ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਾਰ ਖੋਹਣ ਵਾਲਾ ਮੁਲਜ਼ਮ ਪੁਲੀਸ ਮੁਕਾਬਲੇ ’ਚ ਜ਼ਖ਼ਮੀ

05:57 AM Nov 26, 2024 IST
ਪੁਲੀਸ ਮੁਕਾਬਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਡਾ. ਨਾਨਕ ਸਿੰਘ ਅਤੇ ਹੋਰ ਅਧਿਕਾਰੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਨਵੰਬਰ
ਪੰਜ ਦਿਨ ਪਹਿਲਾਂ ਨਾਭਾ ਤੋਂ ਥਾਰ ਖੋਹਣ ਵਾਲੇ ਗਰੋਹ ਦੇ ਮੁਖੀ ਨੂੰ ਅੱਜ ਇੱਥੇ ਪਟਿਆਲਾ ਦੇ ਬਾਹਰਵਾਰ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਨੇ ਪੁਲੀਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ। ਇਸ ਦੌਰਾਨ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲੀਸ ਮੁਕਾਬਲੇ ਦਾ ਪਤਾ ਲੱਗਦਿਆਂ ਹੀ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਅਤੇ ਐੱਸਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਅਤੇ ਏਐੱਸਪੀ ਵਿਭਵ ਚੌਧਰੀ ਵੀ ਮੌਕੇ ’ਤੇ ਪਹੁੰਚ ਗਏ। ਮੁਲਜ਼ਮ ਦੀ ਪਛਾਣ ਸਰੋਵਰ ਸਿੰਘ ਉਰਫ਼ ਲਵਲੀ ਵਾਸੀ ਰੋਹਟੀ ਬਸਤਾ ਸਿੰਘ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ ਅਤੇ ਉਸ ਕੋਲੋਂ 32 ਬੋਰ ਦੇ ਪਿਸਤੌਲ ਸਣੇ ਖੋਹੀ ਗਈ ਥਾਰ ਵੀ ਬਰਾਮਦ ਕੀਤੀ ਗਈ ਹੈ। ਘਟਨਾ ਸਥਾਨ ’ਤੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਨਾਭਾ ਵਾਸੀ ਚਿਰਾਗ ਛਾਬੜਾ ਨੇ ਆਪਣੀ ਥਾਰ ਵੇਚਣ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ, ਜਿਸ ਦੇ ਹਵਾਲੇ ਨਾਲ 21 ਨਵੰਬਰ ਨੂੰ ਉਸ ਕੋਲ ਆਏ ਕੁਝ ਨੌਜਵਾਨਾਂ ਨੇ ਉਸ ਦੀ ਥਾਰ ਖਰੀਦਣੀ ਚਾਹੀ ਤੇ ਟਰਾਈ ਲੈਣ ਦੀ ਇੱਛਾ ਜਤਾਈ। ਗੱਡੀ ਦੀ ਟਰਾਈ ਲੈਣ ਲਈ ਜਦੋਂ ਉਹ ਸ਼ਹਿਰ ਤੋਂ ਬਾਹਰ ਪੁੱੱਜੇ ਤਾਂ ਮੁਲਜ਼ਮਾਂ ਨੇ ਚੱਲਦੀ ਥਾਰ ਵਿੱਚੋਂ ਚਿਰਾਗ ਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਤੇ ਥਾਰ ਲੈ ਕੇ ਫਰਾਰ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਚਿਰਾਗ ਛਾਬੜਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਅਤੇ ਉਸ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ। ਇਸੇ ਦੌਰਾਨ ਮੁਲਜ਼ਮ ਦੇ ਇੱਥੇ ਦੱਖਣੀ ਬਾਈਪਾਸ ’ਤੇ ਘੁੰਮਦਾ ਹੋਣ ਦੀ ਮਿਲੀ ਇਤਲਾਹ ਦੇ ਆਧਾਰ ’ਤੇ ਜਦੋਂ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਤਾਂ ਉਸ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਰਾਵਾਈ ਦੌਰਾਨ ਸਰੋਵਰ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਕਾਬੂ ਕਰਕੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ’ਤੇ ਹਮਲੇ ਸਬੰਧੀ ਉਸ ਖਿਲਾਫ਼ ਥਾਣਾ ਪਸਿਆਣਾ ਵਿਖੇ ਕੇਸ ਵੀ ਦਰਜ ਕੀਤਾ ਗਿਆ ਹੈ।
ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸਰੋਵਰ ਸਿੰਘ ਖ਼ਿਲਾਫ਼ ਲੁੱਟ-ਖੋਹ, ਡਕੈਤੀ ਅਤੇ ਐਕਸਾਈਜ ਐਕਟ ਤਹਿਤ ਪਹਿਲਾਂ ਹੀ ਅੱਧੀ ਦਰਜਨ ਕੇਸ ਦਰਜ ਹਨ। ਉਹ ਤਿੰਨ ਮਹੀਨੇ ਪਹਿਲਾਂ ਹੀ ਨਾਭਾ ਜੇਲ੍ਹ ਵਿੱਚੋਂ ਬਾਹਰ ਆਇਆ ਹੈ ਤੇ ਉਸ ਦੇ ਜੇਲ੍ਹ ਵਿੱਚ ਕਈ ਖਤਰਨਾਕ ਅਪਰਾਧੀਆਂ ਨਾਲ ਸਬੰਧ ਹੋਣੇ ਪਾਏ ਗਏ ਹਨ।

Advertisement

Advertisement