ਵਰਕ ਵੀਜ਼ੇ ਲਈ 15 ਲੱਖ ਲੈਣ ਮਗਰੋਂ ਟੂਰਿਸਟ ਵੀਜ਼ਾ ਦੇਣ ਦਾ ਦੋਸ਼
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਜੁਲਾਈ
ਇੱਥੇ ਡੱਬਵਾਲੀ ਵਿੱਚ ਦੋ ਨਾਬਾਲਗਾਂ ਤੋਂ ਵਰਕ ਪਰਮਿਟ ਲਈ ਲਗਪਗ 15 ਲੱਖ ਰੁਪਏ ਲੈ ਕੇ ਟੂਰਿਸਟ ਵੀਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੇਸੂਜੋਧਾ ਦੇ ਦੋ ਨਾਬਾਲਗਾਂ ਗੁਰਸ਼ਰਨ ਸਿੰਘ ਅਤੇ ਚਰਨਜੀਤ ਸਿੰਘ ਨੇ ਯੂਰੋਪ ਦੇ ਰੋਮਾਨੀਆ ਦੇ ਵਰਕ ਵੀਜ਼ਾ ਲਈ ਡੱਬਵਾਲੀ ਵਿੱਚ ਸੰਚਾਲਤ ਇੱਕ ਇਮੀਗ੍ਰੇਸ਼ਨ ਇੰਸਟੀਟਿਊਟ ਨਾਲ ਰਾਬਤ ਕੀਤਾ ਸੀ। ਦੋਵਾਂ ਦਾ ਦੋਸ਼ ਹੈ ਕਿ ਇੰਸਟੀਟਿਊਟ ਸੰਚਾਲਕ ਨੇ ਉਨ੍ਹਾਂ ਨੂੰ ਸਾਢੇ ਸੱਤ-ਸੱਤ ਲੱਖ ਰੁਪਏ ਵਸੂਲ ਕੇ ਏਸ਼ੀਆ ਦੇ ਅਰਮੀਨੀਆ ਦਾ ਟੂਰਿਸਟ ਵੀਜ਼ਾ ਫੜਾ ਦਿੱਤਾ ਜਿਸ ’ਤੇ ਸਿਰਫ਼ 10 ਤੋਂ 20 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਮਾਮਲੇ ਵਿੱਚ ਪੀੜਤ ਅਤੇ ਕਥਿਤ ਦੋਸ਼ੀ ਧਿਰ ਇੱਕੋ ਪਿੰਡ ਨਾਲ ਸਬੰਧਤ ਹਨ। ਪੀੜਤ ਨੌਜਵਾਨਾਂ ਨੇ ਇਨਸਾਫ਼ ਲਈ ਪੁਲੀਲ ਕੋਲ ਪਹੁੰਚ ਕੀਤੀ ਹੈ। ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਵਿੱਚ ਵਰਕ ਪਰਮਿਟ ’ਤੇ ਜਾ ਕੇ ਮਿਹਨਤ ਕਰਨ ਲਈ ਇੱਕ-ਇੱਕ ਏਕੜ ਜ਼ਮੀਨ ਵੇਚੀ ਅਤੇ ਗਿਰਵੀ ਰੱਖੀ ਸੀ। ਉਨ੍ਹਾਂ ਤਿੰਨ ਮਹੀਨਾ ਪਹਿਲਾਂ ਦੇਸੂਜੋਧਾ ਵਾਸੀ ਗੁਰਲਾਲ ਸਿੰਘ ਨਾਲ ਰਾਬਤਾ ਕੀਤਾ ਸੀ, ਜੋ ਡੱਬਵਾਲੀ ਵਿੱਚ ਇਮੀਗ੍ਰੇਸ਼ਨ ਸੇਵਾਵਾਂ ਲਈ ਯੂਨਿਕ ਗਰੁੱਪ ਆਫ਼ ਇੰਸਟੀਟਿਊਟ ਚਲਾਉਂਦਾ ਹੈ। ਉਸਨੇ ਵਰਕ ਪਰਮਿਟ ਲਈ ਦੋਵੇਂ ਨੂੰ ਸਾਢੇ ਸੱਤ-ਸੱਤ ਲੱਖ ਰੁਪਏ ਖਰਚ ਦੱਸਿਆ। ਪੀੜਤਾਂ ਮੁਤਾਬਕ ਪਿੰਡ ਦਾ ਹੋਣ ਕਰਕੇ ਵਰਕ ਪਰਮਿਟ ਲਈ ਗੁਰਸ਼ਰਨ ਨੇ ਇੰਸਟੀਚਿਊਟ ਸੰਚਾਲਕ ਨੂੰ ਢਾਈ ਲੱਖ ਰੁਪਏ ਗੂਗਲ ਪੇਅ ਅਤੇ ਚਰਨਜੀਤ ਸਿੰਘ ਨੇ 1.5 ਲੱਖ ਰੁਪਏ ਗੂਗਲ ਪੇਅ ਕਰ ਦਿੱਤੇ ਅਤੇ ਪਾਸਪੋਰਟ ਦੇ ਨਾਲ ਬਾਕੀ ਰਕਮ ਨੂੰ ਨਕਦ ਅਦਾ ਕਰ ਦਿੱਤੇ। ਇਸ ਠੱਗੀ ਪ੍ਰਤੀ ਉਨ੍ਹਾਂ ਨੂੰ ਚੇਨੱਈ ਏਅਰਪੋਰਟ ਪੁੱਜਣ ’ਤੇ ਡਰਾਈਵਰ ਵੱਲੋਂ ਦਿੱਤੇ ਵੀਜ਼ਾ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਜਿਸ ਵਿੱਚ ਤਿੰਨ ਮਹੀਨੇ ਦੇ ਵਰਕ ਪਰਮਿਟ ਦੀ ਬਜਾਇ 21 ਦਿਨਾਂ ਦਾ ਟੂਰਿਸਟ ਵੀਜ਼ਾ ਸੀ। ਇਸ ਤੋਂ ਪਹਿਲਾਂ 15 ਦਿਨਾਂ ਤੱਕ ਨੌਜਵਾਨਾਂ ਨੂੰ ਗੱਡੀ ’ਤੇ ਅੰਮ੍ਰਿਤਸਰ, ਬਠਿੰਡਾ ਦੇ ਦਿੱਲੀ ਵਿੱਚ ਘੁੰਮਾਇਆ ਜਾਂਦਾ ਰਿਹਾ। ਉਨ੍ਹਾਂ ਪਿੰਡ ਵਾਪਸ ਆ ਕੇ ਪੀੜਤਾਂ ਨੇ ਆਪਣੇ ਮਾਪਿਆਂ ਵਿੱਥਿਆ ਦੱਸੀ। ਦੇਸੂਜੋਧਾ ਚੌਕੀ ਦੇ ਮੁਖੀ ਵਿਜੈ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ: ਗੁਰਲਾਲ ਸਿੰਘ
ਯੂਨਿਕ ਗਰੁੱਪ ਆਫ਼ ਇੰਸਟੀਚਿਊਟ ਦੇ ਸੰਚਾਲਕ ਗੁਰਲਾਲ ਸਿੰਘ ਨੇ ਕਿਹਾ ਕਿ ਉਕਤ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਦੋਵੇਂ ਨੌਜਵਾਨਾਂ ਨੇ ਉਸ ਤੋਂ ਖੁਦ ਜਾਂਚ-ਪਰਖ ਕੇ ਟੂਰਿਸਟ ਵੀਜ਼ਾ ਹਾਸਲ ਕੀਤੇ ਸਨ। ਉਸ ਨੇ ਦੋਸ਼ ਲਾਇਆ ਕਿ ਪਿੰਡ ਦੀ ਰਾਜਨੀਤਕ ਰੰਜਿਸ਼ ਕਾਰਨ ਉਸ ਨੂੰ ਬੇਵਜਾ ਫਸਾਇਆ ਜਾ ਰਿਹਾ ਹੈ। ਉਹ ਹਰ ਜਾਂਚ ਲਈ ਤਿਆਰ ਹੈ।