ਸਾਬਕਾ ਵਿਧਾਇਕ ਵੱਲੋਂ ਪੁਲੀਸ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼
ਹਰਜੀਤ ਸਿੰਘ
ਜ਼ੀਰਕਪੁਰ, 9 ਜੂਨ
ਸਾਬਕਾ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਪਿੰਡ ਗਾਜ਼ੀਪੁਰ ਦੇ ਕਿਸਾਨਾਂ ਨਾਲ ਪੁਲੀਸ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਗਾਜ਼ੀਪੁਰ ਦੇ ਕਿਸਾਨਾਂ ਵੱਲੋਂ ਆਪਣੇ ਹੀ ਪਿੰਡ ਦੀ ਜ਼ਮੀਨ ਵਿੱਚੋਂ ਮਿੱਟੀ ਚੁੱਕ ਕੇ ਖੇਤਾਂ ਨੂੰ ਜਾਂਦੀ ਕੱਚੀ ਸੜਕ ‘ਤੇ ਪਾਉਣ ਦੇ ਮਾਮਲੇ ਨੂੰ ਜਾਣਬੁੱਝ ਕੇ ਨਾਜਾਇਜ਼ ਮਾਈਨਿੰਗ ਦਾ ਨਾਂ ਦੇ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਪੁਲੀਸ ਵੱਲੋਂ ਪਿੰਡ ਦੇ ਇਕ ਕਿਸਾਨ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ। ਅਕਾਲੀ ਦਲ ਇਸ ਦਾ ਵਿਰੋਧ ਕਰੇਗਾ ਅਤੇ ਲੋੜ ਪਈ ਤਾਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾਏਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਪਿੰਡ ਦੇ ਲੋਕ ਸੁਖਨਾ ਨਦੀ ਦੇ ਗੰਦੇ ਪਾਣੀ ਵਿੱਚੋਂ ਲੰਘ ਕੇ ਆਪਣੇ ਖੇਤਾਂ ਵਿੱਚ ਪਹੁੰਚਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲੱਖਾਂ ਲਿਟਰ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਜਿੱਥੇ ਨਦੀ ਨੂੰ ਦੂਸ਼ਿਤ ਕਰ ਰਿਹਾ ਹੈ ਉੱਥੇ ਹੀ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੀ 24 ਫੁੱਟੀ ਸੜਕ ਕੱਚੀ ਹੈ। ਇਸ ਵਿੱਚ ਮੀਂਹ ਕਾਰਨ ਟੋਏ ਪੈ ਗਏ ਹਨ। ਇਸ ਸਮੱਸਿਆ ਦਾ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਾ ਕੱਢਣ ‘ਤੇ ਕਿਸਾਨ ਆਪਣੇ ਪੱਧਰ ‘ਤੇ ਪਿੰਡ ਦੀ ਜ਼ਮੀਨ ਵਿੱਚੋਂ ਮਿੱਟੀ ਚੁੱਕ ਕੇ ਰਸਤੇ ਵਿੱਚ ਪਾ ਰਹੇ ਹਨ, ਤਾਂ ਜੋ ਆਉਣ ਵਾਲੇ ਮੀਂਹ ਦੇ ਮੌਸਮ ਦੌਰਾਨ ਖੇਤਾਂ ਵਿੱਚ ਪਹੁੰਚਣ ‘ਚ ਕੋਈ ਦਿੱਕਤ ਪੇਸ਼ ਨਾ ਆਵੇ। ਕਿਸਾਨਾਂ ਦੀ ਮੰਗ ‘ਤੇ ਉਨ੍ਹਾਂ ਵੱਲੋਂ ਆਪਣੀ ਕੰਪਨੀ ਦੇ ਦੋ ਟਰੈਕਟਰ ਅਤੇ ਟਰਾਲੀ ਵੀ ਸਹਿਯੋਗ ਲਈ ਕਿਸਾਨਾਂ ਨੂੰ ਦਿੱਤੇ ਗਏ ਹਨ। ਹੁਣ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਨਾਜਾਇਜ਼ ਮਾਈਨਿੰਗ ਦਾ ਮਾਮਲਾ ਬਣਾ ਕੇ ਕਿਸਾਨਾਂ ਨੂੰ ਡਰਾ ਧਮਕਾ ਰਹੇ ਹਨ ਜਦਕਿ ਲੋਕਾਂ ਵੱਲੋਂ ਆਪਣੇ ਪਿੰਡ ਦੀ ਮਿੱਟੀ ਚੁੱਕ ਕੇ ਸਰਕਾਰੀ ਸੜਕ ‘ਤੇ ਪਾਉਣਾ ਕੋਈ ਅਪਰਾਧ ਨਹੀਂ ਹੈ।
