ਗੋਲੀਆਂ ਚਲਾਉਣ ਤੇ ਘਰ ਦੇ ਸਾਮਾਨ ਦੀ ਭੰਨ ਤੋੜ ਕਰਨ ਦਾ ਦੋਸ਼
ਪੱਤਰ ਪ੍ਰੇਰਕ
ਤਰਨ ਤਾਰਨ, 1 ਅਪਰੈਲ
ਝਬਾਲ ਪੁਲੀਸ ਨੇ ਇਲਾਕੇ ਦੇ ਪਿੰਡ ਠੱਠਗੜ੍ਹ ਵਿੱਚ ਸਨਿਚਰਵਾਰ ਦੀ ਰਾਤ ਨੂੰ ਹਥਿਆਰਬੰਦ ਹਮਲਾਵਰਾਂ ਨੇ ਇਕ ਘਰ ਵੱਲ ਗੋਲੀਆਂ ਚਲਾਉਣ ਅਤੇ ਘਰ ਅੰਦਰ ਦਾਖਲ ਹੋ ਕੇ ਕੀਮਤੀ ਸਾਮਾਨ ਦੀ ਭੰਨ ਤੋੜ ਕਰਨ ਵਾਲਿਆਂ ਖਿਲਾਫ਼ ਐਤਵਾਰ ਨੂੰ ਕਾਰਵਾਈ ਕੀਤੀ ਹੈ। ਪਰਿਵਾਰ ਦੀ ਮੈਂਬਰ ਜੈਸਮੀਨ ਕੌਰ ਦੇ ਬਿਆਨਾਂ ’ਤੇ ਪੁਲੀਸ ਨੇ ਇਸ ਵਾਰਦਾਤ ਲਈ ਝਬਾਲ ਵਾਸੀ ਅਜੈਪਾਲ ਸਿੰਘ ਉਰਫ ਮੋਟਾ, ਸਾਹਿਲ ਉਰਫ ਸ਼ੈਲੀ, ਠੱਠਾ ਵਾਸੀ ਵਿਕਰਮਜੀਤ ਸਿੰਘ ਉਰਫ ਵਿੱਕੀ, ਭੁੱਚਰ ਖੁਰਦ ਵਾਸੀ ਕਰਨ ਸਰਪੰਚ, ਭੁੱਚਰ ਕਲਾਂ ਦੇ ਵਾਸੀ ਬਲਵਿੰਦਰ ਸਿੰਘ ਉਰਫ ਬਿੱਲਾ, ਲਵਪ੍ਰੀਤ ਸਿੰਘ ਉਰਫ ਲਵ ਅਤੇ ਗੁਰਲਾਲ ਸਿੰਘ ਤੋਂ ਇਲਾਵਾ ਛੇ ਅਣਪਛਾਤਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੈ। ਪੁਲੀਸ ਅਧਿਕਾਰੀ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਪਿੱਛੇ ਰੰਜ਼ਿਸ਼ ਨੂੰ ਮੁੱਖ ਕਾਰਨ ਦੱਸਿਆ ਜਾ ਰਹੀ ਹੈ। ਜੈਸਮੀਨ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਜੇਠ ਗੁਰਚਰਨ ਸਿੰਘ ਦਾ ਕੁਝ ਦਿਨ ਪਹਿਲਾਂ ਅਜੈਪਾਲ ਸਿੰਘ ਮੋਟਾ ਨਾਲ ਤਕਰਾਰ ਹੋਇਆ ਸੀ, ਜਿਸ ਕਾਰਨ ਅਜੈਪਾਲ ਸਿੰਘ ਨੇ ਆਪਣੇ ਹੋਰ ਸਾਥੀਆਂ ਨੂੰ ਮਾਰੂ ਹਥਿਆਰਾਂ ਨਾਲ ਲੈਸ ਕਰ ਕੇ ਸਨਿੱਚਰਵਾਰ ਦੀ ਰਾਤ ਨੂੰ ਉਨ੍ਹਾਂ ਦੇ ਘਰ ਵੱਲ ਗੋਲੀਆਂ ਚਲਾਈਆਂ ਅਤੇ ਫਿਰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਕੀਮਤੀ ਸਾਮਾਨ ਦੀ ਭੰਨ ਤੋੜ ਕੀਤੀ। ਹਮਲਾਵਰਾਂ ਨੇ ਪਰਿਵਾਰ ਦੇ ਜੀਆਂ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲੀਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਸਲਾ ਐਕਟ ਤੋਂ ਇਲਾਵਾ ਦਫ਼ਾ 307, 506, 458, 427 ਆਦਿ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ।