ਪੁਲੀਸ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ
ਮੁਹਾਲੀ 15 ਜੂਨ
ਮੁਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਨੇੜੇ ਲਖਨੌਰ ਟੀ ਪੁਆਇੰਟ ’ਤੇ ਰਾਤ ਕਰੀਬ 9 ਵਜੇ ਮੁਕਾਬਲੇ ਦੌਰਾਨ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸੰਦੀਪ ਕੁਮਾਰ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੂਚਨਾ ਮਿਲਦਿਆਂ ਹੀ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਅਤੇ ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਸੰਦੀਪ ਕੁਮਾਰ ਅਤੇ ਹੋਰਨਾਂ ਖ਼ਿਲਾਫ਼ ਕਤਲ ਸਬੰਧੀ ਵਿੱਚ ਐਫਆਈਆਰ ਪੀਐੱਸ ਫੇਜ਼-1 ਵਿੱਚ ਦਰਜ ਕੀਤੀ ਗਈ ਸੀ। ਐੱਸਪੀ (ਡੀ) ਅਤੇ ਐੱਸਪੀ ਆਪਰੇਸ਼ਨ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਇਸ ਮਾਮਲੇ ਵਿੱਚ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਮੁਲਜ਼ਮ ਸੰਦੀਪ ਕੁਮਾਰ ਨੂੰ ਲਖਨੌਰ ਟੀ ਪੁਆਇੰਟ ਨੇੜੇ ਡੀਸੀ ਦਫ਼ਤਰ ਰੋਕਿਆ ਪਰ ਮੁਲਜ਼ਮ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੌਰਾਨ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ ਜਿਸ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਮੌਕੇ ਤੋਂ ਇੱਕ .32 ਬੋਰ ਪਿਸਤੌਲ ਬਰਾਮਦ ਹੋਇਆ ਹੈ ਅਤੇ ਮੁਲਜ਼ਮ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੁਹਾਲੀ ਭੇਜ ਦਿੱਤਾ ਗਿਆ ਹੈ।
ਮੁਲਜ਼ਮ ਸੰਦੀਪ ਕੁਮਾਰ ਵਿਰੁੱਧ ਸੋਹਾਣਾ ਥਾਣੇ ਵਿੱਚ 109/132/221 ਬੀਐੱਨਐੱਸ ਅਤੇ 25 ਆਰਮਜ਼ ਐਕਟ ਤਹਿਤ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਕੇਸ ਦਰਜ ਹਨ।