ਸੜਕ ਹਾਦਸੇ ਦਾ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਸ੍ਰੀ ਦੇਵੀ ਤਲਾਬ ਮੰਦਰ ਦੇ ਬਾਹਰ ਵਾਪਰੇ ਹਾਦਸੇ ਵਿੱਚ ਸਿਟੀ ਪੁਲੀਸ ਨੇ ਕੋਟ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਬਬਲੂ ਨਾਮੀਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਵਿੱਚ ਸ਼ਾਮਲ ਐਕਸਯੂਵੀ ਦਾ ਡਰਾਈਵਰ ਬਬਲੂ ਹਾਦਸੇ ਤੋਂ ਬਾਅਦ ਤੋਂ ਫ਼ਰਾਰ ਸੀ। ਡਿਵੀਜ਼ਨ ਨੰਬਰ 8 ਦੇ ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੇਸ ਦਰਜ ਹੋਣ ਤੋਂ ਬਾਅਦ ਕਈ ਛਾਪੇ ਮਾਰੇ ਜਾ ਰਹੇ ਸਨ। ਸ਼ਨਿਚਰਵਾਰ ਦੇਰ ਰਾਤ ਨੂੰ ਬਬਲੂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੱਡੀ, ਇੱਕ ਐਕਸਯੂਵੀ ਪੀਬੀ 08 ਡੀਯੂ 4559 ਸੀ, ਜੋ ਗੁਰਨਾਮ ਸਿੰਘ ਦੀ ਮਲਕੀਅਤ ਸੀ, ਜਿਸਦੀ ਹੁਣ ਮੌਤ ਹੋ ਚੁੱਕੀ ਹੈ। ਇਹ ਕਾਰ ਕਥਿਤ ਤੌਰ ’ਤੇ ਗੁਰਨਾਮ ਸਿੰਘ ਦੇ ਭਤੀਜੇ ਬਬਲੂ ਅਤੇ ਕਰਨ ਵਿਚਕਾਰ ਸਾਂਝੀ ਸੀ। ਪੁਲੀਸ ਅਨੁਸਾਰ ਬਬਲੂ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਜਦੋਂ ਕਿ ਉਸਦਾ ਪਿਤਾ ਮੁਖਤਿਆਰ ਸਿੰਘ ਟੈਂਪੂ ਚਲਾਉਂਦਾ ਹੈ ਅਤੇ ਉਸਦਾ ਚਚੇਰਾ ਭਰਾ ਕਰਨ ਇੱਕ ਈ-ਕਾਮਰਸ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲੀਸ ਨੇ ਪਤਾ ਲਾਇਆ ਕਿ ਗੱਡੀ ਦਾ ਬੀਮਾ ਅਗਸਤ 2018 ਵਿੱਚ ਖਤਮ ਹੋ ਗਿਆ ਸੀ। ਹੋਰ ਪੁੱਛਗਿੱਛ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਹਾਦਸੇ ਦੇ ਸਮੇਂ ਬਬਲੂ ਕਾਰ ਚਲਾ ਰਿਹਾ ਸੀ।
ਇਹ ਘਟਨਾ ਉਦੋਂ ਵਾਪਰੀ ਜਦੋਂ ਗੋਪਾਲ ਨਗਰ ਦੀ ਪ੍ਰਿਆ ਆਪਣੇ ਐੱਨਆਰਆਈ ਪਤੀ ਦੇ ਜਨਮ ਦਿਨ ’ਤੇ ਪੂਜਾ ਕਰਨ ਲਈ ਆਪਣੇ ਦੋ ਬੱਚਿਆਂ ਅਤੇ ਇੱਕ ਰਿਸ਼ਤੇਦਾਰ ਸੰਦੀਪ ਅਰੋੜਾ ਨਾਲ ਦੇਵੀ ਤਲਾਬ ਮੰਦਰ ਗਈ ਸੀ। ਮੰਦਰ ਬੰਦ ਦੇਖ ਕੇ ਪ੍ਰਿਆ ਮੰਦਰ ਦੇ ਨੇੜੇ ਇੱਕ ਗਰੀਬ ਵਿਅਕਤੀ ਨੂੰ ਦਾਨ ਦੇਣ ਗਈ। ਇਸ ਦੌਰਾਨ ਤੇਜ਼ ਰਫ਼ਤਾਰ ਐਕਸਯੂਵੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਅੱਠ ਸਾਲਾ ਪੁੱਤਰ ਰੁਦਰ ਬਚ ਗਿਆ।