‘ਆਪ’ ਕੌਂਸਲਰ ਰਾਮ ਚੰਦਰ ਨੂੰ ‘ਅਗਵਾ’ ਕਰਨ ਦਾ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
‘ਆਪ’ ਨੇ ਅੱਜ ਭਾਜਪਾ ’ਤੇ ਉਸਦੇ ਕੌਂਸਲਰ ਰਾਮ ਚੰਦਰ ਨੂੰ ‘ਅਗਵਾ’ ਕਰਨ ਦਾ ਦੋਸ਼ ਲਗਾਇਆ, ਜਦੋਂਕਿ ਭਾਜਪਾ ਦੇ ਬੁਲਾਰੇ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਭਾਵੇਂ ‘ਅਗਵਾ’ ਮੈਂਬਰ ਆਪਣੀ ਰਿਹਾਇਸ਼ ’ਤੇ ਵਾਪਸ ਪਰਤ ਆਇਆ। ਵਾਪਸ ਆਉਣ ’ਤੇ ਚੰਦਰ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਵੱਲੋਂ ਉਸ ਨੂੰ ਈਡੀ-ਸੀਬੀਆਈ ਕੇਸਾਂ ਵਿੱਚ ਫਸਾਉਣ ਦੇ ਬਹਾਨੇ ਧਮਕੀ ਦਿੱਤੀ ਗਈ ਸੀ। ਬਾਅਦ ਵਿੱਚ ਇੱਕ ਵੀਡੀਓ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਲੋਕ ਭਾਜਪਾ ਹੈੱਡਕੁਆਰਟਰ ਲੈ ਗਏ ਸਨ।
ਚੰਦਰ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉੱਥੇ ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੂੰ ਈਡੀ ਤੇ ਸੀਬੀਆਈ ਦੁਆਰਾ ਫਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਈਡੀ ਅਤੇ ਸੀਬੀਆਈ ਤੋਂ ਡਰਦਾ ਨਹੀਂ। ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉੁਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਿਪਾਹੀ ਹੈ।
ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਰਾਮ ਚੰਦਰ ਦੇ ਪੁੱਤਰ ਆਕਾਸ਼ ਦਾ ਐਕਸ ’ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਨੂੰ ਅਗਵਾ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 28 ਤੋਂ ਕੌਂਸਲਰ ਰਾਮ ਚੰਦਰ ਪਿਛਲੇ ਐਤਵਾਰ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪੰਜ ਮੈਂਬਰਾਂ ਵਿੱਚੋਂ ਇੱਕ ਸਨ। ਹਾਲਾਂਕਿ, ਕੁਝ ਦਿਨਾਂ ਬਾਅਦ ਉਹ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਆਕਾਸ਼ ਵੱਲੋਂ ਲਗਾਏ ਦੋਸ਼ਾਂ ਨੂੰ ਦੁਹਰਾਇਆ।
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਸਿਸੋਦੀਆ ਅਤੇ ‘ਆਪ’ ਉੱਤੇ ‘ਝੂਠ’ ਤੇ ‘ਸਨਸਨੀ ਫੈਲਾਉਣ’ ਦਾ ਦੋਸ਼ ਲਗਾਇਆ। ਕਪੂਰ ਨੇ ਪ੍ਰਤੀਕਿਰਿਆ ਦਿੱਤੀ ਕਿ ਕੌਂਸਲਰ ਰਾਮ ਚੰਦਰ ਤੁਹਾਡੀ ਪਾਰਟੀ ਵਿੱਚ ਹਨ ਜਾਂ ਨਹੀਂ, ਸਾਨੂੰ ਕੋਈ ਪ੍ਰਵਾਹ ਨਹੀਂ ਹੈ। ਇਹ ਨਿਸ਼ਚਿਤ ਹੈ ਕਿ ਉਹ ਆਪਣੀ ਰਿਹਾਇਸ਼ ’ਤੇ ਬੈਠੇ ਹਨ ਜਦੋਂ ਕਿ ਤੁਸੀਂ ਅਫਵਾਹਾਂ ਫੈਲਾ ਰਹੇ ਹੋ।
ਰਾਮਚੰਦਰ ਦੇ ਅਗਵਾ ਵਿੱਚ ਭਾਜਪਾ ਦੀ ਉੱਚ ਲੀਡਰਸ਼ਿਪ ਦਾ ਹੱਥ: ਦਿਲੀਪ ਪਾਂਡੇ
ਆਮ ਆਦਮੀ ਪਾਰਟੀ ਨੇ ਵਾਰਡ 28 ਤੋਂ ਕੌਂਸਲਰ ਰਾਮਚੰਦਰ ਨੂੰ ਅਗਵਾ ਕਰਨ ਵਿੱਚ ਭਾਜਪਾ ਦੀ ਉੱਚ ਲੀਡਰਸ਼ਿਪ ਦੀ ਸ਼ਮੂਲੀਅਤ ਦੇ ਦੋਸ਼ ਲਾਏ ਹਨ। ‘ਆਪ’ ਦੇ ਸੀਨੀਅਰ ਆਗੂ ਦਿਲੀਪ ਪਾਂਡੇ ਨੇ ਕਿਹਾ ਕਿ ਇਹ ਸਭ ਕੁਝ ਭਾਜਪਾ ਦੀ ਉੱਚ ਲੀਡਰਸ਼ਿਪ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਰਾਜਧਾਨੀ ਵਿੱਚ ਚੁਣੇ ਹੋਏ ਲੋਕ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਦੀ ਸੁਰੱਖਿਆ ਤਾਂ ਦੂਰ ਦੀ ਗੱਲ ਹੈ। ਦਿਲੀਪ ਪਾਂਡੇ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਨੇ ਦਿੱਲੀ ਪੁਲੀਸ ਦੀ ਮਿਲੀਭੁਗਤ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰ ਰਾਮਚੰਦਰ ਨੂੰ ਅਗਵਾ ਕਰ ਲਿਆ।