ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਅਸਲੇ ਸਣੇ ਕਾਬੂ
ਹਤਿੰਦਰ ਮਹਿਤਾ/ਗੁਰਮੀਤ ਖੋਸਲਾ
ਜਲੰਧਰ/ਸ਼ਾਹਕੋਟ, 22 ਜਨਵਰੀ
ਪੁਲੀਸ ਨੇ ਦਰਜਨ ਤੋਂ ਵੱਧ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ .315 ਬੋਰ ਰਾਈਫਲ ਅਤੇ ਫਾਰਚੂਨਰ ਗੱਡੀ ਸਣੇ 19 ਵਾਹਨ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਉਰਫ ਬਿੰਦਾ ਵਾਸੀ ਕੋਕਰੀ ਬਹਿਣੀਵਾਲ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਤੇ ਡੀਐੱਸਪੀ (ਸ਼ਾਹਕੋਟ) ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜਲੰਧਰ-ਮੋਗਾ ਕੌਮੀ ਰਾਜਮਾਰਗ ’ਤੇ ਚੱਕ ਬਾਹਮਣੀਆ ਟੌਲ ਪਲਾਜ਼ੇ ’ਤੇ ਕਰਮਚਾਰੀਆਂ ਨੂੰ ਹਥਿਆਰ ਦਿਖਾ ਕੇ ਵਾਹਨ ਲੰਘਾਉਣ ਸਬੰਧੀ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਟੌਲ ਮੈਨੇਜਰ ਸੋਨੂੰ ਤੋਮਰ ਨੇ ਹਥਿਆਰਬੰਦ ਧਮਕੀਆਂ, ਬੈਰੀਅਰ ਤੋੜਨ ਅਤੇ ਜਬਰੀ ਟੌਲ ਚੋਰੀ ਦੀਆਂ ਵਾਰ-ਵਾਰ ਘਟਨਾਵਾਂ ਸਬੰਧੀ ਥਾਣਾ ਸ਼ਾਹਕੋਟ ਵਿੱਚ ਕੇਸ ਦਰਜ ਕਰਵਾਇਆ ਸੀ ਜਿਸ ਦੇ ਆਧਾਰ ’ਤੇ ਇਹ ਗ੍ਰਿਫ਼ਤਾਰੀ ਹੋਈ ਹੈ। ਮੁਲਜ਼ਮ ਬੰਦੂਕ ਦਿਖਾ ਕੇ ਕਰਮਚਾਰੀਆਂ ਨੂੰ ਗੱਡੀਆਂ ਬਿਨਾਂ ਭੁਗਤਾਨ ਕੀਤੇ ਲੰਘਾਉਣ ਦੀਆਂ ਧਮਕੀਆਂ ਦਿੰਦਾ ਸੀ। ਪੁਲੀਸ ਨੇ ਮੁਲਜ਼ਮ ਨੂੰ 21 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਅਪਰਾਧਾਂ ਵਿੱਚ ਵਰਤੀ ਗਈ ਰਾਈਫਲ ਅਤੇ ਇੱਕ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ। ਮੁਲਜ਼ਮ ਨੂੰ ਸਥਾਨਕ ਤੌਰ ’ਤੇ ‘ਮਾਈਨਿੰਗ ਕਿੰਗ’ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ ਟਰਾਂਸਪੋਰਟ ਕੰਪਨੀ ਚਲਾਉਂਦਾ ਹੈ ਜਿਸ ਵਿੱਚ 13 ਟਰਾਲੀਆਂ ਅਤੇ ਪੰਜ ਟਿੱਪਰ ਸ਼ਾਮਲ ਹਨ ਜੋ ਪੁਲੀਸ ਨੇ ਬਰਾਮਦ ਕੀਤੇ ਹਨ। ਇਹ ਵਾਹਨ ਰੇੇਤ ਦੀ ਗ਼ੈਰਕਾਨੂੰਨੀ ਮਾਈਨਿੰਗ ਲਈ ਵਰਤੇ ਜਾਂਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਇਰਾਦਾ ਕਤਲ ਸਣੇ 16 ਸੰਗੀਨ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਸਤਲੁਜ ਦਰਿਆ ਦੇ ਨਾਲ ਨਾਜਾਇਜ਼ ਮਾਈਨਿੰਗ ਵਿੱਚ ਮੁਲਜ਼ਮ ਦੀ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਮੁਲਜ਼ਮ ਨੂੰ ਦੋ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸਦੀ ਜਾਇਦਾਦ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।