ਡੀਏਪੀ ਦੀ ਕਿੱਲਤ ਦੇ ਓਹਲੇ ਕਿਸਾਨਾਂ ਦੀ ਲੁੱਟ ਦਾ ਦੋਸ਼
ਬੇਅੰਤ ਸਿੰਘ ਸੰਧੂ
ਪੱਟੀ, 19 ਸਤੰਬਰ
ਡੀਏਪੀ ਤੇ ਯੂਰੀਆ ਖਾਦ ਦੀ ਕਿੱਲਤ ਬਹਾਨੇ ਕਿਸਾਨਾਂ ਦੀ ਲੁੱਟ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ ਅਗਵਾਈ ਵਿੱਚ ਖੇਤੀਬਾੜੀ ਬਲਾਕ ਅਫਸਰ ਡਾ ਭੁਪਿੰਦਰ ਸਿੰਘ ਨੂੰ ਮਿਲਿਆ। ਖਾਦ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਤੇ ਡੀਲਰਾਂ ਹੱਥੋਂ ਕਿਸਾਨਾਂ ਦੀ ਲੁੱਟ ਰੋਕਣ ਲਈ ਮੰਗ ਪੱਤਰ ਵੀ ਸੌਂਪਿਆ ਗਿਆ।
ਕਿਸਾਨ ਆਗੂ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਮਟਰ ਤੇ ਕਣਕ ਦੀ ਬਿਜਾਈ ਸ਼ੁਰੂ ਹੋਣ ਸਮੇਂ ਕਿਸਾਨਾਂ ਨੂੰ ਡੀਏਪੀ ਤੇ ਯੂਰੀਆ ਖਾਦ ਦੀ ਜ਼ਰੂਰਤ ਹੈ ਪਰ ਖਾਦ ਤੇ ਕੀੜੇਮਾਰ ਦਵਾਈਆ ਵੇਚਣ ਵਾਲੇ ਡੀਲਰਾਂ ਵੱਲੋਂ ਡੀਏਪੀ ਤੇ ਯੂਰੀਆ ਖਾਦ ਦੀ ਕਿੱਲਤ ਦੱਸ ਕੇ ਕਥਿਤ ਤੌਰ ’ਤੇ ਵੱਧ ਰੇਟ ’ਤੇ ਡੀਏਪੀ ਤੇ ਯੂਰੀਆ ਖਾਦ ਵੇਚਣ ਦੇ ਨਾਲ ਸਲਫਰ ਬਾਇਓ ਤੇ ਹੋਰ ਬੇਲੋੜੇ ਪ੍ਰੋਡੈਕਟ ਵੇਚ ਕੇ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਤੇ ਖੇਤੀਬਾੜੀ ਵਿਭਾਗ ਤੋ ਮੰਗ ਕੀਤੀ ਕਿ ਕਿਸਾਨਾਂ ਨੂੰ ਜਲਦੀ ਤੋ ਜਲਦੀ ਡੀਏਪੀ ਤੇ ਯੂਰੀਆ ਖਾਦ ਨਿਰਧਾਰਤ ਰੇਟਾਂ ’ਤੇ ਮੁਹੱਈਆ ਕਰਵਾਈ ਜਾਵੇ। ਜੇਕਰ ਕਿਸਾਨਾਂ ਦੀ ਲੁੱਟ ਵੱਲ ਸੂਬਾ ਸਰਕਾਰ ਤੇ ਪ੍ਰਸਾਸ਼ਨ ਨੇ ਕੋਈ ਧਿਆਨ ਨਾ ਦਿੱਤਾ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।