ਰਿਜ਼ਰਵੇਸ਼ਨ ਦੇ ਬਾਵਜੂਦ ਰੇਲ ਗੱਡੀ ਵਿੱਚੋਂ ਧੱਕਾ ਦੇਣ ਦਾ ਦੋਸ਼
ਪੱਤਰ ਪ੍ਰੇਰਕ
ਜਲੰਧਰ, 24 ਅਗਸਤ
ਪਟਨਾ ਦੀ ਰਹਿਣ ਵਾਲੀ ਇੱਕ ਔਰਤ ਵੱਲੋਂ ਟੀਟੀਈ ਖ਼ਿਲਾਫ਼ ਕੁੱਟਮਾਰ ਦੀ ਐੱਫਆਈਆਰ ਦਰਜ ਕਰਵਾਈ ਗਈ ਹੈ। ਉਕਤ ਜ਼ੀਰੋ ਐੱਫਆਈਆਰ ਪਟਨਾ ਜੀਆਰਪੀ ਵੱਲੋਂ ਦਰਜ ਕਰਵਾਈ ਗਈ ਸੀ, ਜਿਸ ਨੂੰ ਹੁਣ ਜਲੰਧਰ ਜੀਆਰਪੀ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਕੁੱਟਮਾਰ ਦੇ ਦੋਸ਼ਾਂ ਦੇ ਆਧਾਰ ’ਤੇ ਟੀਟੀਈ ਮੁਕੇਸ਼ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਟੀਟੀਈ ਮੁਕੇਸ਼ ਨੂੰ ਥਾਣਾ ਜੀਆਰਪੀ ਜਲੰਧਰ ਵੱਲੋਂ ਆਪਣਾ ਪੱਖ ਪੇਸ਼ ਕਰਨ ਲਈ ਸੱਦਿਆ ਗਿਆ ਹੈ।
ਪਟਨਾ, ਜਕਨਪੁਰ ਦੇ ਦੇਵੀ ਸਥਾਨ ਪੁਰੰਦਰਪੁਰ ਦੀ ਰਹਿਣ ਵਾਲੀ ਲਤਾ ਦੇਵੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਸ ਸਾਲ 2 ਜੂਨ ਨੂੰ ਉਹ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਸਾਈਡ ਆਈ ਹੋਈ ਸੀ। ਉਹ ਅੰਮ੍ਰਿਤਸਰ ਤੋਂ ਚੱਲ ਰਹੀ ਟਰੇਨ ਨੰਬਰ 13006 ਵਿੱਚ ਪਟਨਾ ਸਥਿਤ ਆਪਣੇ ਘਰ ਪਰਤ ਰਹੀ ਸੀ। ਉਸ ਕੋਲ ਸਲੀਪਰ ਕਲਾਸ ਦੀ ਰਾਖਵੀਂ ਟਿਕਟ ਸੀ ਅਤੇ ਉਸ ਦੇ ਪਤੀ ਰਿੰਕੂ ਕੋਲ ਜਨਰਲ ਟਿਕਟ ਸੀ। ਜਦੋਂ ਮਹਿਲਾ ਨੇ ਟੀਟੀਈ ਮੁਕੇਸ਼ ਨੂੰ ਟਿਕਟ ’ਤੇ ਜੁਰਮਾਨਾ ਵਸੂਲਣ ਲਈ ਕਿਹਾ ਤਾਂ ਉੁਸ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਧੱਕਾ-ਮੁੱਕੀ ਕੀਤੀ ਗਈ। ਇਸ ਤੋਂ ਬਾਅਦ ਟੀਟੀਈ ਵੱਲੋਂ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਪਰਿਵਾਰ ਨੂੰ ਜਲੰਧਰ ਰੇਲਵੇ ਸਟੇਸ਼ਨ ’ਤੇ ਉਤਾਰ ਦਿੱਤਾ ਗਿਆ। ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਸਰਕਾਰੀ ਦਸਤਾਵੇਜ਼ਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਬਾਅਦ ਪੀੜਤਾ ਕਿਸੇ ਤਰ੍ਹਾਂ ਜਲੰਧਰ ਤੋਂ ਪਟਨਾ ਪਹੁੰਚੀ ਤਾਂ ਉੱਥੇ ਉਸ ਦੇ ਪਤੀ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪਟਨਾ ਜੀਆਰਪੀ ਪੁਲੀਸ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਉਨ੍ਹਾਂ ਨੇ ਜ਼ੀਰੋ ਐੱਫ.ਆਈ. ਆਰ. ਇਸ ਦੇ ਨਾਲ ਹੀ ਜੀਆਰਪੀ ਥਾਣੇ ਦੇ ਐੱਸਐੱਚਓ ਪਲਵਿੰਦਰ ਸਿੰਘ ਭਿੰਡਰ ਨੇ ਐੱਫਆਈਆਰ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਤੋਂ ਸਬੂਤ ਮੰਗੇ ਗਏ ਹਨ ਤਾਂ ਜੋ ਕਾਰਵਾਈ ਕੀਤੀ ਜਾ ਸਕੇ।