, ਤੈਨੂੰ ਕੀ ਲੋੜ ਪੈ ਗਈ ਡਾਕਟਰ ਤਾਈਂ ਅੱਜ। ਪਹਿਲਾਂ ਬੈਠ ਕੇ ਸਾਹ ਤਾਂ ਲੈ ਲਾ। ਠੰਢ ਦਾ ਮੌਸਮ ਐਂ, ਤੈਨੂੰ ਚਾਹ-ਚੂਹ ਪਿਲਾ ਕੇ ਗਰਮ ਕਰਦੇ ਆਂ। ਬੜੀ ਦੇਰ ਬਾਅਦ ਤੂੰ ਦੁਕਾਨ ’ਤੇ ਆਇਐਂ। ਕੀ ਗੱਲ, ਖਾਣਾ-ਪੀਣਾ ਛੱਡ ਦਿੱਤਾ। ਹੁਣ ਕਦੇ ਕੋਈ ਸੌਦਾ-ਪੱਤਾ ਲੈਣ ਵੀ ਨ੍ਹੀਂ ਆਇਆ?”
ਹਰੀਪਾਲ ਨੇ ਉਸ ਦੀ ਪੁੱਛੀ ਗੱਲ ਨੂੰ ਹਲਕੇ ਵਿੱਚ ਲੈਂਦਿਆਂ ਉਸ ਨੂੰ ਹੋਰ ਗੱਲਾਂ ਵਿੱਚ ਹੀ ਉਲਝਾਉਣ ਦੀ ਕੋਸ਼ਿਸ਼ ਕੀਤੀ। “ਹਰੀਪਾਲ, ਕਾਹਨੂੰ ਸਿਆਣਿਆਂ-ਬਿਆਣਿਆਂ ਨੂੰ ਮਸ਼ਕਰੀਆਂ ਕਰੀ ਜਾਨਾਂ। ਮੇਰਾ ਤਾਂ ਬਲਗਮ ਨੇ ਬੁਰਾ ਹਾਲ ਕੀਤਾ ਪਿਆ। ਅੱਜ ਨ੍ਹੀਂ ਮੈਥੋਂ ਐਨੀਆਂ ਗੱਲਾਂ ਹੁੰਦੀਆਂ। ਮੈਂ ਤਾਂ ਡਾਕਟਰ ਤੋਂ ਦਵਾਈ ਲੈਣ ਆਇਆ ਸਿਗਾ।” ਇੰਝ ਆਖ ਸਦਾ ਰਾਮ ਨੇ ਇੱਕ ਉੱਖੜਵਾਂ ਜਿਹਾ ਸਾਹ ਖਿੱਚਿਆ। ਕਾਹਲੀ-ਕਾਹਲੀ ਗੱਲ ਮੁਕਾ ਕੇ ਉਹ ਕੁਝ ਸਮਾਂ ਆਪਣੀ ਛਾਤੀ ਫੜ ਕੇ ਬੈਠਾ ਰਿਹਾ।
“ਸਦਾ ਰਾਮ, ਜੇ ਤੇਰੀ ਸਿਹਤ ਐਨੀ ਵਿਗੜੀ ਏ, ਫਿਰ ਤੂੰ ਕਿਸੇ ਹੋਰ ਡਾਕਟਰ ਤੋਂ ਦਵਾਈ ਲੈ ਲੈਣੀ ਸੀ। ਓਹਦੀ ਜਗ੍ਹਾ ਜਿਹੜਾ ਨਵਾਂ ਡਾਕਟਰ ਆਇਐ, ਉਹ ਵੀ ਬਹੁਤ ਚੰਗਾ ਡਾਕਟਰ ਏ।” ਹਰੀਪਾਲ ਨੇ ਸਦਾ ਰਾਮ ਦੀ ਖ਼ਰਾਬ ਹਾਲਤ ਵੇਖ ਕੇ ਖ਼ੁਦ ਹੀ ਉਸ ਨੂੰ ਮਸ਼ਵਰਾ ਦਿੱਤਾ।
“ਹਰੀਪਾਲ, ਬਈ ਮਰੀਜ਼ ਦਾ ਵਿਸ਼ਵਾਸ ਹੁੰਦੈ। ਮੈਨੂੰ ਤਾਂ ਡਾਕਟਰ ਰਾਜਪਾਲ ਤੋਂ ਈ ਅਰਾਮ ਆਉਂਦਾ ਐ। ਬਥੇਰੇ ਡਾਕਟਰ ਘੁੰਮ-ਫਿਰ ਕੇ ਵੇਖ ਲਏ। ਬਸ ਪੁੱਛ ਈ ਨਾ ਤੂੰ।” ਇੰਝ ਆਖਦਿਆਂ ਸਦਾ ਰਾਮ ਨੇ ਕੋਝਾ ਜਿਹਾ ਮੂੰਹ ਬਣਾਇਆ ਤੇ ਚੁੱਪੀ ਵੱਟ ਲਈ।
“ਮੈਂ ਸੁਣਿਆ, ਡਾਕਟਰ ਰਾਜਪਾਲ ਦੀ ਤਾਂ ਕਿਧਰੇ ਬੀਤ ਇਲਾਕੇ ਵਿੱਚ ਬਦਲੀ ਹੋ ਗਈ ਏ ਪਰ ਤੂੰ ਉੱਥੇ ਜਾਊਂ ਕਿਵੇਂ? ਟਿੱਬਿਆਂ ’ਚ ਘੁੰਮਦੀ ਘੁੰਮਾਉਂਦੀ ਬੱਸ ਵੀ ਦੋ-ਤਿੰਨ ਘੰਟੇ ਲਾ ਦਿੰਦੀ ਐ। ਸੱਠ-ਸੱਤਰ ਕਿਲੋਮੀਟਰ ਦੀ ਵਾਟ ਆ ਇੱਥੋਂ।”
“ਚਲੋ ਔਖਾ-ਸੌਖਾ ਚਲੇ ਤਾਂ ਮੈਂ ਜਾਊਂ। ਆਪਣੀ ਲੋੜ ਲਈ ਜਾਣਾ ਭਾਈ ਪਰ ਐਨੀ ਛੇਤੀ ਬਦਲੀ ਕਿੱਦਾਂ ਹੋ ਗਈ। ਉਹਨੂੰ ਇੱਥੇ ਆਏ ਨੂੰ ਮਸਾਂ ਸਾਲ ਕੁ ਤਾਂ ਹੋਇਆ ਤਾ ਅਜੇ।” ਸਦਾ ਰਾਮ ਨੇ ਫ਼ਿਕਰ ਨਾਲ ਪੁੱਛਿਆ।
“ਸਦਾ ਰਾਮ, ਅੱਜਕੱਲ੍ਹ ਮੁਕਾਬਲੇ ਦਾ ਯੁੱਗ ਏ। ਡਾਕਟਰਾਂ ਦੀ ਆਪਸੀ ਖਹਿਬਾਜ਼ੀ ਵਿੱਚ ਇੱਕ-ਦੂਸਰੇ ਨਾਲ ਖਾਰ ਹੋ ਈ ਜਾਂਦੀ ਏ। ਡਾਕਟਰ ਰਾਜਪਾਲ ਦਾ ਸੁਭਾਅ ਚੰਗਾ ਸੀ। ਮਰੀਜ਼ ਉਹਦੇ ਕੋਲ ਦੂਜੇ ਡਾਕਟਰਾਂ ਨਾਲੋਂ ਵੱਧ ਆਉਣ ਲੱਗ ਪਏ। ਤੈਨੂੰ ਪਤਾ ਈ ਏ, ਜਦੋਂ ਕਿਸੇ ਬੰਦੇ ਦੀ ਮਸ਼ਹੂਰੀ ਹੋ ਜਾਵੇ, ਫਿਰ ਸਾੜਾ ਹੋਈ ਜਾਂਦੈ। ਬਸ ਡਾਕਟਰਾਂ ਨੇ ਮਿਲ-ਮਿਲਾ ਕੇ ਸਿਆਸੀ ਆਧਾਰ ’ਤੇ ਬਦਲੀ ਕਰਾ ਦਿੱਤੀ।” ਹਰੀ ਪਾਲ ਦੀ ਦੱਸੀ ਇਹ ਗੱਲ ਸੁਣ ਕੇ ਸਦਾ ਰਾਮ ਹੋਰ ਵੀ ਪਰੇਸ਼ਾਨ ਹੋ ਗਿਆ। ਮੱਥੇ ’ਤੇ ਤਿਊੜੀਆਂ ਪਾਈ ਬੈਂਚ ’ਤੇ ਬੈਠਾ ਉਹ ਲੰਮਾ ਸਮਾਂ ਸੋਚੀਂ ਪਿਆ ਰਿਹਾ। ਉਸ ਨੂੰ ਡਾਕਟਰੀ ਪੇਸ਼ੇ ਅਤੇ ਸਿਆਸੀ ਮੇਲ-ਜੋਲ ਦੀ ਕੋਈ ਸਮਝ ਨਹੀਂ ਸੀ ਪੈ ਰਹੀ।
“ਇਹ ਕਾਹਦੀ ਸਿਆਸਤ ਹੋਈ। ਇਹ ਤਾਂ ਭੋਲੇ-ਭਾਲੇ ਮਰੀਜ਼ਾਂ ਨਾਲ ਧ੍ਰੋਹ ਆ। ਮੱਕਾਰੀ ਆ।” ਉਸ ਨੇ ਅਵੱਲਾ ਜਿਹਾ ਮੂੰਹ ਬਣਾ ਕੇ ਗੁੱਸੇ ਨਾਲ ਥੁੱਕਿਆ, ਜਿਵੇਂ ਉਸ ਨੂੰ ਅਜਿਹੀ ਸਿਆਸਤ ਤੋਂ ਬੋ ਆਉਣ ਲੱਗ ਪਈ ਹੋਵੇ। ਬਲਗਮ ਕਾਰਨ ਜਾਮ ਹੋਈ ਉਸ ਦੀ ਛਾਤੀ ਵਿੱਚ ਦਰਦ ਹੋਰ ਤੀਖਣ ਹੋ ਗਈ ਸੀ। ਫਿਰ ਉਹ ਦੁਖੀ ਜਿਹਾ ਹੋਇਆ ਬੈਂਚ ਤੋਂ ਉੱਠਿਆ ਤੇ ਪਿੰਡ ਜਾਣ ਲਈ ਸ਼ਹਿਰ ਦੇ ਬੱਸ ਅੱਡੇ ਵੱਲ ਹੋ ਤੁਰਿਆ। ਚਿੰਤਾ ਕਾਰਨ ਉਹ ਸਾਰੀ ਰਾਤ ਸੌਂ ਵੀ ਨਾ ਸਕਿਆ। ਔਖੇ-ਸੌਖੇ ਉਸ ਨੇ ਰਾਤ ਕੱਟੀ ਤੇ ਦੂਸਰੇ ਦਿਨ ਸਵੇਰੇ ਹੀ ਸਾਰੋ ਨੂੰ ਨਾਲ ਲੈ ਬੀਤ ਨੂੰ ਜਾਣ ਵਾਲੀ ਬੱਸ ਜਾ ਫੜੀ। ਟੁੱਟਵੀਆਂ ਬੱਸਾਂ ਹੋਣ ਕਾਰਨ ਉਨ੍ਹਾਂ ਨੂੰ ਡਿਸਪੈਂਸਰੀ ਪਹੁੰਚਦਿਆਂ ਦੁਪਹਿਰ ਹੋ ਗਈ ਸੀ।
“ਜੀ, ਡਾਕਟਰ ਰਾਜਪਾਲ ਇੱਥੇ ਈ ਨੌਕਰੀ ਕਰਦਾ ਐ?” ਡਿਸਪੈਂਸਰੀ ਪਹੁੰਚ ਕੇ ਸਭ ਤੋਂ ਪਹਿਲਾਂ ਸਦਾ ਰਾਮ ਨੇ ਉੱਥੇ ਬੈਠੇ ਇੱਕ ਮਰੀਜ਼ ਨੂੰ ਪੁੱਛਿਆ।
“ਹਾਂ ਜੀ, ਇੱਥੇ ਈ ਨੇ।” ਮਰੀਜ਼ ਨੇ ਜਵਾਬ ਦਿੱਤਾ। ਇਹ ਸੁਣਦੇ ਹੀ ਸਦਾ ਰਾਮ ਦਾ ਉਦਾਸ ਚਿਹਰਾ ਇਕਦਮ ਫੁੱਲ ਵਾਂਗ ਖਿੜ ਗਿਆ।
“ਜੀ, ਅੰਦਰ ਬੈਠੇ ਆ?” ਸਦਾ ਰਾਮ ਨੇ ਅਹੁਲ ਕੇ ਪੁੱਛਿਆ।
“ਭਾਈ ਸਾਬ੍ਹ, ਅਜੇ ਆਏ ਨਹੀਂ। ਅਸੀਂ ਵੀ ਬੈਠੇ ਇੰਤਜ਼ਾਰ ਕਰਦੇ ਆਂ।” ਇੱਕ ਹੋਰ ਵਿਅਕਤੀ ਨੇ ਸਦਾ ਰਾਮ ਦੇ ਸਵਾਲ ਦਾ ਜਵਾਬ ਦਿੱਤਾ। ਇਹ ਸੁਣ ਕੇ ਸਦਾ ਰਾਮ ਦਾ ਖ਼ੁਸ਼ ਹੋਇਆ ਚਿਹਰਾ ਫਿਰ ਪਰੇਸ਼ਾਨੀ ਵਿੱਚ ਬਦਲ ਗਿਆ।
