ਕਾਰੋਬਾਰੀ ਭਾਈਵਾਲ ’ਤੇ 38 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼
ਪੱਤਰ ਪ੍ਰੇਰਕ
ਜਲੰਧਰ, 23 ਜੁਲਾਈ
ਕਥਿਤ ਧੋਖਾਧੜੀ ਦੇਮਾਮਲੇ ਵਿੱਚ ਹੁਸ਼ਿਆਰਪੁਰ ਤੋਂ ਸੇਵਾਮੁਕਤ ਚੋਣ ਤਹਿਸੀਲਦਾਰ ਕਰਨੈਲ ਸਿੰਘ ਨੇ ਜਲੰਧਰ ਦੇ ਅਬਾਦਪੁਰਾ ਦੇ ਆਪਣੇ ਸਾਬਕਾ ਵਪਾਰਕ ਭਾਈਵਾਲ ਹਰਦੀਪ ਕੁਮਾਰ ’ਤੇ 38 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਹਰਦੀਪ ਕੁਮਾਰ ਆਪਣੇ ਫਾਰਮਾਸਿਊਟੀਕਲ ਕਾਰੋਬਾਰ ਦਾ ਸਾਰਾ ਸਟਾਕ ਵੇਚ ਕੇ ਪਿਛਲੇ ਸਾਲ ਨਵੰਬਰ ਵਿੱਚ ਕੈਨੇਡਾ ਭੱਜ ਗਿਆ ਸੀ। ਇਸ ਸਬੰਧੀ ਉਸ ਨੇ ਕਮਿਸ਼ਨਰੇਟ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਸੀ ਤੇ ਕੁਝ ਦਿਨ ਪਹਿਲਾਂ 16 ਜੁਲਾਈ ਨੂੰ ਐੱਫਆਈਆਰ ਦਰਜ ਕੀਤੀ ਗਈ। ਮੈਪਲ ਫਾਰਮਾਸਿਊਟੀਕਲ ਨਾਮਕ ਕਾਰੋਬਾਰ ਅਕਤੂਬਰ 2020 ਵਿੱਚ ਕਰਨੈਲ ਸਿੰਘ ਅਤੇ ਹਰਦੀਪ ਕੁਮਾਰ ਵਿਚਕਾਰ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਉਸ ਨੇ 38 ਲੱਖ ਰੁਪਏ ਦੀ ਪੂੰਜੀ ਦਾ 75 ਫ਼ੀਸਦ ਨਿਵੇਸ਼ ਕੀਤਾ, ਜਦੋਂਕਿ ਹਰਦੀਪ ਕੁਮਾਰ ਨੇ ਬਾਕੀ 25 ਫ਼ੀਸਦ ਦਾ ਯੋਗਦਾਨ ਪਾਇਆ ਸੀ। ਕਰਨੈਲ ਸਿੰਘ ਨੇ ਦੋਸ਼ ਲਾਇਆ ਕਿ ਤਿੰਨ ਸਾਲ ਸਾਂਝੇ ਤੌਰ ’ਤੇ ਕਾਰੋਬਾਰ ਚਲਾਉਣ ਤੋਂ ਬਾਅਦ ਹਰਦੀਪ ਕੁਮਾਰ ਨੇ 40 ਲੱਖ ਰੁਪਏ ਦਾ ਸਾਰਾ ਸਟਾਕ ਵੇਚ ਦਿੱਤਾ ਅਤੇ ਕੈਨੇਡਾ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਮਗਰੋਂ ਹਰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਰਦੀਪ ਕੁਮਾਰ ਵਿਦੇਸ਼ ਗਿਆ ਹੋਣ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ।