ਦਲਿਤ ਕੋਟੇ ਦੀ ਜ਼ਮੀਨ ਦੀ ਡੰਮੀ ਬੋਲੀ ਕਰਾਉਣ ਦਾ ਦੋਸ਼
ਪੱਤਰ ਪ੍ਰੇਰਕ
ਲਹਿਰਾਗਾਗਾ, 2 ਜੂਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ, ਜ਼ਿਲ੍ਹਾ ਆਗੂ ਗੋਪੀ ਗਿਰ ਕਲਰ ਭੈਣੀ ਨੇ ਪਿੰਡ ਪਾਪੜਾ ਵਿੱਚ ਐੱਸਸੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਡੰਮੀ ਬੋਲੀ ਕਰਵਾ ਕੇ ਮਜ਼ਦੂਰਾਂ ’ਚ ਭੜਕਾਹਟ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪਾਪੜਾ ਵਿੱਚ ਜਿਸ ਵੇਲੇ ਐੱਸਸੀ ਧਰਮਸ਼ਾਲਾ ਦੇ ਵਿੱਚ ਐੱਸਸੀ ਰਿਜ਼ਰਵ ਕੋਟੇ ਦੀ 13.5 ਏਕੜ ਜ਼ਮੀਨ ਦੀ ਬੋਲੀ ਹੋ ਰਹੀ ਸੀ, ਉਸ ਮੌਕੇ ਕਥਿਤ ਅਕਾਲੀ ਆਗੂ ਚੌਧਰੀ ਹੁਕਮਾ ਸਿੰਘ ਨੇ ਆਪਣੇ ਕੋਲੋਂ ਕਥਿਤ ਪੰਜ ਹਜ਼ਾਰ ਰੁਪਏ ਨਗਦ ਦੇ ਕੇ ਇੱਕ ਨਸ਼ੇੜੀ ਵਿਅਕਤੀ ਨੂੰ ਸ਼ਰਾਬ ਪਿਲਾ ਕੇ ਡੰਮੀ ਬੋਲੀ ਦਵਾਉਣ ਦਾ ਯਤਨ ਕੀਤਾ ਅਤੇ ਅਤੇ ਮਜ਼ਦੂਰਾਂ ਵਿੱਚ ਭੜਕਹਾਟ ਪੈਦਾ ਕਰ ਕੇ ਉਨ੍ਹਾਂ ਦਾ ਆਪਸੀ ਲੜਾਈ ਦਾ ਸਬੱਬ ਬਣਾਇਆ। ਲਗਭਗ ਦੋ ਘੰਟੇ ਮਜ਼ਦੂਰਾਂ ਨੂੰ ਖੱਜਲ ਖੁਆਰ ਅਤੇ ਜ਼ਲੀਲ ਕੀਤਾ ਗਿਆ ਇਸ ਤੋਂ ਬਾਅਦ ਪੰਚਾਇਤ ਸੈਕਟਰੀ ਬੋਲੀ ਨੂੰ ਰੱਦ ਕਰ ਕੇ ਚਲਿਆ ਗਿਆ ਜਦੋਂ ਕਿ ਦੂਸਰੇ ਪਾਸੇ ਪਿੰਡ ਦੇ ਸਾਰੇ ਐੱਸਸੀ ਮਜ਼ਦੂਰ ਪਰਿਵਾਰ ਆਪਣੇ ਹਿੱਸੇ ਦੀ ਜ਼ਮੀਨ ਨੂੰ ਸਸਤੇ ਠੇਕੇ ’ਤੇ ਲੈ ਕੇ ਅਪਣੇ ਡੰਗਰ ਪਸ਼ੂਆ ਲਈ ਹਰਾ ਚਾਰਾ ਪੈਦਾ ਕਰ ਕੇ ਆਪਣੇ ਪਰਿਵਾਰਾਂ ਲਈ ਗੁਜ਼ਾਰਾ ਕਰਨਾ ਚਾਹੁੰਦੇ ਹਨ। ਇਸ ਲਈ ਪਿੰਡ ਦੇ ਸਾਰੇ ਐੱਸਸੀ ਮਜ਼ਦੂਰ ਭਾਈਚਾਰੇ ਵਿੱਚ ਭਾਰੀ ਰੋਸ ਹੈ। ਇਸ ਲਈ ਅੱਜ ਸਾਰੇ ਐੱਸਸੀ ਮਜ਼ਦੂਰ ਭਾਈਚਾਰੇ ਵੱਲੋਂ ਹੁਕਮ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਉਣ ਲਈ ਥਾਣੇ ਵਿੱਚ ਅਰਜ਼ੀ ਦੇ ਕੇ ਫਰਿਆਦ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਮਜ਼ਦੂਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਅੱਗੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।