ਬਹੁਤ ਸਾਰੇ ਮਰੀਜ਼ ਲੰਬੇ ਸਮੇਂ ਤੋਂ ਡਿਸਪੈਂਸਰੀ ਵਿੱਚ ਬੈਠੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਕਈ ਮਰੀਜ਼ ਤਾਂ ਉਨ੍ਹਾਂ ਤੋਂ ਵੀ ਦੂਰੋਂ ਆਏ ਹੋਏ ਸਨ। ਅੱਜ ਸਦਾ ਰਾਮ ਨੂੰ ਸਰਕਾਰ ’ਤੇ ਬਹੁਤ ਗੁੱਸਾ ਆ ਰਿਹਾ ਸੀ, ਜਿਸ ਨੇ ਇੱਕ ਚੰਗੇ-ਭਲੇ ਡਾਕਟਰ ਦੀ ਐਨੀ ਦੂਰ ਬਦਲੀ ਕਰ ਦਿੱਤੀ ਸੀ, ਜਿੱਥੇ ਕੋਈ ਸਿੱਧੀ ਬੱਸ ਵੀ ਨਹੀਂ ਸੀ ਜਾਂਦੀ। ਅੱਧੀ ਦਿਹਾੜੀ ਤਾਂ ਉਨ੍ਹਾਂ ਦੀ ਬੱਸਾਂ ਵਿੱਚ ਧੱਕੇ ਖਾਂਦਿਆਂ ਹੀ ਗੁਜ਼ਰ ਗਈ ਸੀ। ਦੋਵੇਂ ਜੀਅ ਥਕਾਵਟ ਨੇ ਤੋੜੇ ਪਏ ਸਨ। ਸਦਾ ਰਾਮ ਡਿਸਪੈਂਸਰੀ ਵਿੱਚ ਬੈਠਾ ਵੀ ਮੂੰਹ ’ਚ ਬੁੜ-ਬੁੜ ਕਰੀ ਜਾ ਰਿਹਾ ਸੀ, ਜਿਵੇਂ ਉਹ ਸਰਕਾਰ ’ਤੇ ਖਫ਼ਾ ਹੋਇਆ ਪਿਆ ਹੋਵੇ। ਦੂਸਰੇ ਮਰੀਜ਼ਾਂ ਤੋਂ ਸ਼ਰਮ ਮੰਨਦਿਆਂ ਸਾਰੋ ਨੇ ਉਸ ਨੂੰ ਇਸ਼ਾਰੇ-ਇਸ਼ਾਰੇ ਵਿੱਚ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਫਿਰ ਵੀ ਘੁਰ-ਘੁਰ ਕਰੀ ਹੀ ਜਾ ਰਿਹਾ ਸੀ।
“ਔਹ! ਇੱਕ ਕਾਰ ਆਉਂਦੀ ਐ।” ਇੱਕ ਕਾਰ ਨੂੰ ਦੂਰੋਂ ਆਉਂਦੀ ਵੇਖ ਇੱਕ ਮਰੀਜ਼ ਖ਼ੁਸ਼ ਹੋ ਕੇ ਉੱਚੀ ਦੇਣੀਂ ਬੋਲਿਆ। ਇਹ ਸੁਣ ਕੇ ਸਭ ਮਰੀਜ਼ਾਂ ਦੇ ਚਿਹਰਿਆਂ ’ਤੇ ਮੁਸਕਾਨ ਆ ਗਈ। ਉਹ ਬੜੀ ਉਤਸੁਕਤਾ ਨਾਲ ਉਸ ਕਾਰ ਵੱਲ ਵੇਖਣ ਲੱਗੇ, ਪਰ ਉਹ ਬਿਨਾਂ ਰੁਕੇ ਅੱਗੇ ਲੰਘ ਗਈ। ਮਰੀਜ਼ ਫਿਰ ਨਮੋਸ਼ੀ ਵਿੱਚ ਡੁੱਬ ਗਏ।
“ਅਹਿ ਪਹਿਲੀ ਵਾਰ ਵੇਖਿਆ, ਜਦੋਂ ਡਾਕਟਰ ਸਾਹਿਬ ਲੇਟ ਹੋਏ ਆ। ਅੱਗੇ ਐਨੀ ਵਾਰ ਦਵਾਈ ਲੈਣ ਆਈਦਾ, ਕਦੇ ਐਦਾਂ ਨ੍ਹੀਂ ਹੋਇਆ।” ਇੱਕ ਬਜ਼ੁਰਗ ਮਾਈ ਨੱਕ ਚਾੜ੍ਹ ਕੇ ਦੁਖੀ ਲਹਿਜੇ ਵਿੱਚ ਬੋਲੀ, ਜਿਵੇਂ ਉਹ ਲੰਮੇ ਸਮੇਂ ਤੋਂ ਬੈਠੀ ਅੱਕੀ ਪਈ ਹੋਵੇ। “ਮਾਈ ਲੰਬਾ ਸਫ਼ਰ ਐ। ਰਸਤੇ ਵਿੱਚ ਐਨੇ ਟੋਏ-ਟਿੱਬੇ ਆਉਂਦੇ ਆ। ਅਗਲੇ ਦੀ ਕਾਰ ਵੀ ਖ਼ਰਾਬ ਹੋ ਸਕਦੀ ਐ। ਮਸ਼ੀਨਰੀ ’ਤੇ ਕਾਹਦਾ ਭਰੋਸਾ ਪਰ ਡਾਕਟਰ ਸਾਹਿਬ ਆਉਣਗੇ ਜ਼ਰੂਰ। ਐਨਾ ਮੈਨੂੰ ਪਤੈ।” ਕੋਲ ਹੀ ਬੈਠੇ ਇੱਕ ਬਜ਼ੁਰਗ ਮਰੀਜ਼ ਨੇ ਉਡੀਕ-ਉਡੀਕ ਅੱਕੀ ਹੋਈ ਮਾਈ ਨੂੰ ਬੜੇ ਵਿਸ਼ਵਾਸ ਨਾਲ ਜਵਾਬ ਦਿੱਤਾ। ਇਸ ਬਜ਼ੁਰਗ ਮਰੀਜ਼ ਦੀ ਆਖੀ ਇਹ ਗੱਲ ਸੁਣ ਕੇ ਬਰਾਂਡੇ ’ਚ ਬੈਠੇ ਮਰੀਜ਼ਾਂ ਵਿੱਚ ਸ਼ੁਰੂ ਹੋਈ ਆਪਸੀ ਘੁਸਰ-ਫੁਸਰ ਕੁਝ ਸ਼ਾਂਤ ਹੋ ਗਈ, ਜਿਵੇਂ ਉਨ੍ਹਾਂ ਦੇ ਡੋਲਦੇ ਮਨਾਂ ਨੂੰ ਰਾਹਤ ਮਿਲ ਗਈ ਹੋਵੇ। ਵਿਰਲੇ-ਟਾਂਵੇਂ ਨੇੜਲੇ ਪਿੰਡਾਂ ਦੇ ਮਰੀਜ਼ ਦੁਚਿੱਤੀ ਵਿੱਚ ਪਏ ਵਾਪਸ ਵੀ ਜਾਣ ਲੱਗ ਪਏ ਸਨ ਤੇ ਕਈ ਘੜੀਆਂ ਵੱਲ ਵੇਖ-ਵੇਖ ਸੋਚੀਂ ਪਏ ਹੋਏ ਸਨ। “ਬਈ, ਅਸੀਂ ਤਾਂ ਹੁਣ ਦਵਾਈ ਲੈ ਕੇ ਈ ਜਾਵਾਂਗੇ। ਭਲਾਂ ਰਾਤ ਪੈ ਜਾਵੇ।” ਵਾਪਸ ਮੁੜ ਰਹੇ ਮਰੀਜ਼ਾਂ ਨੂੰ ਵੇਖ ਕੇ ਕਿਸੇ ਮਰੀਜ਼ ਨਾਲ ਆਇਆ ਹੋਇਆ ਇੱਕ ਵਿਅਕਤੀ ਬੋਲਿਆ। “ਭਰਾਵਾ, ਆਪਣੀ ਲੋੜ ਨੂੰ ਬੈਠਣਾ। ਰਾਤ ਹੋਵੇ, ਦਿਨ ਹੋਵੇ। ਕਿਸੇ ਨੂੰ ਕਾਹਦਾ ਸਾਨ ਐਂ। ਗੱਲ ਤਾਂ ਆਪਣੇ ਵਿਸ਼ਵਾਸ ਦੀ ਆ। ਜਿੱਥੋਂ ਆਰਾਮ ਆਵੇ, ਉੱਥੋਂ ਦੀ ਦਵਾਈ ਲੈਣੀ ਆਂ।” ਕੋਲ ਹੀ ਬੈਠੀ ਸਾਰੋ ਨੇ ਉਸ ਦੀ ਆਖੀ ਗੱਲ ਦਾ ਝੱਟ ਹੁੰਗਾਰਾ ਭਰਿਆ। “ਮਾਈ, ਵਿਸ਼ਵਾਸ ਵੀ ਹੁੰਦੈ, ਪਰ ਨਾਲ ਸਮਝ ਦੀ ਵੀ ਗੱਲ ਆ। ਅਹਿ ਮੇਰੀ ਲੜਕੀ ਛੇ ਸਾਲ ਦੀ ਹੋ ਗਈ ਐ। ਇਹਨੂੰ ਕੁਝ ਖਾਧਾ-ਪੀਤਾ ਲੱਗਦਾ ਈ ਨਹੀਂ ਸੀ। ਸੁੱਕ ਕੇ ਤੀਲ੍ਹਾ ਬਣੀ ਪਈ ਸੀ। ਬਹੁਤ ਡਾਕਟਰ ਬਦਲ-ਬਦਲ ਕੇ ਵੇਖੇ। ਕਿਧਰੋਂ ਵੀ ਪੂਰੀ ਨ੍ਹੀਂ ਪਈ। ਫਿਰ ਕਿਸੇ ਨੇ ਡਾਕਟਰ ਰਾਜਪਾਲ ਬਾਰੇ ਦੱਸ ਪਾਈ। ਇਨ੍ਹਾਂ ਤੋਂ ਦਵਾਈ ਖਾਧੀ। ਕੁੜੀ ਹੁਣ ਚੰਗੀ-ਭਲੀ ਪਈ ਆ। ਦੋ ਕੁ ਮਹੀਨੇ ਵਿੱਚ ਹੀ ਨਾਰਮਲ ਹੋ ਗਈ। ਪਹਿਲਾਂ ਇਹ ਮਰਨੇ ਨੂੰ ਫਿਰਦੀ ਸੀ। ਆਹ ਵੇਖੋ ਨਾ ਹੁਣ, ਕਿੰਨੀ ਸੋਹਣੀ ਸਿਹਤ ਆ ਇਹਦੀ। ਨਹੀਂ ਤੇ ਸਾਨੂੰ ਐਡੀ ਦੂਰੋਂ ਆਉਣ ਦੀ ਕੀ ਲੋੜ ਪਈ ਸੀ।” ਕਿਧਰੇ ਦੂਰ-ਦੁਰੇਡੇ ਤੋਂ ਆਏ ਹੋਏ ਉਸ ਵਿਅਕਤੀ ਨੇ ਆਪਣੀ ਇਹ ਵਿਥਿਆ ਹੁੱਬ ਕੇ ਸੁਣਾਈ। ਇਸ ਵਿਅਕਤੀ ਦੀ ਇਹ ਗੱਲ ਸੁਣ ਕੇ ਸਦਾ ਰਾਮ ਤੋਂ ਵੀ ਰਿਹਾ ਨਹੀਂ ਸੀ ਜਾਂਦਾ। ਉਸ ਨੇ ਵੀ ਆਪਣੀ ਹੱਡ-ਬੀਤੀ ਸੁਣਾਈ।
ਇੰਨੇ ਨੂੰ ਇੱਕ ਕਾਰ ਡਿਸਪੈਂਸਰੀ ਦੇ ਮੂਹਰੇ ਆ ਕੇ ਰੁਕੀ। ਸਭ ਮਰੀਜ਼ ਉਸ ਕਾਰ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੇ ਕਿ ਸ਼ਾਇਦ ਡਾਕਟਰ ਰਾਜਪਾਲ ਡਿਊਟੀ ’ਤੇ ਆ ਗਿਆ ਹੈ। ਪਰ ਕਾਰ ਵਿੱਚੋਂ ਬਾਹਰ ਨਿਕਲੇ ਦੋ ਓਪਰੇ ਵਿਅਕਤੀ ਵੇਖ ਕੇ ਉਨ੍ਹਾਂ ਦੀ ਉਤਸੁਕਤਾ ਫਿਰ ਨਿਰਾਸ਼ਾ ਵਿੱਚ ਬਦਲ ਗਈ। ਉਹ ਦੋਵੇਂ ਕਾਰ ’ਚੋਂ ਉਤਰ ਕੇ ਸਿੱਧਾ ਦਫ਼ਤਰ ਜਾ ਵੜੇ। ਉਨ੍ਹਾਂ ਦੀ ਠਾਠ-ਬਾਠ ਤੋਂ ਇਉਂ ਜਾਪਦਾ ਸੀ, ਜਿਵੇਂ ਕੋਈ ਵੱਡੇ ਅਫ਼ਸਰ ਹੋਣ। ਅੰਦਰ ਵੜਦਿਆਂ ਹੀ ਉਨ੍ਹਾਂ ਡਿਸਪੈਂਸਰੀ ਦੀ ਨਰਸ ਤੋਂ ਦਫ਼ਤਰੀ ਰਿਕਾਰਡ ਮੰਗਵਾਇਆ ਤੇ ਉਸ ਦੀ ਛਾਣਬੀਣ ਵਿੱਚ ਵਿਅਸਤ ਹੋ ਗਏ। ਡਿਸਪੈਂਸਰੀ ਦਾ ਚਪੜਾਸੀ ਉਨ੍ਹਾਂ ਲਈ ਉਚੇਚੇ ਤੌਰ ’ਤੇ ਚਾਹ-ਪਾਣੀ ਦਾ ਪ੍ਰਬੰਧ ਕਰਨ ਵਿੱਚ ਰੁੱਝ ਗਿਆ। ਇੰਨੇ ਨੂੰ ਦੋਵਾਂ ਵਿੱਚੋਂ ਇੱਕ ਅਫ਼ਸਰ ਨੇ ਕਿਧਰੇ ਫੋਨ ਘੁਮਾਇਆ। “ਮੈਂ ਅੱਜ ਸੈਕਟਰੀ ਹੈਲਥ ਦੇ ਦਫ਼ਤਰੋਂ ਡਾਕਟਰ ਰਾਜਪਾਲ ਦੀ ਸ਼ਿਕਾਇਤੀ ਇਨਕੁਆਰੀ ਕਰਨ ਆਇਆ ਸੀ, ਪਰ ਉਹ ਡਿਊਟੀ ਤੋਂ ਗ਼ੈਰਹਾਜ਼ਰ ਪਾਇਆ ਗਿਐ। ਇਸ ਲਈ ਅੱਜ ਹੀ ਤੁਰੰਤ ਉਸ ਨੂੰ ਡਿਊਟੀ ਤੋਂ ਸਸਪੈਂਡ ਕੀਤਾ ਜਾਂਦਾ ਹੈ। ਇਸ ਦੀ ਇੱਕ ਕਾਪੀ ਡਾਕਟਰ ਰਾਜਪਾਲ ਨੂੰ ਭੇਜ ਕੇ ਨੋਟ ਕਰਾ ਦਿੱਤਾ ਜਾਵੇ।”
“ਸਰ, ਡਾਕਟਰ ਰਾਜਪਾਲ ਤਾਂ ਕੱਲ੍ਹ ਬਾਅਦ ਦੁਪਹਿਰ ਆਪਣੀ ਨੌਕਰੀ ਤੋਂ ਹੀ ਅਸਤੀਫ਼ਾ ਦੇ ਗਏ ਸੀ, ਜੋ ਮਨਜ਼ੂਰੀ ਲਈ ਪਹਿਲੋਂ ਹੀ ਸੈਕਟਰੀ ਦਫ਼ਤਰ ਭੇਜ ਦਿੱਤਾ ਗਿਆ ਏ।” ਅੱਗੋਂ ਮਿਲਿਆ ਇਹ ਜਵਾਬ ਸੁਣ ਕੇ ਉਹ ਅਫ਼ਸਰ ਛਿੱਥਾ ਜਿਹਾ ਪੈ ਗਿਆ। ਉਸ ਨੇ ਢਿੱਲੇ ਜਿਹੇ ਹੱਥ ਨਾਲ ਰਿਸੀਵਰ ਹੇਠਾਂ ਰੱਖ ਦਿੱਤਾ। ਡਾਕਟਰ ਰਾਜਪਾਲ ਦੇ ਅਸਤੀਫ਼ੇ ਦੀ ਗੱਲ ਸੁਣ ਕੇ ਸਾਰੇ ਮਰੀਜ਼ ਤੈਸ਼ ਵਿੱਚ ਆ ਗਏ।
“ਡਾਕਟਰ ਰਾਜਪਾਲ - ਜ਼ਿੰਦਾਬਾਦ!” ਕਿਸੇ ਮਰੀਜ਼ ਨੇ ਗੁੱਸੇ ਵਿੱਚ ਆ ਕੇ ਜ਼ੋਰ ਦੀ ਇੱਕ ਨਾਅਰਾ ਛੱਡਿਆ।