ਇਸ ਮੌਕੇ ਪਿੰਡ ਗਾਜ਼ੀਪੁਰ ਦੇ ਕਿਸਾਨ ਰਣਜੀਤ ਸਿੰਘ, ਮਨਜੀਤ ਸਿੰਘ, ਕੰਮਲਜੀਤ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਧਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਤੇ ਹਰਭਜਨ ਸਿੰਘ ਆਦਿ ਵੀ ਹਾਜ਼ਰ ਸਨ। ਉੱਧਰ, ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਕੇਸ ਮਾਈਨਿੰਗ ਵਿਭਾਗ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਕਿਸਾਨ ਨਾਲ ਨਾਜਾਇਜ਼ ਨਹੀਂ ਕੀਤੀ ਜਾਏਗੀ।
ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਭਗਵਾਸੀ ਦਾ ਸਰਪੰਚ ਮੁਅੱਤਲ
ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਭਗਵਾਸੀ ਦੇ ਸਰਪੰਚ ਨੂੰ ਪਿੰਡ ਦੀ ਸ਼ਾਮਲਾਤ ਜ਼ਮੀਨ ਵਿੱਚੋਂ ਬਿਨਾਂ ਕਿਸੇ ਪ੍ਰਵਾਨਗੀ ਤੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਵਿਜੈ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਨੇ ਪਿੰਡ ਭਗਵਾਸੀ ਦੇ ਸਰਪੰਚ ਖ਼ਿਲਾਫ਼ ਸ਼ਿਕਾਇਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਮੁਹਾਲੀ ਨੂੰ ਦਿੱਤੀ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਗ੍ਰਾਮ ਪੰਚਾਇਤ ਭਗਵਾਸੀ ਦੀ ਸ਼ਾਮਲਾਤ ਜ਼ਮੀਨ ਖਸਰਾ ਨੰ: 750/49 ਵਿੱਚੋਂ ਨਾਜਾਇਜ਼ ਤੌਰ ‘ਤੇ ਮਾਈਨਿੰਗ ਕੀਤੀ ਗਈ ਪਰ ਸਰਪੰਚ ਵੱਲੋਂ ਇਸ ਨੂੰ ਵਿਭਾਗ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਇੱਥੋਂ ਤੱਕ ਕਿ ਸਰਪੰਚ ਵੱਲੋਂ ਪਿੰਡ ਦੀ ਸ਼ਾਮਲਾਤ ਜ਼ਮੀਨ ਵਿੱਚੋਂ ਮਿੱਟੀ ਪੁੱਟ ਕੇ ਰਸਤਿਆਂ ਵਿੱਚ ਪਾਈ ਗਈ ਸੀ ਅਤੇ ਮਿੱਟੀ ਪੁੱਟਣ ਸਬੰਧੀ ਸਮੱਰਥ ਅਥਾਰਿਟੀ ਦੀ ਕੋਈ ਪ੍ਰਵਾਨਗੀ ਨਹੀਂ ਲਈ ਗਈ। ਇਸ ਤੋਂ ਬਾਅਦ ਸਰਪੰਚ ਸ਼ਿਵ ਕੁਮਾਰ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ। ਪੰਚਾਇਤ ਵਿਭਾਗ ਵੱਲੋਂ ਸ਼ਿਵ ਕੁਮਾਰ ਨੂੰ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਨੋਟਿਸ ਜਾਰੀ ਕਰ ਕੇ 15 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਲਈ ਲਿਖਿਆ ਗਿਆ ਸੀ ਪਰ ਸਰਪੰਚ ਵੱਲੋਂ ਆਪਣਾ ਲਿਖਤੀ ਸਪੱਸ਼ਟੀਕਰਨ ਇਸ ਦਫਤਰ ਨੂੰ ਨਹੀਂ ਭੇਜਿਆ ਗਿਆ। ਸਰਪੰਚ ਵੱਲੋਂ ਉਸ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਸ਼ਿਕਾਇਤ ਦਾਖਲ ਦਫ਼ਤਰ ਕਰਨ ਦੀ ਬੇਨਤੀ ਕੀਤੀ ਗਈ ਸੀ।