“ਜ਼ਿੰਦਾਬਾਦ... ਜ਼ਿੰਦਾਬਾਦ!” ਦੀ ਉੱਚੀ ਆਵਾਜ਼ ਨਾਲ ਸਾਰਾ ਵਰਾਂਡਾ ਗੂੰਜ ਉੱਠਿਆ। ਸਦਾ ਰਾਮ ਦਾ ਗੁੱਸਾ ਵੀ ਵੇਖਣ ਵਾਲਾ ਸੀ। ਉਸ ਨੇ ਵੀ ਉੱਚੀ ਬਾਂਹ ਕੱਢ ਕੇ ਨਾਅਰਾ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਆਵਾਜ਼ ਨੇ ਉਸ ਦਾ ਸਾਥ ਨਾ ਦਿੱਤਾ। ਉਹ ਭੁੰਜੇ ਬੈਠਾ ਉਨ੍ਹਾਂ ਅਫ਼ਸਰਾਂ ਵੱਲ ਘੁਰੱਖੜੀਆਂ ਵੇਖੀ ਜਾ ਰਿਹਾ ਸੀ, ਜਿਵੇਂ ਉਸ ਨੂੰ ਛਾਤੀ ਅੰਦਰ ਚਿਪਕੀ ਬਲਗਮ ਦੀ ਚਿੰਤਾ ਨਾਲੋਂ ਉਨ੍ਹਾਂ ਅਫ਼ਸਰਾਂ ’ਤੇ ਵਧੇਰੇ ਗੁੱਸਾ ਆ ਰਿਹਾ ਹੋਵੇ। ਸਰੀਰ ਵਿੱਚ ਪੈਦਾ ਹੋਏ ਤਣਾਅ ਕਾਰਨ ਉਸ ਦੀ ਛਾਤੀ ਘਰੜ-ਘਰੜ ਕਰਨ ਲੱਗ ਪਈ। ਅਚਾਨਕ ਹੀ ਉਸ ਨੂੰ ਘੁਟਣ ਜਿਹੀ ਮਹਿਸੂਸ ਹੋਈ। ਤੇ ਫਿਰ ਉਸ ਨੂੰ ਉੱਖੜੇ-ਉੱਖੜੇ ਸਾਹ ਆਉਣ ਲੱਗ ਪਏ। ਉਸ ਦਾ ਸਰੀਰ ਠੰਢਾ ਪੈ ਗਿਆ। ਆਪਣੇ ਘਰਵਾਲੇ ਦੀ ਨਾਜ਼ੁਕ ਹਾਲਤ ਵੇਖ ਕੇ ਸਾਰੋ ਦੇ ਮੂੰਹੋਂ ਉੱਚੀ ਦੇਣੀ ਇੱਕ ਭੁੱਬ ਨਿਕਲੀ। ਇਸ ਗ਼ਮਗੀਨ ਮਾਹੌਲ ਕਾਰਨ ਲੋਕਾਂ ਦਾ ਗੁੱਸਾ ਹੋਰ ਵੀ ਤੀਬਰ ਹੋ ਗਿਆ।
“ਡਾਕਟਰ ਰਾਜਪਾਲ ਜ਼ਿੰਦਾਬਾਦ!” “ਜ਼ਿੰਦਾਬਾਦ... ਜ਼ਿੰਦਾਬਾਦ!” ਦੇ ਨਾਅਰਿਆਂ ਦੀ ਗੂੰਜ ਹੋਰ ਵੀ ਤਿੱਖੀ ਹੋ ਗਈ ਸੀ। ਮਾਹੌਲ ਵਿਗੜਦਾ ਜਾ ਰਿਹਾ ਸੀ। ਫਿਰ ਉਹ ਦੋਵੇਂ ਅਫ਼ਸਰ ਲੋਕ-ਰੋਹ ਤੋਂ ਡਰਦਿਆਂ ਡਿਸਪੈਂਸਰੀ ਦੇ ਪਿਛਲੇ ਦਰਵਾਜ਼ੇ ਹੁੰਦੇ ਹੋਏ ਮੂੰਹ ਹੇਠਾਂ ਸੁੱਟੀ ਆਪਣੀ ਕਾਰ ਵੱਲ ਨੂੰ ਹੋ ਤੁਰੇ ਜਿਵੇਂ ਕੋਰਟ ਵਿੱਚ ਸਜ਼ਾ ਸੁਣਨ ਤੋਂ ਬਾਅਦ ਮੁਲਜ਼ਮ ਤੁਰੇ ਜਾਂਦੇ ਹੋਣ।
ਸੰਪਰਕ: 61431696030

Advertisement
Advertisement